- ਚਾਰ ਵੱਖ ਵੱਖ ਵਿਸ਼ਿਆਂ ਦੇ ਜੇਤੂਆਂ ਨੂੰ ਦਿੱਤੇ ਨਗਦ ਇਨਾਮ
ਫ਼ਤਹਿਗੜ੍ਹ ਸਾਹਿਬ, 05 ਜਨਵਰੀ : ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਗਈ ਸਲਾਨਾ ਸ਼ਹੀਦੀ ਸਭਾ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਗਏ ਫੋਟੋਗ੍ਰਾਫੀ ਮੁਕਾਬਲਿਆਂ ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਦੇ ਜੇਤੂ ਨੂੰ 10,000/- ਰੁਪਏ, ਦੂਜੇ ਸਥਾਨ ਲਈ 6000/- ਰੁਪਏ ਅਤੇ ਤੀਸਰੇ ਸਥਾਨ ਲਈ 4000/-ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹੀਦੀ ਸਭਾ ਦੌਰਾਨ ਭਾਵਨਾਵਾਂ ਦਾ ਸਮੁੰਦਰ, ਸੇਵਾ ਦਾ ਸਤਿਕਾਰ, ਪਾਲਕੀ ਸਾਹਿਬ ਦਾ ਸਫਰ ਅਤੇ ਸਵੱਛਤਾ ਹੀ ਸੇਵਾ, ਚਾਰ ਵਿਸ਼ਿਆਂ ਤੇ ਫੋਟੋਗ੍ਰਾਫੀ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿੱਚ ਵੱਡੀ ਗਿਣਤੀ ਨਾਗਰਿਕਾਂ ਨੇ ਭਾਗ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ " ਭਾਵਨਾਵਾਂ ਦਾ ਸਮੁੰਦਰ " ਵਿਸ਼ੇ ਤੇ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਵਿੱਚ ਮਨਦੀਪ ਸਿੰਘ ਪਹਿਲੇ, ਗੁਰਿੰਦਰ ਸਿੰਘ ਦੂਜੇ ਅਤੇ ਬਲਵਿੰਦਰ ਸਿੰਘ ਤੀਜੇ ਸਥਾਨ ਤੇ ਰਿਹਾ ਹੈ। ਜਦੋਂ ਕਿ " ਸੇਵਾ ਦਾ ਸਤਿਕਾਰ " ਵਿਸ਼ੇ ਦੇ ਮੁਕਾਬਲੇ ਵਿੱਚ ਦਿਨੇਸ਼ ਕੁਮਾਰ ਪਹਿਲੇ, ਅਮਨਦੀਪ ਸਿੰਘ ਦੂਜੇ ਅਤੇ ਰਾਜਵੀਰ ਸਿੰਘ ਤੀਜੇ ਸਥਾਨ ਤੇ ਰਿਹਾ। " ਪਾਲਕੀ ਸਾਹਿਬ ਦਾ ਸਫਰ" ਵਿਸ਼ੇ ਤੇ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ,ਅਰਸ਼ਦੀਪ ਸਿੰਘ ਤੇ ਅਵਿਨਾਸ਼ ਧੀਮਾਨ ਨੇ ਇਨਾਮ ਜਿੱਤੇ। ਇਸੇ ਤਰ੍ਹਾਂ "ਸਵੱਛਤਾ ਹੀ ਸੇਵਾ " ਵਿਸ਼ੇ ਦੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਮਹਾਵੀਰ ਸਿੰਘ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਇਸ ਫੋਟੋਗ੍ਰਾਫੀ ਮੁਕਾਬਲੇ ਵਿੱਚ ਇੱਕ ਪ੍ਰਤੀਯੋਗੀ ਦਵਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ, ਕਿਉਂਕਿ ਭਾਵੇਂ ਇਸ ਫੋਟੋਗ੍ਰਾਫਰ ਨੇ ਉਕਤ ਵਿਸ਼ਿਆਂ ਤੇ ਫੋਟੋ ਨਹੀਂ ਜਮ੍ਹਾਂ ਕਰਵਾਈਆਂ ਸਨ ਪ੍ਰੰਤੂ ਉਸ ਵੱਲੋਂ ਕੈਮਰੇ ਦੀ ਅੱਖ ਦੇ ਕੀਤੇ ਪ੍ਰਦਰਸ਼ਨ ਕਾਰਨ ਉਸ ਦੀਆਂ ਫੋਟੋਆਂ ਵੀ ਬਹੁਤ ਹੀ ਦਿਲ ਖਿਚਵੀਂਆਂ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜੇਤੂਆਂ ਨੂੰ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਹੋਰ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।