ਲੁਧਿਆਣਾ 9 ਜਨਵਰੀ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਅੱਜ 2024-25 ਲਈ ਰਾਜ ਪੱਧਰੀ ਪਸਾਰ ਅਤੇ ਸਿਖਲਾਈ ਗਤੀਵਿਧੀਆਂ ਦੀ ਵਿਉਂਤਬੰਦੀ ਲਈ ਇਕ ਵਿਸ਼ੇਸ਼ ਮੀਟਿੰਗ ਹੋਈ| ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ, ਸਕਿੱਲ ਡਿਵੈਲਪਮੈਂਟ ਸੈਂਟਰ, ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਸ਼ਾਮਿਲ ਹੋਏ| ਪ੍ਰਧਾਨਗੀ ਭਾਸ਼ਣ ਵਿਚ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਸਖਤ ਗਰਮੀ ਅਤੇ ਸਰਦੀ ਦੌਰਾਨ ਵੀ ਪਸਾਰ ਕਰਮੀਆਂ ਨੂੰ ਕਿਸਾਨਾਂ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਹਰ ਹਾਲਾਤ ਅਤੇ ਹਰ ਸਥਿਤੀ ਵਿਚ ਕਿਸਾਨਾਂ ਦੀ ਧਿਰ ਮਿਲਣ ਦਾ ਆਪਣਾ ਅਹਿਦ ਹਮੇਸ਼ਾਂ ਨਿਭਾਇਆ ਹੈ| ਚਾਹੇ ਕੋਵਿਡ ਸਮੇਂ ਦੇ ਹਾਲਾਤ ਹੋਣ ਜਾਂ ਮੌਸਮ ਦੀਆਂ ਸਥਿਤੀਆਂ ਪੀ.ਏ.ਯੂ. ਦੇ ਮਾਹਿਰਾਂ ਕਿਸਾਨਾਂ ਤੱਕ ਪਹੁੰਚ ਦੇ ਮੰਤਵ ਨਾਲ ਪਸਾਰ ਕੰਮਾ ਵਿਚ ਜੁਟੇ ਰਹਿੰਦੇ ਹਨ ਇਸੇ ਕਰਕੇ ਯੂਨੀਵਰਸਿਟੀ ਅਤੇ ਕਿਸਾਨਾਂ ਦਾ ਆਪਸ ਵਿਚ ਅਟੁੱਟ ਅਤੇ ਅਨਿੱਖੜਵਾਂ ਰਿਸ਼ਤਾ ਬਣਿਆ ਹੋਇਆ ਹੈ| ਡਾ. ਭੁੱਲਰ ਨੇ ਕਿਹਾ ਕਿ ਇਸੇ ਦੇ ਲਿਹਾਜ਼ ਨਾਲ ਸਿਖਲਾਈ ਪ੍ਰੋਗਰਾਮ ਵਿਉਂਤੇ ਜਾਂਦੇ ਹਨ ਤਾਂ ਜੋ ਕਿਸਾਨਾਂ ਨੂੰ ਖੇਤੀ ਕਿੱਤਿਆਂ ਅਤੇ ਖੇਤੀ ਉੱਦਮ ਨਾਲ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ| ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ, ਫਸਲੀ ਵਿਭਿੰਨਤਾ, ਸਹਾਇਕ ਧੰਦੇ, ਖੇਤੀ ਉੱਦਮ ਅਤੇ ਆਮਦਨ ਵਿਚ ਵਾਧਾ ਅਜਿਹੇ ਪ੍ਰਮੁੱਖ ਖੇਤਰ ਹਨ ਜਿਨ੍ਹਾਂ ਵਿਚ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ| ਇਸ ਮੌਕੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨੁਮਾਇੰਦਿਆਂ ਨੇ ਆਪਣੇ ਖਿੱਤੇ ਅਨੁਸਾਰ ਫਸਲੀ ਜਾਣਕਾਰੀ ਸਾਂਝੀ ਕੀਤੀ| ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਹਾਜ਼ਰ ਪਸਾਰ ਮਾਹਿਰਾਂ ਦਾ ਸਵਾਗਤ ਕੀਤਾ| ਡਾ. ਮਨੋਜ ਸ਼ਰਮਾ ਨੇ ਅੰਤ ਵਿਚ ਸਭ ਲਈ ਧੰਨਵਾਦ ਦੇ ਬੋਲ ਕਹੇ|