ਮੋਰਿੰਡਾ, 20 ਅਪ੍ਰੈਲ : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੋਰਿੰਡਾ ਬਲਾਕ ਦੇ ਪਿੰਡ ਬੰਨਮਜਰਾ ਅਤੇ ਸੋਤਲ ਬਾਬਾ ਵਿਖੇ ਚੱਲ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਮਗਨਰੇਗਾ ਅਤੇ ਹੋਰ ਵੱਖ-ਵੱਖ ਸਕੀਮਾਂ ਅਧੀਨ ਕਰਵਾਏ ਗਏ ਕੰਮਾਂ ਦੀ ਜਾਂਚ ਕੀਤੀ। ਉਨ੍ਹਾ ਗ੍ਰਾਮ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਕੰਮਾਂ ਦੇ ਵਿੱਚ ਵਧੀਆ ਗੁਣਵੱਤਾ ਦਾ ਸਾਮਾਨ ਹੀ ਵਰਤਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਿੰਡ ਬੰਨਮਾਜਰਾ ਵਿਖੇ ਬਣਾਏ ਗਏ ਡੀ ਕੰਪੋਸਟ ਦਾ ਵੀ ਦੌਰਾ ਕੀਤਾ ਗਿਆ ਅਤੇ ਮਗਨਰੇਗਾ ਅਧੀਨ ਡਰੇਨ ਦੀ ਹੋ ਰਹੀ ਸਫ਼ਾਈ ਵਾਲੀ ਥਾਂ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਵੱਖ-ਵੱਖ ਸਕੀਮਾਂ ਤੇ ਪ੍ਰੋਜੈਕਟਾਂ ਸਬੰਧੀ ਸਮੀਖਿਆ ਕੀਤੀ ਤੇ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਹਾਜਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਨਿਰੰਤਰ ਜਾਂਚ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਵਧਾਇਆ ਜਾ ਸਕੇ।