- ਜਿਲ੍ਹਾ ਭਾਸ਼ਾ ਦਫਤਰ ਵੱਲੋਂ ਰੂਬਰੂ ਅਤੇ ਪੁਸਤਕ ਲੋਕ-ਅਰਪਣ ਸਮਾਗਮ ਸੰਪੰਨ
- ਸਕੂਲਾਂ ਵਿਚ ਵੀ ਨਾਟਕ ਨੂੰ ਪ੍ਰੋਫਾਰਮਿੰਗ ਆਰਟ ਵਜੋਂ ਪੜ੍ਹਾਇਆ ਜਾਣਾ ਹੋਵੇ ਲਾਜ਼ਮੀ-ਕਿੰਗਰਾ
ਫ਼ਰੀਦਕੋਟ 19 ਦਸੰਬਰ : ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਹਰਪ੍ਰੀਤ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀ ਯੋਗ ਅਗਵਾਈ ਵਿਚ ਜਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਰੂਬਰੂ ਅਤੇ ਪੁਸਤਕ ਲੋਕ-ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਹਿਤ ਜਗਤ ਨਾਲ ਜੁੜੀਆਂ ਹੋਈਆਂ ਜਿਲ੍ਹੇ ਦੀਆਂ ਸ਼ਖਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਰਣਬੀਰ ਸਿੰਘ ਕਿੰਗਰਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਤਲਵੰਡੀ ਸਾਬੋਂ ਵੱਲੋਂ ਕੀਤੀ ਗਈ। ਸ. ਗੁਰਦੀਪ ਸਿੰਘ ਮਾਨ, ਜਿਲ੍ਹਾ ਲੋਕ ਸੰਪਰਕ ਅਫ਼ਸਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀਮਤੀ ਨੀਲਮ ਰਾਣੀ ਜਿਲ੍ਹਾ ਪ੍ਰਾਇਮਰੀ ਸਿੱਖਿਆ ਅਫ਼ਸਰ , ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਜਗਜੀਤ ਸਿੰਘ ਚਾਹਲ ਸੇਵਾਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਕੰਵਰਜੀਤ ਸਿੰਘ ਸਿੱਧੂ ਖੋਜ ਅਫ਼ਸਰ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸ਼੍ਰੀ ਮਨਜੀਤ ਪੁਰੀ ਜਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ। ਇਸ ਉਪਰੰਤ ਮਨੋਜ ਕੁਮਾਰ ਵਧਾਵਨ ਦੀ ਸਫਰਨਾਮਾ ਪੁਸਤਕ ਦਾ ਸਫ਼ਰ ਜੋ ਸੈਰ ਬਣ ਗਿਆ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਬਾਰੇ ਬੋਲਦਿਆਂ ਗੁਰਜੀਤ ਸਿੰਘ ਟਹਿਣਾ ਨੇ ਦੱਸਿਆ ਕਿ ਇਸ ਕਿਤਾਬ ਵਿਚ ਲੇਖਕ ਵੱਲੋਂ ਆਸਟਰੇਲੀਆ ਦੀ ਫੇਰੀ ਦਾ ਖੂਬਸੂਰਤ ਵਰਣਨ ਕੀਤਾ ਗਿਆ ਹੈ। ਇਸ ਉਪਰੰਤ ਪੰਜਾਬੀ ਦੇ ਨਾਮਵਰ ਨਾਟਕਕਾਰ ਅਤੇ ਨਿਰਦੇਸ਼ਕ ਜਗਦੇਵ ਢਿੱਲੋ ਸਰੋਤਿਆਂ ਦੇ ਰੂਬਰੂ ਹੋਏ। ਉਨ੍ਹਾਂ ਨੇ ਆਪਣੇ ਰੰਗਮੰਚ ਦੇ ਸਫਰ ਦੀਆਂ ਖੂਬਸੂਰਤ ਯਾਦਾਂ ਸਾਂਝੀਆਂ ਕਰਦਿਆਂ ਆਪਣੇ ਜੀਵਨ ਦੇ ਬਹੁਤ ਸਾਰੇ ਕੌੜੇ-ਮਿੱਠੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਤੇ ਸ. ਗੁਰਦੀਪ ਸਿੰਘ ਮਾਨ ਜਿਲ੍ਹਾ ਲੋਕ ਸੰਪਰਕ ਅਫ਼ਸਰ ਫਰੀਦਕੋਟ ਨੇ ਬੋਲਦਿਆਂ ਕਿਹਾ ਕਿ ਯੂਟਿਊਬ, ਫੇਸਬੁੱਕ ਦੇ ਜਮਾਨੇ ਵਿਚ ਵੀ ਕਿਤਾਬਾਂ ਨਾਲ ਇਸ਼ਕ ਕਰਨ ਵਾਲੇ ਲੋਕ ਬਾਬਾ ਫਰੀਦ ਜੀ ਦੀ ਧਰਤੀ ਨੂੰ ਚਾਰ ਚੰਨ ਲਾ ਰਹੇ ਹਨ। ਸ. ਰਣਬੀਰ ਸਿੰਘ ਕਿੰਗਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਨਾਟਕ ਸਾਹਿਤ ਦੀ ਇਕ ਸ਼ਕਤੀਸ਼ਾਲੀ ਵਿਧਾ ਹੈ। ਨਾਟਕ ਨੂੰ ਸਕੂਲਾਂ ਦੇ ਸਿਲੇਬਸ ਵਿਚ ਲਾਜ਼ਮੀ ਵਿਸ਼ੇ ਵਜੋਂ ਪੜਾਇਆ ਜਾਣਾ ਚਾਹੀਦਾ ਹੈ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਕੁਮਾਰ ਜਗਦੇਵ ਸਿੰਘ ਬਰਾੜ ਨੇ ਬਾਖੂਬੀ ਨਿਭਾਈ। ਇਸ ਸਮਾਗਮ ਵਿਚ ਸ਼ਿਵਨਾਥ ਦਰਦੀ,ਪ੍ਰੀਤ ਭਗਵਾਨ, ਸਿਕੰਦਰ ਚੰਦਭਾਨ, ਵਤਨਵੀਰ ਅਤੇ ਸੁਖਚੈਨ ਬਿੱਟਾ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਰੰਗ ਬੰਨਿਆ ਗਿਆ। ਸਮਾਗਮ ਵਿਚ ਇਲਾਕੇ ਭਰ ਦੇ ਸਾਹਿਤ ਪ੍ਰੇਮੀਆਂ ਅਤੇ ਕਲਾ ਪ੍ਰੇਮੀਆਂ ਤੋਂ ਇਲਾਵਾ ਸ਼੍ਰੀ ਸੁਰਜਨ ਸਿੰਘ ਬਰਾੜ, ਖੁਸ਼ਵੰਤ ਬਰਗਾੜੀ, ਜਸਵਿੰਦਰ ਸੰਧੂ, ਯਾਦਵਿੰਦਰ ਸਿੰਘ ਜਾਦੂ, ਗੁਰਚਰਨ ਸਿੰਘ ਗਿੱਲ, ਦਵਿੰਦਰ ਸਿੰਘ ਪੰਜਾਬ ਵੋਟਰਜ਼, ਰਾਜਕੁਮਾਰੀ ਅਸ਼ਕਪ੍ਰੀਤ ਕੌਰ, ਕਾਮਰੇਡ ਪ੍ਰੇਮ, ਡਾ. ਕੁਲਬੀਰ ਮਲਿਕ, ਅਮਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਸਮੇਤ ਕਈ ਹੋਰ ਨਾਮਵਰ ਹਸਤੀਆਂ ਹਾਜ਼ਰ ਸਨ।