ਸੰਗਰੂਰ ਵਿਖੇ ਆਯੋਜਿਤ ਕੈਂਪ ਦੌਰਾਨ 384 ਦਿਵਿਆਂਗਜਨ ਨੂੰ ਸਹਾਇਕ ਉਪਕਰਣ ਵੰਡੇ 

ਸੰਗਰੂਰ, 24 ਦਸੰਬਰ : ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਦਿਵਿਆਂਗਜਨ ਲਈ ਚਲਾਈ ਜਾ ਰਹੀ ਅਡਿਪ ਯੋਜਨਾ ਤਹਿਤ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ  ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਅਤੇ ਅਲਿਮਕੋ ਮੁਹਾਲੀ ਦੇ ਸਹਿਯੋਗ ਨਾਲ ਗਰਾਊਂਡ, ਨੇੜੇ ਗੇਟ ਨੰਬਰ 3, ਕਾਲੀ ਮਾਤਾ ਮੰਦਰ, ਸੰਗਰੂਰ ਵਿਖੇ ਸਹਾਇਕ ਉਪਕਰਣ ਵੰਡ ਸਮਾਰੋਹ ਕਰਵਾਇਆ ਗਿਆ। ਇਸ ਕੈਂਪ ਵਿੱਚ ਮੈਂਬਰ ਲੋਕ ਸਭਾ ਸਿਮਰਨਜੀਤ ਸਿੰਘ ਮਾਨ ਨੇ  ਸ਼ਿਰਕਤ ਕਰਦਿਆਂ ਲਾਭਪਾਤਰੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲ,  ਵ੍ਹੀਲ ਚੇਅਰ, ਟਰਾਈਸਾਈਕਲ, ਕੰਨਾਂ ਦੀਆਂ ਮਸ਼ੀਨਾਂ, ਬਣਾਉਟੀ ਅੰਗ, ਪੋਲੀਓ ਕਲੀਪਰ, ਸਮਾਰਟ ਫ਼ੋਨ, ਸਮਾਰਟ ਕੇਨ ਆਦਿ ਸਹਾਇਕ ਉਪਕਰਣ ਵੰਡੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਸੰਗਰੂਰ ਅਤੇ ਭਵਾਨੀਗੜ੍ਹ ਵਿਖੇ ਲਗਵਾਏ ਗਏ ਕੈਂਪਾਂ ਦੌਰਾਨ 384 ਦਿਵਿਆਂਗਜਨ ਦੀ ਪਛਾਣ ਕੀਤੀ ਗਈ ਸੀ ਜਿਨ੍ਹਾਂ ਨੂੰ ਅੱਜ ਇਹ ਸਹਾਇਕ ਉਪਕਰਣ ਸੌਂਪੇ ਗਏ ਹਨ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਬੜਿੰਗ ਨੇ ਦੱਸਿਆ ਕਿ 24 ਸਤੰਬਰ ਨੂੰ ਭਵਾਨੀਗੜ੍ਹ ਵਿਖੇ ਲੱਗੇ ਕੈਂਪ ਦੌਰਾਨ 107 ਜਦਕਿ 29 ਸਤੰਬਰ ਅਤੇ 27 ਅਕਤੂਬਰ ਨੂੰ ਸੰਗਰੂਰ ਵਿਖੇ ਲੱਗੇ ਕੈਂਪਾਂ ਦੌਰਾਨ ਕ੍ਰਮਵਾਰ 193 ਅਤੇ 84 ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਸੀ ਜਿਨ੍ਹਾਂ ਨੂੰ ਅੱਜ ਇਹ ਸਮਾਨ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨ ਨੂੰ 187 ਮੋਟਰਾਈਜ਼ਡ ਟਰਾਈਸਾਈਕਲ, 70 ਟਰਾਈਸਾਈਕਲ, 53 ਵ੍ਹੀਲ ਚੇਅਰ, 45 ਕੰਨਾਂ ਦੀਆਂ ਮਸ਼ੀਨਾਂ, 14 ਬਣਾਉਟੀ ਅੰਗ, 21 ਪੋਲੀਓ ਕਲੀਪਰ, 12 ਸਮਾਰਟ ਫੋਨ ਤੇ 15 ਸਮਾਰਟ ਕੇਨ ਮੁਹੱਈਆ ਕਰਵਾਏ ਗਏ ਹਨ।