ਲੁਧਿਆਣਾ, 02 ਜਨਵਰੀ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵਿਚ ਪੀ ਐੱਚ ਡੀ ਦੇ ਖੋਜਾਰਥੀ ਜਸਵੀਰ ਕੌਰ ਨੂੰ ਇੰਡੀਅਨ ਕੌਂਸਲ ਆਫ ਸ਼ੋਸ਼ਲ ਸਾਇੰਸ ਰਿਸਰਚ ਦੀ ਲੰਬੀ ਮਿਆਦ ਦੀ ਡੋਕਟਰਲ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ। ਕੁਮਾਰੀ ਜਸਵੀਰ ਕੌਰ ਨੂੰ ਡਾਕਟਰਲ ਖੋਜ ਕਾਰਜ ਦੌਰਾਨ ਇਹ ਫੈਲੋਸ਼ਿਪ ਮਿਲਦੀ ਰਹੇਗੀ। ਜਸਵੀਰ ਕੌਰ ਆਪਣਾ ਪੀ ਐੱਚ ਡੀ ਖੋਜ ਕਾਰਜ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਹੋਏ ਮੈਰੀਟੋਰੀਅਸ ਵਿਦਿਆਰਥੀਆਂ ਦੀ ਕਿੱਤਾ ਚੋਣ ਦੇ ਫੈਸਲੇ ਸੰਬੰਧੀ ਆਪਣਾ ਖੋਜ ਕਾਰਜ ਕਰ ਰਹੀ ਹੈ। ਇਹ ਕਾਰਜ ਡਾ. ਸੁਖਦੀਪ ਕੌਰ ਮਾਨਸ਼ਾਹੀਆ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਪੇਂਡੂ ਪਿਛੋਕੜ ਦੇ ਵਿਦਿਆਰਥੀਆਂ ਵੱਲੋਂ ਕੈਰੀਅਰ ਦੀ ਚੋਣ ਸੰਬੰਧੀ ਲਏ ਫੈਸਲੇ ਅਤੇ ਉਹਨਾਂ ਦਾ ਪ੍ਰਦਰਸ਼ਨ ਵੀ ਵਿਸ਼ਲੇਸ਼ਣ ਦਾ ਅਧਾਰ ਬਣੇਗਾ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਵਿਦਿਆਰਥਣ ਅਤੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।