- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਫਰੀਦਕੋਟ 05 ਜਨਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਮਾਲ ਵਿਭਾਗ ਨੇ 6 ਜਨਵਰੀ (ਸ਼ਨਿੱਚਰਵਾਰ) ਨੂੰ ਛੁੱਟੀ ਵਾਲੇ ਦਿਨ ਪੰਜਾਬ ਭਰ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੰਬਿਤ ਪਏ ਇੰਤਕਾਲ ਦਰਜ ਕਰਨ ਦੀ ਨਿਵੇਕਲੀ ਮੁਹਿੰਮ ਵਿੱਢੀ ਹੈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਲਈ ਜਿਲਾ ਫਰੀਦਕੋਟ ਦੇ ਮਾਲ ਦਫ਼ਤਰ ਦੇ ਅਧਿਕਾਰੀ ਤੇ ਮੁਲਾਜ਼ਮ 6 ਜਨਵਰੀ ਦਿਨ ਸ਼ਨੀਵਾਰ ਨੂੰ ਹਾਜ਼ਰ ਰਹਿਣਗੇ ਤੇ ਲੰਬਿਤ ਪਏ ਇੰਤਕਾਲ ਦਰਜ ਕਰਨਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ ‘ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ ‘ਤੇ ਭੇਜ ਸਕਦੇ ਹਨ।