- ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਕੀਤੇ ਜਾਰੀ
- ਗਰਮੀਆਂ 'ਚ ਬਿਜਲੀ ਨਾਲ ਸਬੰਧਤ ਮੁਸ਼ਕਿਲਾਂ ਦੇ ਨਿਪਟਾਰੇ ਦੀ ਹੁਣ ਤੋਂ ਹੀ ਖਿੱਚੀ ਜਾਵੇ ਤਿਆਰੀ - ਦਲਜੀਤ ਸਿੰਘ ਗਰੇਵਾਲ
- ਮੀਟਿੰਗ ਦੌਰਾਨ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ
ਲੁਧਿਆਣਾ, 16 ਫਰਵਰੀ : ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਟਿੱਬਾ ਰੋਡ ਮੁੱਖ ਦਫਤਰ ਵਿਖੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਲੋਕਾਂ ਨੂੰ ਬਿਜਲੀ ਸਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਮੌਕੇ ਤੇ ਹੱਲ ਲੱਭਣਾ ਥੋੜਾ ਮੁਸ਼ਕਿਲ ਹੁੰਦਾ ਹੈ, ਸੋ ਆਗਾਮੀ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਨੂੰ ਇਸ ਸਬੰਧੀ ਹੁਣੇ ਤੋਂ ਹੀ ਤਿਆਰੀਆਂ ਖਿੱਚਣ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਟਰਾਂਸਫਾਰਮਰ ਖਸਤਾ ਹਾਲਤ ਵਿੱਚ ਹਨ, ਉਹਨਾਂ ਦੀ ਰਿਪੇਅਰ ਜਾਂ ਉਹਨਾਂ ਨੂੰ ਹੁਣੇ ਹੀ ਬਦਲ ਦਿੱਤਾ ਜਾਵੇ. ਇਸ ਤੋਂ ਇਲਾਵਾ ਬਿਜਲੀ ਦੀ ਕੋਈ ਤਾਰਾਂ ਬਦਲੀ ਕਰਨੀਆਂ ਹਨ ਜਾਂ ਹੋਰ ਕੋਈ ਵੀ ਕੰਮ ਹੈ ਉਸ ਨੂੰ ਹੁਣ ਤੋਂ ਹੀ ਅਮਲ ਵਿੱਚ ਲਿਆਂਦਾ ਜਾਵੇ। ਵਿਧਾਇਕ ਗਰੇਵਾਲ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ, ਜਿਸ ਸਬੰਧੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੋ ਵੀ ਟਰਾਂਸਫਾਰਮ ਇਲਾਕੇ ਵਿੱਚ ਨਵੇਂ ਲੱਗਣ ਵਾਲੇ ਹਨ ਉਨਾਂ ਨੂੰ ਵੀ ਫੌਰੀ ਤੌਰ ਤੇ ਲਗਾਇਆ ਜਾਵੇ ਤਾਂ ਜੋ ਹਲਕਾ ਵਾਸੀਆਂ ਨੂੰ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਘਾਟ ਨਾ ਆਵੇ। ਵਿਧਾਇਕ ਗਰੇਵਾਲ ਨੇ ਕਿਹਾ ਕਿ ਟਿੱਬਾ ਥਾਣੇ ਦੇ ਸਾਹਮਣੇ ਨਵੇਂ ਗ੍ਰਿਡ 'ਤੇ ਕੰਮ ਚੱਲ ਰਿਹਾ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਚਾਲੂ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਹਲਕੇ ਲਈ ਦੋ ਨਵੇਂ ਹੋਰ ਗਰਿਡਾਂ ਦਾ ਪ੍ਰਸਤਾਵ ਬਿਜਲੀ ਵਿਭਾਗ ਨੂੰ ਭੇਜਿਆ ਗਿਆ ਹੈ ਜਿਨ੍ਹਾਂ 'ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਨਿਵਾਸੀਆਂ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਸੇਵਾ ਸਮਝ ਕੇ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਅਤੇੇ ਹਮੇਸ਼ਾ ਨਿਭਾਉਂਦੇ ਰਹਿਣਗੇ। ਇਸ ਮੌਕੇ ਪਾਰਟੀ ਵਰਕਰਾਂ ਤੋਂ ਇਲਾਵਾ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।