- ਬਾਬਾ ਫ਼ਰੀਦ ਯੂਨੀਵਰਸਿਟੀ ਵਿਖੇ ਕਿੱਕ-ਸਟਾਰਟ ਅਵੈਅਰਨੈਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
- ਫੇਸਬੁੱਕ, ਐਮਾਜੌਨ ਜਿਹੀਆਂ ਕੰਪਨੀਆਂ ਦੇ ਉਦਾਹਰਣ ਦੇ ਕੇ ਬੱਚਿਆਂ ਨੂੰ ਕੀਤਾ ਉਤਸ਼ਾਹਿਤ
ਫ਼ਰੀਦਕੋਟ 10 ਜਨਵਰੀ : ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਜਿਨ੍ਹਾਂ ਦੀ ਟਰਨ ਓਵਰ (ਕਮਾਈ) ਅੱਜ ਕਰੋੜਾਂ ਵਿੱਚ ਹੈ ਦੀ ਸ਼ੁਰੂਆਤ ਬਹੁਤ ਹੀ ਛੋਟੇ ਪੱਧਰਾਂ ਤੇ ਬੇਸਮੈਂਟਾਂ ਜਾਂ ਕਿਰਾਏ ਦੇ ਕਮਰਿਆਂ ਵਿੱਚ ਹੋਈ ਸੀ ਜਿਸ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਵਿਚਾਰ ਅਤੇ ਦਿਨ ਰਾਤ ਕੀਤੀ ਸਖਤ ਮਿਹਨਤ ਨਾਲ ਸਾਡੀ ਅਤੇ ਸਮਾਜ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਵਿਖੇ ਕਿੱਕ ਸਟਾਰਟ ਅਵੈਅਰਨੈਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤੀ। ਉਨ੍ਹਾਂ ਬੱਚਿਆਂ ਤੇ ਨੌਜਵਾਨ ਵਰਗ ਨੂੰ ਅਜਿਹੀਆਂ ਕਈ ਉਦਾਹਰਨਾਂ ਦੇ ਕੇ ਜੀਵਨ ਵਿੱਚ ਕੁਝ ਨਵਾਂ ਅਤੇ ਨਵੇਕਲਾ ਕਰਨ ਲਈ ਪ੍ਰੇਰਿਤ ਕੀਤਾ।ਹਰਜੋਤ ਬੈਂਸ ਨੇ ਆਪਣੀ ਤਕਰੀਰ ਸਾਂਝੀ ਕਰਦਿਆਂ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਜਿਸ ਕੰਮ ਵਿੱਚ ਵੀ ਦਿਲਚਸਪੀ ਰੱਖਦੇ ਹਨ ਉਸ ਕੰਮ ਨੂੰ ਪੂਰੀ ਜੀਅ ਜਾਨ ਨਾਲ ਦਿਨ ਰਾਤ ਮਿਹਨਤ ਕਰਕੇ ਸਫਲਤਾ ਦਾ ਟੀਚਾ ਹਾਸਿਲ ਕਰ ਸਕਦੇ ਹਨ। ਯੂਨੀਵਰਸਿਟੀ ਦੇ ਨੁਮਾਇੰਦਿਆਂ ਖਾਸ ਕਰਕੇ ਡਾ. ਰਾਜੀਵ ਸੂਦ, ਵਾਇਸ-ਚਾਂਸਲਰ ਨੂੰ ਉਨ੍ਹਾਂ ਇੱਕ ਰੋਜਾ ਵਰਕਸ਼ਾਪ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਸ ਨਾਲ ਬੱਚਿਆਂ ਨੂੰ ਜ਼ਰੂਰ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਹਰਜੋਤ ਬੈਂਸ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸਜ਼ ਦੇ ਉੱਚ ਅਤੇ ਸਟ੍ਰਾਟ-ਅਪ ਸਪੋਰਟ ਸੈਲ ਅਤੇ ਤਕਨੀਕੀ ਸਿੱਖਿਆ ਮੰਤ੍ਰਾਲਿਆ ਨਾਲ ਜੁੜੇ ਹੋਏ ਸਕਿਲ ਡਵਲੈਪਮੈਂਟ ਸੈਂਟਰ ਦਾ ਈ-ਉਦਘਟਾਨ ਵੀ ਕੀਤਾ । ਇਸ ਵਰਕਸ਼ਾਪ ਦੇ ਵਿੱਚ 200 ਤੋ ਵੱਧ ਵਿਦਿਆਰਥੀਆਂ ਅਤੇ ਪ੍ਰੋਫੇਸਰਾਂ ਨੇ ਭਾਗ ਲਿਆ।ਇਹ ਵਰਕਸ਼ਾਪ ਭਾਰਤ ਅਤੇ ਪੰਜਾਬ ਸੂਬੇ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ। ਇਸ ਨਾਲ਼ ਰੁਜ਼ਗਾਰ ਵਿੱਚ ਵੀ ਵਾਧਾ ਹੋਵੇਗਾ। ਐਮ.ਐਲ.ਏ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ ਜਿਸ ਤਹਿਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਸੰਜੀਦਾ ਕਦਮ ਚੁੱਕੇ ਜਾ ਰਹੇ ਹਨ। ਪਰੰਤੂ ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਵੀ ਵਪਾਰ ਅਤੇ ਇਸ ਦੇ ਨਾਲ ਜੁੜੇ ਹੋਏ ਕਿੱਤਿਆਂ ਵਿੱਚ ਆਪਣੀ ਨਵੇਕਲੀ ਪਹਿਲ ਨਾਲ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਵੀ ਸਮੇਂ ਦੀ ਲੋੜ ਹੈ। ਉਨ੍ਹਾਂ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਸ ਇੱਕ ਰੋਜ਼ਾ ਵਰਕਸ਼ਾਪ ਨੂੰ ਨੌਜਵਾਨਾਂ ਲਈ ਰਾਹ ਦਸੇਰਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਹੋਰ ਵਰਕਸ਼ਾਪਾਂ ਆਯੋਜਿਤ ਕਰਨ ਨਾਲ ਨੌਜਵਾਨਾਂ ਨੂੰ ਲਾਭ ਹੋਣ ਦੀ ਆਸ ਹੈ। ਡਾ. ਰਾਜੀਵ ਸੂਦ, ਵਾਇਸ-ਚਾਂਸਲਰ ਨੇ ਕਿਹਾ ਕਿ ਸਟਾਰਟ-ਅਪ ਸੈੱਲ ਜਿਹੜਾ ਕਿ ਰਿਸਰਚ ਸੈਂਟਰ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ , ਪੰਜਾਬ ਵਿੱਚ ਇਸ ਦੀ ਬਹੁਤ ਲੋੜ ਸੀ। ਸਪੋਰਟ ਸੈਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਅਤੇ ਇਸ ਦੇ ਅਦਾਰੇ ਅੰਦਰ ਆਉਦੇਂ 160 ਕਾਲਜਾਂ ਵਿੱਚ ਤਕਨੀਕੀ ਉੱਦਮ ਦੀ ਮਾਨਸਿਕਤਾ ਨੂੰ ਜਾਗਰੂਕ ਕਰੇਗਾ ਅਤੇ ਇਸ ਦੇ ਪੋਲੀਸੀ ਦਸਤਾਵੇਜ ਦੇ ਅਨੁਸਾਰ ਸਟ੍ਰਾਟ-ਅਪ ਵਿਚਾਰਾਂ ਨੂੰ ਸਟਾਰਟ-ਅੱਪ ਪੰਜਾਬ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਕੋਲ ਵਿੱਤੀ ਸਹਾਇਤਾ ਲਈ ਅੱਗੇ ਭੇਜੇਗਾ । ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਸ੍ਰੀ ਵਰੁਣ ਕੁਮਾਰ,ਦੀਪਇੰਦਰ ਸਿੰਘ ਢਿੱਲੋਂ (ਜੁਆਂਇਟ ਡਾਇਰੈਕਟਰ, ਡੂ-ਇਟ ਸਟਾਰਟ-ਅਪ ਸੈੱਲ), ਨੀਲ ਗਰਗ, ਚੇਅਰਮੈਨ, ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ, ਸ. ਦਲਵੀਰ ਸਿੰਘ ਢਿਲੋਂ, ਚੇਅਰਮੈਂਨ, ਪੰਜਾਬ ਸਮਾਲ ਇੰਡਸਟਰੀ ਐਡ ਐਕਸਪ੍ਰਟ ਕੋਰਪੋਰੇਸ਼ਨ, ਸ਼੍ਰੀਮਤੀ ਰੀਵਾ ਸੂਦ, ਡਾਇਰੈਕਟਰ, ਆਈ.ਐਨ.ਡੀ.ਸੀ.ਏ.ਆਰ.ਈ ਟ੍ਰਸਟ, ਸ੍ਰੀ ਸੋਮਵੀਰ ਅਨੰਦ, (ਸੀ.ਈ.ਓ, ਇਨੋਵੇਸ਼ਨ ਮਿਸ਼ਨ ਪੰਜਾਬ), ਡਾ.ਪਰਵੀਨ ਬਾਂਸਲ, ਸ੍ਰੀ ਸਮੀਰ ਅਹੂਜਾ, ਚੇਅਰਮੈਨ ਨਗਰ ਸੁਧਾਰ ਟਰੱਸਟ ਸ.ਗੁਰਤੇਜ ਸਿੰਘ ਖੋਸਾ ਅਤੇ ਹੋਰ ਹਾਜ਼ਰ ਸਨ।