ਰਾਏਕੋਟ ‘ਚ ਘਰੇਲੂ ਝਗੜੇ ਕਾਰਨ ਦੋਸਤਾਂ ਨੇ ਦੋਸਤ ਦਾ ਕੀਤਾ ਕਤਲ, ਪੁਲਿਸ ਵੱਲੋਂ ਮਾਮਲਾ ਦਰਜ

ਰਾਏਕੋਟ, 02 ਨਵੰਬਰ (ਰਘਵੀਰ ਸਿੰਘ ਜੱਗਾ) : ਸਥਾਨਕ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਨਜ਼ਦੀਕ ਘਰੇਲੂ ਮਸਲੇ ਦੇ ਚੱਲਦਿਆਂ ਕੁੱਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਅਮਨਾ ਵਜੋਂ ਹੋਈ ਹੈ, ਜੋ ਜਿਲ੍ਹਾ ਬਰਨਾਲਾ ਦੀ ਤਹਿਸੀਲ ਮਹਿਲਕਲਾਂ ਦੇ ਪਿੰਡ ਪੰਡੋਰੀ ਦਾ ਵਸਨੀਕ ਸੀ। ਇਸ ਮਾਮਲੇ ਸਬੰਧੀ ਮ੍ਰਿਤਕ ਅਮਨਦੀਪ ਸਿੰਘ ਅਮਨਾ ਦੇ ਦੋਸਤ ਹਰਦੀਪ ਸਿੰਘ ਵਾਸੀ ਪਿੰਡ ਪੰਡੋਰੀ ਵੱਲੋਂ ਥਾਣਾ ਸਿਟੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਅਮਨਾ ਪੰਡੋਰੀ ਦਾ ਆਪਣੇ ਦੋਸਤਾਂ ਨਾਲ ਕਿਸੇ ਘਰੇਲੂ ਗੱਲਬਾਤ ਕਾਰਨ ਝਗੜਾ ਸੀ, ਬੀਤੀ ਰਾਤ ਉਹ ਅਮਨਦੀਪ ਸਿੰਘ ਅਮਨਾ ਤੇ ਕੁੱਝ ਦੋਸਤਾਂ ਨਾਲ ਤਕਰੀਬਨ ਰਾਤ 9-00 ਵਜੇ ਆਪਣੇ ਦੋਸਤ ਬਲਜੀਤ ਸਿੰਘ ਵੱਲੋਂ ਮਹਿਲ ਕਲਾਂ ਵਿੱਚ ਲਏ ਪਲਾਟ ਵਿੱਚ ਮੋਮਬੱਤੀਆਂ ਲਗਾ ਕੇ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਉਸਦੇ ਫੋਨ ਤੇ ਦਾਨਵੀਰ ਸਿੰਘ ਚੀਨਾ ਉਰਫ ਡੀਸੀ ਨੂਰਪੁਰਾ ਦਾ ਫੋਨ ਆ ਗਿਆ, ਜਿਸ ਤੋਂ ਬਾਅਦ ਉਸ ਤੋਂ ਫੋਨ ਫੜ੍ਹ ਕੇ ਅਮਨਾ ਪੰਡੋਰੀ ਗੱਲ ਕਰਨ ਲੱਗਾ ਅਤੇ ਦੋਵਾਂ ਵਿੱਚ ਬਹਿਸ਼ਬਾਜੀ ਹੋ ਗਈ, ਜਿਸ ਕਾਰਨ ਉਹ ਘਰ ਜਾਣ ਦੀ ਬਜਾਏ ਉਹ ਰਾਏਕੋਟ ਨੂੰ ਉਸਦੀ ਦੱਸੀ ਜਗ੍ਹਾ ਉੱਪਰ ਆ ਗਏ, ਪਰ ਉਹ ਉੱਥੇ ਨਾ ਮਿਲਣ ਕਾਰਨ ਉਹ ਤਾਜਪੁਰ ਸਾਇਡ ਨੂੰ ਚਲੇ ਗਏ। ਜਿਸ ਤੋਂ ਬਾਅਦ ਫਿਰ ਡੀਸੀ ਨੂਰਪੁਰਾ ਦਾ ਫੋਨ ਆਇਆ ਅਤੇ ਉਹਨਾਂ ਨੂੰ ਆਪਣੇ ਦਫਤਰ ਬੁਲਾ ਲਿਆ। ਜਦੋਂ ਉਹ ਉੱਥੇ ਪਹੁੰਚੇ ਤਾਂ ਤਕਰੀਬਨ ਪਹਿਲਾਂ ਹੀ 8-10 ਵਿਅਕਤੀ ਮੌਜ਼ੂਦ ਸਨ, ਜਿੰਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਨ੍ਹਾਂ ਦੇਖਦਿਆਂ ਹੀ ਲਲਕਾਰਾ ਮਾਰਿਆ ਅਤੇ ਜਿਸ ਤੋਂ ਬਾਅਦ ਦਾਨਵੀਰ ਸਿੰਘ ਚੀਨਾ ਉਰਫ ਡੀਸੀ ਨੂਰਪੁਰਾ ਨੇ ਅਮਨਦੀਪ ਸਿੰਘ ਅਮਨਾ ਵੱਲ ਨੂੰ ਸਿੱਧਾ ਫਾਇਰ ਕਰ ਦਿੱਤਾ ਅਤੇ ਗੋਲੀ ਅਮਨਾ ਪੰਡੋਰੀ ਦੇ ਪੁੜਪੜੀ ਵਿੱਚ ਲੱਗੀ, ਜਿਸ ਤੋਂ ਬਾਅਦ ਉਹ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਅਸੀਂ ਅਮਨਦੀਪ ਸਿੰਘ ਅਮਨਾ ਨੂੰ ਚੁੱਕ ਕੇ ਸਿਵਲ ਹਸਪਤਾਲ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਦਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਪੰਡੋਰੀ ਦੇ ਬਿਆਨਾਂ ਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਤੇ ਦਾਨਵੀਰ ਸਿੰਘ ਚੀਨਾ ਉਰਫ ਡੀਸੀ ਨੂਰਪੁਰਾ ਸਮੇਤ 8-10 ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਢੱਟ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦਾ ਜਿਲ੍ਹਾ ਪ੍ਰਧਾਨ ਹੈ ਅਤੇ ਡੀਸੀ ਨੂਰਪੁਰਾ ਤੇ ਅਮਨਦੀਪ ਸਿੰਘ ਅਮਨਾ ਆਪਸ ਵਿੱਚ ਦੋਸਤ ਸਨ ਅਤੇ ਉਹ ਕਿਸਾਨ ਯੂਨੀਅਨ ਵਿੱਚ ਕੰਮ ਕਰਦੇ ਸਨ। ਦੋਵਾਂ ਦਾ ਆਪਸੀ ਘਰੇਲੂ ਝਗੜੇ ਕਾਰਨ ਇਹ ਤਕਰਾਰ ਹੋ ਗਈ ਅਤੇ ਲੜ੍ਹਾਈ ਐਨੀ ਵਧ ਗਈ ਕਿ ਅਮਨਦੀਪ ਸਿੰਘ ਅਮਨਾ ਨੂੰ ਆਪਣੀ ਜਾਨ ਗੁਆਣੀ ਪਈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਲਗਾਇਆ ਧਰਨਾ 
ਇਸ ਸਬੰਧੀ ਪਰਿਵਾਰਿਕ ਮੈਂਬਰਾਂ ਵੱਲੋਂ ਸ਼ਹਿਰ ਦੇ ਬਰਨਾਲਾ ਚੌਂਕ 'ਚ ਧਰਨਾ ਲਗਾਇਆ ਗਿਆ ਤੇ ਪੁਲਸ ਵੱਲੋਂ ਜਲਦੀ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੇ ਜਾਣ ਦੇ ਦਿੱਤੇ ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕ ਲਿਆ।