- ਪਿੰਡ ਘੁਦੂਵਾਲਾ ਅਤੇ ਆਸ ਪਾਸ ਦੇ ਨਿਵਾਸੀ ਲੈਣ ਕੈਂਪ ਦਾ ਵੱਧ ਤੋਂ ਵੱਧ ਲਾਭ " ਡਿਪਟੀ ਕਮਿਸ਼ਨਰ
ਫ਼ਰੀਦਕੋਟ 10 ਜਨਵਰੀ : ਮੁੱਖ ਮੰਤਰੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪ੍ਰੋਗਰਾਮ ਸਰਕਾਰ ਤੁਹਾਡੇ ਦੁਆਰ ਮੁਹਿੰਮ ਦੇ ਅੰਤਰਗਤ 11 ਜਨਵਰੀ ਨੂੰ ਦਿਨ ਬੁੱਧਵਾਰ ਨੂੰ ਪਿੰਡ ਘੁਦੂਵਾਲਾ ਵਿਖੇ ਦੁਪਿਹਰ 01 ਵਜੇ ਤੋਂ 02 ਵਜੇ ਤੱਕ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁੱਖੀ ਵੀ ਹਾਜ਼ਰ ਹੋਣਗੇ ਤਾਂ ਜੋ ਲੋਕਾਂ ਨੂੰ ਹਰ ਸਮੱਸਿਆ ਤੋਂ ਮੌਕੇ ਤੇ ਹੀ ਨਿਜਾਤ ਦਿਵਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਇਸ ਕਰਕੇ ਉਲੀਕਿਆ ਗਿਆ ਹੈ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ਇਸ ਮੁਹਿੰਮ ਤਹਿਤ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਇੱਕ ਅਜਿਹੀ ਵਿਵਸਥਾ ਅਮਲ ਵਿੱਚ ਲਿਆਂਦੀ ਗਈ ਹੈ ਤਾਂ ਜੋ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਖੁਦ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਨ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਤਹਿਤ ਜਿਥੇ ਉਹ ਖੁਦ ਪਿੰਡ ਘੁਦੂਵਾਲਾ ਪਹੁੰਚ ਕੇ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਮਿਲ ਰਹੇ ਹਨ, ਇਸੇ ਤਰ੍ਹਾਂ ਵਿਭਾਗਾਂ ਦੇ ਹੋਰ ਮੁਖੀ ਵੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਨਿੱਜੀ ਤੌਰ ਤੇ ਹਫਤੇ ਵਿੱਚ ਇੱਕ ਵਾਰ ਕਿਸੇ ਇੱਕ ਪਿੰਡ ਪਹੁੰਚ ਕੇ ਪਿੰਡ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਤਾਲਮੇਲ ਕਰਨ ਤਾਂ ਜੋ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਹੀ ਉਨ੍ਹਾਂ ਦੀ ਮੁਸ਼ਿਕਲ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਤੇ ਲੋਕ ਆਪਣੇ ਕਿਸੇ ਵੀ ਦਫ਼ਤਰ ਨਾਲ ਸਬੰਧਤ ਆਪਣੇ ਅਧੂਰੇ ਪਏ ਨਿੱਜੀ ਕੰਮ ਦਰਖਾਸਤ ਦੇ ਰੂਪ ਵਿੱਚ ਅਤੇ ਪਿੰਡ ਪੱਧਰ ਦੇ ਕੰਮ ਸਰਪੰਚਾਂ ਅਤੇ ਮੁਹਤਬਰਾਂ ਦੀ ਹਾਜ਼ਰੀ ਵਿੱਚ ਜਬਾਨੀ ਤੌਰ ਤੇ ਵੀ ਸਬੰਧਤ ਅਧਿਕਾਰੀ ਦੇ ਧਿਆਨ ਵਿੱਚ ਲਿਆ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਘੁਦੂਵਾਲਾ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਪਿੰਡ ਮਚਾਕੀ ਕਲਾਂ ਦੇ ਲੋਕ ਵੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਕੈਂਪ ਵਿੱਚ ਪਹੁੰਚ ਕਰਨ।