- 16% ਨਾਲ ਬੀਜੀ ਕਣਕ ਦਾ ਤਜ਼ਰਬਾ ਕੀਤਾ ਸਾਂਝਾ
- ਕਿਸਾਨ ਕਣਕ ਦੀ ਬਿਜਾਈ ਵਿੱਚ ਬੇਲੋੜੀ ਦੇਰੀ ਨਾ ਕਰਨ-ਮੁੱਖ ਖੇਤੀਬਾੜੀ ਅਫਸਰ
ਫ਼ਤਹਿਗੜ੍ਹ ਸਾਹਿਬ, 14 ਨਵੰਬਰ 2024 : ਮਾਰਕੀਟ ਵਿੱਚ ਡੀ.ਏ.ਪੀ. ਸਬੰਧੀ ਕਿਸਾਨਾਂ ਨੂੰ ਪੇਸ਼ ਆ ਰਹੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਦੇ ਕਈ ਸਫਲ ਕਿਸਾਨਾਂ ਵੱਲੋਂ ਕਣਕ ਦੀ ਸਮੇਂ ਸਿਰ ਬਿਜਾਈ ਕਰਨ ਲਈ ਡੀ.ਏ.ਪੀ. ਦੇ ਬਦਲ ਵਜੋਂ ਮਾਰਕੀਟ ਵਿੱਚ ਉਪਲਬਧ ਖਾਦਾਂ ਦੀ ਵਰਤੋਂ ਨਾਲ ਕਰਨ ਦੀ ਅਪੀਲ ਕੀਤੀ ਹੈ। ਇਹ ਅਗਾਂਹਵਧੂ ਕਿਸਾਨ ਆਪਣੇ ਖੇਤਾਂ ਵਿੱਚ ਵੀ ਬਦਲਵੀਆਂ ਖਾਦਾਂ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ। ਪਿੰਡ ਨਰਾਇਣਗੜ੍ਹ ਦੇ ਸਫਲ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਡੀ.ਏ.ਪੀ. ਦੀ ਘਾਟ ਦੇ ਚੱਲਦਿਆਂ ਉਹ ਸਿੰਗਲ ਸੁਪਰ ਫਾਸਫੇਟ 16 ਫੀਸਦੀ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਸਫਲ ਕਿਸਾਨ ਨੇ ਦੱਸਿਆ ਕਿ ਉਸ ਨੇ ਕਣਕ ਦੀ ਬਿਜਾਈ ਲਈ ਢੁਕਵੇਂ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਿਕ ਮਾਰਕੀਟ ਵਿੱਚੋਂ ਆਪਣੀ ਲੋੜ ਅਨੁਸਾਰ ਇਸ ਦਾ ਪ੍ਰਬੰਧ ਕਰ ਲਿਆ ਹੈ। ਉਨ੍ਹਾਂ ਬਾਕੀ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਡੀ.ਏ.ਪੀ. ਨਹੀਂ ਮਿਲ ਰਿਹਾ ਤਾਂ ਹੋਰ ਖਾਦਾਂ ਜਿਵੇਂ ਕਿ ਐਨ.ਪੀ ਕੇ. 12:32:16 ਅਤੇ ਟ੍ਰਿਪਲ ਸੁਪਰ ਫਾਸਫੇਟ 46 ਫੀਸਦੀ ਦੀ ਵਰਤੋਂ ਕਰ ਸਕਦੇ ਹਨ। ਸਫਲ ਕਿਸਾਨ ਨੇ ਕਿਹਾ ਕਿ ਉਹ ਖੁਦ ਡੀ ਏ ਪੀ ਦੀ ਥਾਂ ਸਿੰਗਲ ਸੁਪਰ ਫਾਸਫੇਟ 16% ਦੀ ਵਰਤੋਂ ਕਰੇਗਾ। ਉਸ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਸਿੰਗਲ ਸੁਪਰ ਫਾਸਫੇਟ 16 ਫੀਸਦੀ ਦੇ ਤਿੰਨ ਬੈਗ ਅਤੇ 20 ਕਿੱਲੋ ਯੂਰੀਆ ਖਾਦ ਪ੍ਰਤੀ ਏਕੜ ਦੀ ਵਰਤੋਂ ਕਰ ਕੇ ਬਿਜਾਈ ਕਰੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਬਿਜਾਈ ਵਿੱਚ ਬੇਲੋੜੀ ਦੇਰੀ ਨ ਕੀਤੀ ਜਾਵੇ ਅਤੇ ਮਾਰਕੀਟ ਵਿੱਚ ਡੀ.ਏ.ਪੀ. ਦੇ ਬਦਲ ਵਜੋਂ ਉਪਲਬਧ ਹੋਰ ਖਾਦਾਂ ਦੀ ਵਰਤੋਂ ਕਰਕੇ ਸਹੀ ਸਮੇਂ ਕਣਕ ਦੀ ਬਿਜਾਈ ਕਰਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਨੇ ਕਣਕ ਦੀ ਕਾਸਤ ਲਈ ਫਾਸਫੋਰਸ ਖੁਰਾਕੀ ਤੱਤ ਦੀ ਜ਼ਰੂਰਤ ਹੁੰਦੀ ਹੈ ਜਿਸ ਦੀ ਪੂਰਤੀ ਲਈ ਕਿਸਾਨਾਂ ਵੱਲੋਂ ਡੀ.ਏ.ਪੀ ਖਾਦ ਦੀ ਬਿਜਾਈ ਸਮੇਂ ਵਰਤੋਂ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਡੀ.ਏ.ਪੀ ਖਾਦ ਦੇ ਬਦਲ ਵੱਜੋਂ ਕਿਸਾਨ ਖਾਦ ਅਤੇ ਟ੍ਰਿਪਲ ਸੁਪਰ ਫਾਸਫੇਟ ਖਾਦ ,ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੈਟਿਕ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਖਾਦਾਂ ਦੀ ਬੇਲੋੜੀ ਵਰਤੋਂ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਪ੍ਰਤੀਕੂਲ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਡੀ.ਏ.ਪੀ. ਦੀ ਵਰਤੋਂ ਵੀ ਮਾਹਿਰਾਂ ਵੱਲੋਂ ਦੱਸੀ ਮਾਤਰਾ ਅਨੁਸਾਰ ਹੀ ਕਰਨ ਦੀ ਸਲਾਹ ਦਿੰਦਿਆਂ ਫਾਸਫੋਰਸ ਦੇ ਬਦਲ ਵਜੋਂ ਐੱਨ.ਪੀ.ਕੇ ਤੇ ਹੋਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।