ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਅੰਦਰ ਲਾਊਡ ਸਪੀਕਰ/ਮੈਗਾ ਫੋਨ ਵਜਾਉਣ ‘ਤੇ ਮਨਾਹੀ

  • ਜ਼ਿਲ੍ਹਾ ਮੈਜਿਸਟਰੇਟ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀਆਂ ਸੀਮਾਵਾਂ ਅੰਦਰ 18 ਨਵੰਬਰ 2024 ਦੀ ਸ਼ਾਮ 6.00 ਵਜੇ ਤੋਂ 20 ਨਵੰਬਰ 2024 ਤੱਕ ਅਤੇ 23 ਨਵੰਬਰ ਨੂੰ ਗਿਣਤੀ ਪ੍ਰਕਿਰਿਆ ਖਤਮ ਹੋਣ ਤੱਕ ਡਰਾਈ ਡੇ ਕੀਤਾ ਘੋਸ਼ਿਤ

ਸ੍ਰੀ ਮੁਕਤਸਰ ਸਾਹਿਬ, 14 ਨਵੰਬਰ 2024 : ਸ੍ਰੀ ਰਾਜੇਸ਼ ਤ੍ਰਿਪਾਠੀ, ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਭਾਰਤੀਯ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ-84 ਗਿੱਦੜਬਾਹਾ ਦੀਆਂ ਸੀਮਾਵਾਂ ਅੰਦਰ 18 ਨਵੰਬਰ 2024 ਨੂੰ ਸ਼ਾਮ 06:00 ਵਜੇ ਤੋਂ 20 ਨਵੰਬਰ 2024 ਨੂੰ ਵੋਟਿੰਗ ਪ੍ਰਕਿਰਿਆ ਖਤਮ ਹੋਣ ਤੱਕ ਅਤੇ 23 ਨਵੰਬਰ 2024 ਨੂੰ ਗਿਣਤੀ ਪ੍ਰਕਿਰਿਆ ਖਤਮ ਹੋਣ ਤੱਕ “ਡਰਾਈ ਡੇ” ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਇਹਨਾਂ ਦਿਨਾਂ ਦੌਰਾਨ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਤੌਰ ‘ਤੇ ਰੋਕ ਹੋਵੇਗੀ। ਇਹ ਹੁਕਮ ਹੋਟਲਾਂ ਅਤੇ ਰੈਸਟੋਰੈਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ‘ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ‘ਤੇ ਵੀ ਪੂਰਨ ਤੌਰ ‘ਤੇ ਲਾਗੂ ਹੋਣਗੇ। ਜ਼ਿਲ੍ਹਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਵਿਧਾਨ ਸਭਾ ਹਲਕਾ-84 ਗਿੱਦੜਬਾਹਾ ਦੇ ਅੰਦਰ ਲਾਊਡ ਸਪੀਕਰ ਅਤੇ ਮੈਗਾ ਫੋਨ ਵਜਾਉਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਚੋਣ ਡਿਊਟੀ ‘ਤੇ ਤਾਇਨਾਤ ਅਬਜ਼ਰਵਰ, ਪ੍ਰਸਾਸ਼ਨਿਕ ਅਧਿਕਾਰੀ, ਪੁਲਿਸ ਦੇ ਅਧਿਕਾਰੀ/ਕਰਮਚਾਰੀ, ਡਿਊਟੀ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ ਸਟਾਫ, ਬੀ.ਐਲ.ਓ., ਸੈਕਟਰ ਅਫਸਰ, ਚੋਣਾਂ ਨਾਲ ਸਬੰਧਿਤ ਸਰਕਾਰੀ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।