- ਫੂਲਰਾਜ ਸਿੰਘ ਦੀ ਦੇਖ-ਰੇਖ ਹੇਠ ਮੈਲਬਰਨ, ਪਰਥ ਤੇ ਸਿਡਨੀ ਵਿੱਚ ਫੈਡਰੇਸ਼ਨ ਦੇ ਯੂਨਿਟ ਕੀਤੇ ਗਠਿਤ
ਮੋਹਾਲੀ, 20 ਦਸੰਬਰ : ਸਿੱਖ ਵਿਰਾਸਤ ਦੀ ਖੇਡ ਗੱਤਕਾ ਨੂੰ ਹੁਣ ਭਾਰਤ ਵਿੱਚ ਨੈਸ਼ਨਲ ਖੇਡਾਂ, ਖੇਲੋ ਇੰਡੀਆ ਗੇਮਜ, ਆਲ ਇੰਡੀਆ ਇੰਟਰਵਰਸਿਟੀ ਤੇ ਨੈਸ਼ਨਲ ਸਕੂਲ ਗੇਮਜ ਵਿੱਚ ਵੀ ਮਾਨਤਾ ਮਿਲ ਚੁੱਕੀ ਹੈ। ਭਵਿੱਖ ਵਿੱਚ ਇਤਿਹਾਸਕ ਮਾਰਸ਼ਲ ਆਰਟ ਗੱਤਕਾ ਖੇਡ ਨੂੰ ਹੋਰ ਪ੍ਰਫੁੱਲਤ ਕਰਦੇ ਰਹਿਣਾ ਸਮੁੱਚੀ ਸਿੱਖ ਕੌਮ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਇਹ ਵਿਚਾਰ ਗੁਰਦੁਆਰਾ ਸਿੰਘ ਸਭਾ, ਕਰੇਜੀ ਬਰਨ, ਮੈਲਬਰਨ, ਆਸਟਰੇਲੀਆ ਵਿਖੇ ਉਚੇਚੇ ਤੌਰ ਤੇ ਪੁੱਜੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਅਤੇ ਪੰਜਾਬ ਦੇ ਪ੍ਰਸਿੱਧ ਸਮਾਜ ਸੇਵੀ ਸ. ਫੂਲਰਾਜ ਸਿੰਘ ਨੇ ਸਾਂਝੇ ਕੀਤੇ। ਮੋਹਾਲੀ ਤੋਂ ਸਾਬਕਾ ਕੌਂਸਲਰ ਅਤੇ ਸਟੇਟ ਐਵਾਰਡੀ ਸ. ਫੂਲਰਾਜ ਸਿੰਘ ਨੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਦੀ ਤਰਫੋਂ ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਨਾਲ ਸੰਬੰਧਿਤ ਮਾਮਲਿਆਂ ਨੂੰ ਵੇਖਣ ਲਈ ਅਤੇ ਯੂਨਿਟ ਸਥਾਪਿਤ ਕਰਨ ਲਈ ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਸਿਡਨੀ, ਪਰਥ ਅਤੇ ਮੈਲਬਰਨ ਵਿਖੇ ਗੱਤਕਾ ਫੈਡਰੇਸ਼ਨ ਦੇ ਯੂਨਿਟ ਸਥਾਪਿਤ ਕਰਨ ਲਈ ਰਾਹ ਪੱਧਰਾ ਕੀਤਾ। ਜ਼ਿਕਰਯੋਗ ਹੈ ਕਿ ਸਿੱਖ ਵਿਰਾਸਤ ਦੀ ਅਨਮੋਲ ਪਰੰਪਰਾ – ਗੱਤਕਾ ਖੇਡ ਦੇ ਅੰਤਰਰਾਸ਼ਟਰੀ ਪੱਧਰ ਉਤੇ ਵਿਸਥਾਰ ਕਰਨ ਤੇ ਭਵਿੱਖ ਵਿੱਚ ਇਸ ਖੇਡ ਨੂੰ ਏਸ਼ੀਆਈ ਖੇਡਾਂ ਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਲਈ ਹਰਜੀਤ ਸਿੰਘ ਗਰੇਵਾਲ ਪ੍ਰਧਾਨ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਹੋਰਾਂ ਦੀ ਤਰਫੋਂ ਆਪਣੀ ਸਮੁੱਚੀ ਟੀਮ ਦੇ ਨਾਲ ਸਾਂਝੇ ਤੌਰ ਤੇ ਸਮੇਂ ਦੀ ਸਰਕਾਰਾਂ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਅਤੇ ਪੜਾਅ -ਦਰ-ਪੜਾਅ ਮੀਟਿੰਗਾਂ ਤੋਂ ਬਾਅਦ ਗੱਤਕੇ ਨੂੰ ਪਹਿਲਾਂ ਸਕੂਲੀ ਖੇਡਾਂ ਮਾਨਤਾ ਦਿਵਾਈ, ਅਤੇ ਹੁਣ ਜਿੱਥੇ ਗੱਤਕਾ ਦੇ ਜੌਹਰ ਦਿਖਾਉਣ ਲਈ ਰਾਜ ਪੱਧਰ ਦੇ ਸਮਾਗਮ ਕਰਵਾਏ ਜਾ ਰਹੇ ਹਨ, ਉੱਥੇ ਹੁਣ ਗੱਤਕੇ ਨੂੰ ਰਾਸ਼ਟਰੀ ਪੱਧਰ ਤੇ ਵੀ ਹੋਰਨਾਂ ਖੇਡਾਂ ਦੇ ਵਾਂਗ ਮਾਨਤਾ ਮਿਲ ਗਈ ਹੈ। ਫੂਲਰਾਜ ਸਿੰਘ ਨੇ ਕਿਹਾ ਕਿ ਵਰਲਡ ਗੱਤਕਾ ਫੈਡਰੇਸ਼ਨ ਦੀ ਤਰਫੋਂ ਹਰਜੀਤ ਸਿੰਘ ਗਰੇਵਾਲ ਪ੍ਰਧਾਨ ਦੀ ਅਗਵਾਈ ਹੇਠ ਭਾਰਤ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ਦੇ ਹੋਰਨਾਂ ਦੇਸ਼ਾਂ ਵਿੱਚ ਗੱਤਕਾ ਨੂੰ ਖੇਡ ਵਜੋਂ ਪ੍ਰਫੁੱਲਤ ਕਰਨ ਦੇ ਲਈ ਯਤਨ ਜਾਰੀ ਹਨ, ਅਤੇ ਇਸ ਸਰਗਰਮੀ ਲਈ ਉਨ੍ਹਾਂ ਨੇ ਫੈਡਰੇਸ਼ਨ ਦੇ ਅੰਤਰਰਾਸ਼ਟਰੀ ਪੱਧਰ ਤੇ ਯੂਨਿਟ ਸਥਾਪਿਤ ਕੀਤੇ ਜਾ ਰਹੇ ਹਨ। ਮੈਂਲਬਰਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੱਲਬਾਤ ਕਰਦੇ ਫੂਲ ਰਾਜ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਜਦੋਂ ਵੀ ਕੋਈ ਸਿੱਖ ਪਰੰਪਰਾ ਨੂੰ ਅੱਗੇ ਵਧਾਏ ਜਾਣ ਦੀ ਗੱਲ ਹੋਵੇ ਜਾਂ ਉਸ ਨੂੰ ਪ੍ਰਫੁੱਲਤ ਕੀਤੇ ਜਾਣ ਦੀ ਗੱਲ ਹੋਵੇ ਹਮੇਸ਼ਾ ਆਪਣਾ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ ਅਤੇ ਸਿੱਖ ਇਤਿਹਾਸ ਨਾਲ ਜੁੜੀ ਇਸ ਅਨਮੋਲ ਕਲਾ ਗੱਤਕਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਤ ਕਰਨ ਦੇ ਲਈ ਫੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਵਿੱਚ ਸੰਗਤਾਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਲਈ ਉਹ ਹਮੇਸ਼ਾ ਸੰਗਤਾਂ ਦੇ ਧੰਨਵਾਦੀ ਰਹਿਣਗੇ। ਇਸ ਗੱਤਕਾ ਪ੍ਰਦਰਸ਼ਨੀ ਪ੍ਰੋਗਰਾਮ ਦੌਰਾਨ 6 ਤੋਂ 11 ਸਾਲ ਦੀ ਉਮਰ ਦੇ ਦਸਮੇਸ਼ ਗੁਰਮਤਿ ਵਿਦਿਆਲਾ ਟਾਰਨੇਟ ਦੇ ਬੱਚਿਆਂ ਨੇ ਗੱਤਕੇ ਦੇ ਲਾਮਿਸਾਲ ਜੌਹਰ ਵਿਖਾਏ, ਜਿੰਨਾ ਦੀ ਤਿਆਰੀ ਅੰਤਰਰਾਸ਼ਟਰੀ ਗੱਤਕਾ ਕੋਚ ਡਾ. ਸੁਭਕਰਨ ਸਿੰਘ, ਡਾਇਰੈਕਟਰ, ਕੋਚਿੰਗ ਡਾਇਰੈਕਟੋਰੇਟ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕਰਵਾਈ ਗਈ। ਗੁਰਦਵਾਰਾ ਪਹੁੰਚੀ ਸੰਗਤ ਇਹਨਾਂ ਬੱਚਿਆਂ ਦੀ ਗੱਤਕਾ ਕਲਾ ਤੋਂ ਕਾਫੀ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਗੱਤਕਾ ਸਿਖਾਏ ਦੇ ਲਈ ਉਤਸ਼ਾਹ ਦਿਖਾਇਆ। ਇਸ ਮੌਕੇ ਤੇ ਮੌਜੂਦ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਸੰਗਤਾਂ ਦੀਆਂ ਇੱਛਾਵਾਂ ਦੇ ਮੁਤਾਬਿਕ ਵਿਸਾਖੀ ਦੇ ਮੌਕੇ ਤੇ ਵੱਡਾ ਗੱਤਕਾ ਮੁਕਾਬਲਾ ਚੈਂਪੀਅਨਸ਼ਿਪ ਦੇ ਰੂਪ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਤੇ ਗੱਤਕਾ ਕੋਚ ਡਾ. ਸ਼ੁਭਕਰਨ ਸਿੰਘ, ਗੁਰਜੀਤ ਸਿੰਘ ਗੁਰੀ, ਨਾਜਰ ਸਿੰਘ, ਹਰਮਨ ਸਿੰਘ, ਰਾਜਾ ਗੁਰਵੀਰ ਸਿੰਘ, ਜਸਵੀਰ ਸਿੰਘ ਉਪਲ, ਪਲਵਿੰਦਰ ਸਿੰਘ, ਸ਼ੇਰ ਸਿੰਘ ਸਿੱਧੂ, ਰਾਣਾ ਰਾਜਵੀਰ ਸਿੰਘ ਆਦਿ ਵੀ ਮੌਜੂਦ ਸਨ।