ਲੁੁਧਿਆਣਾ 1 ਜਨਵਰੀ : ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਕ ਵਿਸ਼ੇਸ਼ ਸਮਾਰੋਹ ਵਿਚ ਯੂਨੀਵਰਸਿਟੀ ਵੱਲੋਂ ਤਿਆਰ ਸਾਲ ੨੦੨੪ ਦੀ ਡਾਇਰੀ ਅਤੇ ਕੈਲੰਡਰ ਨੂੰ ਜਾਰੀ ਕੀਤਾ। ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੈਲੰਡਰ ਅਤੇ ਡਾਇਰੀ ਰਿਲੀਜ਼ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਕੈਲੰਡਰ ਜਿੱਥੇ ਆਉਣ ਵਾਲੇ ਵਰ੍ਹੇ ਦੇ ਕੰਮਕਾਜੀ ਦਿਨਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਦਾ ਸਰੋਤ ਹੈ ਉਥੇ ਖੇਤੀਬਾੜੀ ਡਾਇਰੀ ਕਿਸਾਨਾਂ ਅਤੇ ਕਿਸਾਨੀ ਸਮਾਜ ਨੂੰ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ, ਕਿਸਮਾਂ ਸੰਬੰਧੀ ਸੰਖੇਪ ਵਿਚ ਵਾਕਫੀ ਦੇਣ ਵਾਲਾ ਦਸਤਾਵੇਜ਼ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਖੇਤੀਬਾੜੀ ਡਾਇਰੀ ਅਤੇ ਕੈਲੰਡਰ ਨੂੰ ਸ਼ਿੱਦਤ ਨਾਲ ਕਰਮਚਾਰੀ ਅਤੇ ਆਮ ਲੋਕ ਉਡੀਕਦੇ ਹਨ। ਡਾ. ਗੋਸਲ ਨੇ ਦੱਸਿਆ ਕਿ ਇਸ ਵਾਰ ਪੀ.ਏ.ਯੂ. ਨੇ ਰੋਜ਼ਾਨਾ ਕੰਮਕਾਜ ਨੂੰ ਦਰਜ਼ ਕਰਨ ਲਈ ਛੋਟੀ ਜੇਬ ਡਾਇਰੀ ਵੀ ਛਪਵਾਈ ਹੈ। ਉਹਨਾਂ ਨੇ ਸਮੂਹ ਕਰਮਚਾਰੀਆਂ ਅਤੇ ਕਿਸਾਨੀ ਸਮਾਜ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆ ਆਉਂਦੇ ਵਰ੍ਹੇ ਵਿਚ ਚੰਗੇ ਫਸਲੀ ਉਤਪਾਦਨ ਦੀ ਕਾਮਨਾ ਕੀਤੀ ਅਤੇ ਕੁਦਰਤ ਦੇ ਸਹਿਯੋਗ ਦੀ ਆਸ ਪ੍ਰਗਟਾਈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਸੰਚਾਰ ਕੇਂਦਰ ਖੇਤੀਬਾੜੀ ਨਾਲ ਸੰਬੰਧਿਤ ਸੂਚਨਾ ਨੂੰ ਪ੍ਰਸਾਰਿਤ ਕਰਨ ਲਈ ਹਰ ਸੰਭਵ ਤਰੀਕਾ ਵਰਤਦਾ ਹੈ। ਉਹਨਾਂ ਕਿਹਾ ਰਵਾਇਤੀ ਪ੍ਰਕਾਸ਼ਨ ਮਾਧਿਅਮਾਂ ਦੇ ਨਾਲ-ਨਾਲ ਡਿਜ਼ੀਟਲ ਪਲੇਟਫਾਰਮ ਰਾਹੀਂ ਨਵੀਨ ਤਕਨਾਲੋਜੀ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ। ਇਸ ਤੋਂ ਇਲਾਵਾ ਸੋਵੀਨਰਾਂ ਅਤੇ ਯਾਦ ਚਿੰਨ੍ਹਾਂ ਰਾਹੀਂ ਵੀ ਯੂਨੀਵਰਸਿਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ ਲਗਾਤਾਰ ਜਾਰੀ ਰਹਿੰਦੀ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਸੰਚਾਰ ਕੇਂਦਰ ਦੇ ਉੱਦਮ ਨਾਲ ਇਹ ਡਾਇਰੀ ਅਤੇ ਕੈਲੰਡਰ ਬਹੁਤ ਵਾਜਿਬ ਸਮੇਂ ਤੇ ਪ੍ਰਕਾਸ਼ਿਤ ਹੋ ਕੇ ਲੋਕਾਂ ਦੇ ਹੱਥਾਂ ਵਿਚ ਪਹੁੰਚ ਰਹੇ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਡਾਇਰੀ ਨੂੰ ਰਿਲੀਜ਼ ਕਰਨ ਲਈ ਮਾਣਯੋਗ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਸ਼੍ਰੀ ਰਿਸ਼ੀਪਾਲ ਸਿੰਘ, ਆਈ ਏ ਐੱਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਔਲਖ, ਡੀਨ ਕਮਿਊਨਟੀ ਸਾਇੰਸ ਡਾ. ਕਿਰਨ ਬੈਂਸ, ਡੀਨ ਬੇਸਿਕ ਸਾਇੰਸਜ਼ ਡਾ. ਸ਼ੰਮੀ ਕਪੂਰ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।