- ਬਿਰਧ ਘਰ ‘ਚ ਰਹਿਣ ਲਈ ਸਮਾਜਿਕ ਸੁਰੱਖਿਆ ਦਫ਼ਤਰ, ਸਬੰਧਿਤ ਆਂਗਣਵਾੜੀ ਵਰਕਰ ਨਾਲ ਕੀਤਾ ਜਾ ਸਕਦਾ ਹੈ ਸੰਪਰਕ
- ਬਜ਼ੁਰਗਾਂ ਲਈ ਹਰ ਲੋੜੀਂਦੀ ਸਹੂਲਤ ਕਰਵਾਈ ਜਾਵੇਗੀ ਉਪਲੱਬਧ
- ਖਾਣਾ, ਰਹਿਣਾ ਅਤੇ ਮੈਡੀਕਲ ਸੁਵਿਧਾਵਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ
ਬਰਨਾਲਾ, 22 ਦਸੰਬਰ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਤਪਾ ਨੇੜੇ ਢਿੱਲਵਾਂ ਰੋਡ ’ਤੇ ਉਸਾਰੀ ਅਧੀਨ ਬਿਰਧ ਘਰ ਦੇ ਉਸਾਰੀ ਕਾਰਜ ਦਾ ਕੰਮ ਲਗਭਗ ਮੁਕੰਮਲ ਹੈ ਅਤੇ ਇੱਥੇ ਰਹਿਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕ ਬਜ਼ੁਰਗ ਘਰ ਵਿਖੇ ਰਹਿਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਦੇ ਦਫ਼ਤਰ (01679 -291100) ਜਾਂ ਫੇਰ ਆਪਣੇ ਇਲਾਕੇ ਨਾਲ ਸਬੰਧਿਤ ਆਂਗਣਵਾੜੀ ਵਰਕਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋੜਵੰਦ ਬਜ਼ੁਰਗਾਂ ਨੂੰ ਸਾਂਭਣ ਲਈ ਇਹ ਬਿਰਧ ਘਰ ਬਣਾਇਆ ਗਿਆ ਹੈ ਤਾਂ ਜੋ ਆਸ਼ਰਿਤ ਬਜ਼ੁਰਗਾਂ ਦੀ ਸਾਂਭ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਲਾਗਤ ਲੱਗਭਗ 8.21 ਕਰੋੜ ਰੁਪਏ ਹੈ । ਉਨਾਂ ਆਖਿਆ ਕਿ ਅਜੋਕੇ ਸਮਾਜਿਕ ਵਰਤਾਰੇ ਕਾਰਨ ਮਜਬੂਰੀ ਵੱਸ ਕਈ ਬਜ਼ੁਰਗਾਂ ਨੂੰ ਇਕਲਾਪਾ ਹੰਢਾਉਣਾ ਪੈਂਦਾ ਹੈ। ਅਜਿਹੇ ਬਜ਼ੁਰਗਾਂ ਵਾਸਤੇ ਬਿਰਧ ਘਰ ਵਿਚ ਢੁਕਵਾਂ ਮਾਹੌਲ ਮੁਹੱਈਆ ਕਰਾਇਆ ਜਾਵੇਗਾ ਤਾਂ ਜੋ ਉਨਾਂ ਨੂੰ ਇਕੱਲਤਾ ਦਾ ਸ਼ਿਕਾਰ ਨਾ ਹੋਣਾ ਪਵੇ ਅਤੇ ਉਨਾਂ ਦੀ ਚੰਗੀ ਸਾਂਭ ਸੰਭਾਲ ਹੋ ਸਕੇ। ਬਿਰਧ ਘਰ ਦੇ ਵਾਸੀਆਂ ਨੂੰ ਖਾਣਾ, ਮੈਡੀਕਲ ਸੁਵਿਧਾ ਅਤੇ ਹੋਰ ਸੁਵਿਧਾਵਾਂ ਮੁਫ਼ਤ ਮੁਹੱਈਆ ਕਰਵਾਈ ਜਾਣਗੀਆਂ। ਉਹਨਾਂ ਦੱਸਿਆ ਕਿ ਬਿਰਧਾਂ ਲਈ ਸਹੂਲਤਾਂ ਜਿਵੇਂ ਡੇਅ ਕੇਅਰ ਸੈਂਟਰ, ਲਾਇਬ੍ਰੇਰੀ, ਹਰਿਆਵਲ ਖੇਤਰ ਆਦਿ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ।