ਲੁਧਿਆਣਾ, 24 ਮਈ : ਝੁੱਗੀ-ਝੌਂਪੜੀ ਵਾਲੇ ਖੇਤਰਾਂ ਦੇ ਗਰੀਬ ਲੋੜਵੰਦ ਬੱਚਿਆਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਦੇ ਤਹਿਤ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਦੇ ਸਹਿਯੋਗ ਨਾਲ ਅੱਜ ਜੀਤ ਫਾਊਂਡੇਸ਼ਨ, ਧਾਂਦਰਾ ਲੁਧਿਆਣਾ ਅਤੇ ਭਾਰਤ ਵਿਕਾਸ ਸ਼ਾਖਾ, ਟੈਗੋਰ ਨਗਰ ਦੇ ਵੱਖ-ਵੱਖ ਝੁੱਗੀ-ਝੌਂਪੜੀ ਵਾਲੇ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ 200 ਸਕੂਲੀ ਬੈਗ ਕਿੱਟਾਂ ਵੰਡੀਆਂ। ਸਕੂਲੀ ਬੱਚਿਆਂ ਨੂੰ ਬੈਗ ਕਿੱਟਾਂ ਸਪੁਰਦ ਕਰਨ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੰਦੀਪ ਕੁਮਾਰ ਦੇ ਨਾਲ ਅਮਿਤ ਧਵਨ, ਸੀਨੀਅਰ ਮੈਨੇਜਰ ਐਡਮਿਨ ਅਤੇ ਲੀਗਲ/ਸੀ.ਐਸ.ਆਰ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਅਵਤਾਰ ਸਿੰਘ, ਏ.ਪੀ.ਓ.(ਐਮ), ਏ.ਡੀ.ਸੀ (ਆਰ.ਡੀ.) ਦਫਤਰ, ਜੀਤ ਫਾਊਂਡੇਸ਼ਨ ਤੋਂ ਜੀ.ਪੀ. ਸਿੰਘ, ਸੁਖਵਿੰਦਰ ਕੌਰ ਅਤੇ ਐਜੂਕੇਸ਼ਨ ਟੀਮ ਦੇ ਮੈਂਬਰ ਵੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵਲੋਂ ਵਰਧਮਾਨ ਸਟੀਲ ਤੋਂ ਸਚਿਤ ਜੈਨ, ਸੌਮਿਆ ਜੈਨ, ਰੇਵਾੜੀ ਅਤੇ ਮਹਿਤਾ ਦਾ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਅਮਿਤ ਧਵਨ ਵਲੋਂ ਲੰਬੇ ਸਮੇਂ ਤੋਂ ਅਜਿਹੇ ਭਲਾਈ ਕਾਰਜਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ। ਅਮਿਤ ਧਵਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵਿਸ਼ਵਾਸ਼ ਦੁਆਇਆ ਕਿ ਉਹ ਵਾਤਾਵਰਣ ਦੀ ਬਿਹਤਰੀ ਲਈ ਲੁਧਿਆਣਾ ਵਿੱਚ ਮਿਆਵਾਕੀ ਜੰਗਲ ਦਾ ਵਿਕਾਸ ਕਰਨਗੇ।