- ਪਿੰਡ ਦੇ ਵਿਕਾਸ ਲਈ ਪਿੰਡ ਦੀ ਪੰਚਾਇਤ ਨੂੰ 49 ਲੱਖ 80 ਹਜਾਰ ਰੁਪਏ ਦੀ ਕੀਤੀ ਗ੍ਰਾਂਟ ਭੇਟ
ਫਾਜ਼ਿਲਕਾ 25 ਜਨਵਰੀ : ਵਿਧਾਇਕ ਬੱਲੂਆਣਾ ਸ੍ਰੀ. ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਪਿੰਡ ਬਜ਼ੀਦਪੁਰ ਕੱਟਿਆਂਵਾਲੀ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪਿੰਡ ਦੇ ਵਿਕਾਸ ਕੰਮਾਂ ਲਈ ਪਿੰਡ ਦੀ ਪੰਚਾਇਤ ਨੂੰ 49 ਲੱਖ 80 ਹਜਾਰ ਰੁਪਏ ਦੀ ਗ੍ਰਾਂਟ ਵੀ ਦਿੱਤੀ। ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਉਪਰ ਚੁੱਕਣ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਧੜਾਧੜ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਤਾਂ ਜੋ ਪਿੰਡਾਂ ਵਿੱਚੋ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਬਣਨ ਨਾਲ ਨੌਜਵਾਨ ਨਸ਼ਿਆਂ ਵਰਗੀ ਬਿਮਾਰੀ ਤੋਂ ਵੀ ਦੂਰ ਰਹਿਣਗੇ ਅਤੇ ਖੇਡਾਂ ਵਿੱਚ ਉੱਚ ਮੁਕਾਮ ਹਾਸਲ ਕਰਕੇ ਆਪਣੇ ਜ਼ਿਲ੍ਹੇ, ਪਿੰਡ ਅਤੇ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕਰਨਗੇ। ਪਿੰਡ ਬਜ਼ੀਦਪੁਰ ਕੱਟਿਆਂਵਾਲੀ ਦੀ ਪੰਚਾਇਤ ਨੂੰ 49 ਲੱਖ 80 ਹਜਾਰ ਰੁਪਏ ਦੀ ਗ੍ਰਾਂਟ ਭੇਟ ਕਰਦਿਆਂ ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਰਾਸ਼ੀ ਨਾਲ ਪਿੰਡ ਦੇ ਸਾਰੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣ ਅਤੇ ਸਾਰੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣ। ੳਨ੍ਹਾਂ ਕਿਹਾ ਕਿ ਇਹ ਰਾਸ਼ੀ ਪੰਚਾਇਤ ਵੱਲੋਂ ਪਿੰਡਾਂ ਦੀਆਂ ਗਲੀਆਂ-ਨਾਲੀਆਂ,ਸੀਵਰੇਜ਼, ਸਾਫ ਸਫਾਈ ਅਤੇ ਹੋਰ ਜ਼ਰੂਰੀ ਸੁਵਿਧਾਵਾਂ 'ਤੇ ਖ਼ਰਚ ਕੀਤੀ ਜਾਵੇ ਤਾਂ ਜੋ ਸਾਡੇ ਸਰਹੱਦੀ ਜ਼ਿਲ੍ਹੇ ਦਾ ਕੋਈ ਵੀ ਪਿੰਡ ਕਿਸੇ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ। ਇਸ ਮੌਕੇ ਬਲਾਕ ਪ੍ਰਧਾਨ ਮੈਨਪਲ ਬਬਲੂ, ਜੋਤੀ ਪ੍ਰਕਾਸ਼, ਡਾ. ਇਮੀ ਲਾਲ, ਰੋਹਤਾਸ਼ ਕੁਮਾਰ, ਵਿਨੋਦ ਗੋਇਲ, ਕ੍ਰਿਸ਼ਨ ਲਾਲ, ਮੋਹਨ ਲਾਲ, ਕ੍ਰਿਸ਼ਨਾ ਦੇਵੀ ਸਰਪੰਚ, ਗੌਰਵ ਸਰਪੰਚ, ਸਿਮਰ ਸਰਪੰਚ ਸਮੇਤ ਪੰਚਾਇਤ ਮੈਂਬਰ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।