ਕੋਟਕਪੂਰਾ, 24 ਦਸੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜਸਬੀਰ ਸਕੈਨ ਸੈਂਟਰ, ਜੈਤੋ ਰੋਡ ਕੋਟਕਪੂਰਾ ਵਿਖੇ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਖੂਨਦਾਨ ਇੱਕ ਬਹੁਤ ਹੀ ਵੱਡਾ ਦਾਨ ਹੈ, ਜਿਸ ਨਾਲ ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ ਅਤੇ ਸਾਨੂੰ ਖੂਨਦਾਨ ਕਰਨ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਹੈ ਅਤੇ ਦੁਨੀਆ ਵਿੱਚ ਅਜਿਹੀ ਸ਼ਹਾਦਤ ਦੀ ਕੋਈ ਉਦਾਹਰਣ ਨਹੀਂ ਮਿਲਦੀ। ਉਹਨਾਂ ਕਿਹਾ ਕਿ ਦਸਵੇਂ ਪਾਤਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਅੱਜ ਚੌਥੀ ਵਾਰ ਇਹ ਖੂਨ ਦਾਨ ਕੈਂਪ ਜਸਬੀਰ ਸਕੈਨ ਸੈਂਟਰ ਕੋਟਕਪੂਰਾ ਵਿਖੇ ਲਗਾਇਆ ਗਿਆ ਹੈ। ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ, ਤਰੱਕੀਆਂ ਬਖਸ਼ਣ ਅਤੇ ਆਪਣਾ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਬਣਾਈ ਰੱਖਣ ਅਤੇ ਗੁਰਬਾਣੀ ਦਾ ਪ੍ਰਕਾਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਰਹੇ। ਉਨ੍ਹਾਂ ਕਿਹਾ ਕਿ ਖੂਨ ਦੀ ਇਕ-ਇਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨ ਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਡਾ: ਜਸਬੀਰ ਸਿੰਘ, ਡਾ.ਬਲਜੀਤ ਕੌਰ,ਪੀ.ਬੀ.ਜੀ ਵੈਲਫੇਅਰ ਕਲੱਬ ਐਨ.ਜੀ.ਓ ਰਾਜੀਵ ਮਲਿਕ,ਗੌਰਵ ਗਲਹੋਤਰਾ,ਮੰਜੂ ਬਾਲਾ ਮਹਿਲਾ ਵਿੰਗ ਦੀ ਇੰਚਾਰਜ, ਡਾ.ਰਮੇਸ਼, ਸਲੋਨੀ ਮਹਿਤਾ, ਮਨਦੀਪ ਕਿੰਦਾ,ਬਲੱਡ ਬੈਂਕ ਦੀ ਟੀਮ ਹਾਜ਼ਰ ਸਨ।