ਲੁਧਿਆਣਾ, 16 ਫਰਵਰੀ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪ੍ਰਧਾਨ ਮੰਤਰੀ ਗਤੀਸ਼ਕਤੀ ਪ੍ਰੋਜੈਕਟ ਦੇ ਹਿੱਸੇ ਵਜੋਂ ਸਟੇਟ ਮਾਸਟਰ ਪਲਾਨ ਯੋਜਨਾ ਦੇ ਤਹਿਤ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਨੂੰ ਚਲਾਉਣ ਵਾਲੇ ਪ੍ਰਮੁੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਲੋਕਲ ਬਾਡੀਜ਼, ਪੀ.ਐਸ.ਪੀ.ਸੀ.ਐਲ., ਟਰਾਂਸਪੋਰਟ, ਪੁਲਿਸ, ਪੀ.ਡਬਲਯੂ.ਡੀ, ਐਨ.ਐਚ.ਏ.ਆਈ. ਅਤੇ ਹੋਰਾਂ ਸਮੇਤ ਵਿਭਾਗਾਂ ਨੂੰ ਗਤੀਸ਼ਕਤੀ ਪੋਰਟਲ ਉੱਤੇ ਜੀਓ-ਟੈਗਿੰਗ ਰਾਹੀਂ ਡਿਜੀਟਲ ਰੂਪ ਵਿੱਚ ਆਪਸ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਲਟੀਮੋਡਲ ਕਨੈਕਟੀਵਿਟੀ ਵਿਕਸਿਤ ਕਰਨ ਅਤੇ ਬੁਨਿਆਦੀ ਢਾਂਚੇ ਦੇ ਪੱਛੜੇ ਹੋਏ ਪਾੜੇ ਨੂੰ ਪੂਰਾ ਕਰਨ ਲਈ, ਇਹ ਜੀਓ-ਟੈਗਿੰਗ ਵਧੇਰੇ ਕੁਸ਼ਲ ਯੋਜਨਾਬੰਦੀ ਅਤੇ ਅਮਲ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦਾ ਉਦੇਸ਼ ਸਾਰੇ ਵਿਭਾਗਾਂ ਨੂੰ ਉਨ੍ਹਾਂ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਅਪਡੇਟ ਰਹਿਣ ਲਈ ਇੱਕ ਸਿੰਗਲ ਪੋਰਟਲ 'ਤੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜੀਓ-ਟੈਗਿੰਗ ਦੁਆਰਾ, ਪ੍ਰੋਜੈਕਟਾਂ ਬਾਰੇ ਸੰਬੰਧਿਤ ਜਾਣਕਾਰੀ ਨੂੰ ਕਿਸੇ ਵੀ ਵਿਭਾਗ ਦੁਆਰਾ ਕੇਂਦਰੀ ਪਲੇਟਫਾਰਮ 'ਤੇ ਆਸਾਨੀ ਨਾਲ ਐਕਸੈਸ ਅਤੇ ਟਰੈਕ ਕੀਤਾ ਜਾ ਸਕਦਾ ਹੈ। ਇਸ ਨਾਲ ਕਿਸੇ ਵੀ ਪ੍ਰੋਜੈਕਟ ਦੀ ਵਿਉਂਤਬੰਦੀ ਦੌਰਾਨ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਵਿੱਚ ਵੀ ਸੁਧਾਰ ਹੋਵੇਗਾ। ਉਦਾਹਰਨ ਵਜੋਂ, ਨਗਰ ਨਿਗਮ ਦੁਆਰਾ ਇੱਕ ਸੜਕ ਦਾ ਨਿਰਮਾਣ ਕਰ ਲਿਆ ਜਾਂਦਾ ਹੈ, ਤਾਂ ਦੂਸਰੇ ਪਾਸੇ ਦੂਜੀਆਂ ਏਜੰਸੀਆਂ ਆਪਣੀ ਕੇਬਲ, ਗੈਸ ਪਾਈਪ ਲਾਈਨਾਂ ਆਦਿ ਵਿਛਾਉਣ ਲਈ ਨਵੀਂ ਬਣੀ ਸੜਕ ਨੂੰ ਦੁਬਾਰਾ ਪੁੱਟ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਬਹੁਤ ਅਸੁਵਿਧਾ ਹੁੰਦੀ ਹੈ ਉੱਥੇ ਫਜ਼ੂਲ ਖਰਚੀ ਵੀ ਵੱਧਦੀ ਹੈ। ਇਸ ਨੂੰ ਹੱਲ ਕਰਨ ਲਈ ਤਾਲਮੇਲ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸਾਰੀਆਂ ਕੇਬਲਾਂ, ਪਾਈਪ ਲਾਈਨਾਂ ਆਦਿ ਨੂੰ ਸੜਕ ਦੇ ਨਿਰਮਾਣ ਦੇ ਨਾਲ-ਨਾਲ ਪਾਇਆ ਜਾ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਸਿਟੀ ਲੌਜਿਸਟਿਕ ਪਲਾਨ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਵੇਂ ਵਿਕਾਸ ਪ੍ਰੋਜੈਕਟਾਂ ਲਈ ਪ੍ਰਸਤਾਵ ਤਿਆਰ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।