ਹੁਸ਼ਿਆਰਪੁਰ, 27 ਦਸੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਆਤਮਾ ਸਕੀਮ ਅਧੀਨ ਬਲਾਕ ਪੱਧਰ ’ਤੇ ਪਿੰਡ ਸੈਂਚਾਂ ਵਿਖੇ ਕੁਦਰਤੀ ਖੇਤੀ ਵਿਸ਼ੇ ’ਤੇ ਕਿਸਾਨ ਗੋਸ਼ਟੀ ਲਗਾਈ ਗਈ। ਇਸ ਮੌਕੇ ਆਤਮਾ ਸਕੀਮ ਦੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਰਮਨ ਸ਼ਰਮਾ ਵੱਲੋਂ ਆਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਲੋੜ ਸਬੰਧੀ ਦੱਸਿਆ ਗਿਆ, ਜਿਸ ਵਿਚ ਹਰੀ ਕ੍ਰਾਂਤੀ ਸਮੇਂ ਰਸਾਇਣਕ ਖੇਤੀ ਰਾਹੀਂ ਕਿਸਾਨਾਂ ਵੱਲੋਂ ਦੇਸ਼ ਦੇ ਅੰਨ-ਭੰਡਾਰ ਭਰੇ ਗਏ, ਪਰੰਤੂ ਇਸ ਰਸਾਇਣਕ ਖੇਤੀ ਦੇ ਭਿਆਨਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੁਦਰਤੀ ਸੋਮੇ ਪੀਣ ਵਾਲੇ ਪਾਣੀ, ਹਵਾ ਅਤੇ ਮਿੱਟੀ ਦੀ ਸਿਹਤ ਲਗਾਤਾਰ ਖ਼ਰਾਬ ਹੋ ਰਹੀ ਹੈ। ਇਸ ਕਾਰਨ ਮਨੁੱਖ ਭਾਂਤ-ਭਾਂਤ ਦੀਆਂ ਬਿਮਾਰੀਆਂ ਜਿਵੇਂ ਬੀ.ਪੀ, ਸ਼ੂਗਰ, ਕੈਂਸਰ ਆਦਿ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਮੁਤਾਬਿਕ ਮਿਆਰੀ ਜ਼ਹਿਰ-ਰਹਿਤ ਉਤਪਾਦਾਂ ਦੀ ਮੰਗ ਦੁਨੀਆ ਭਰ ਵਿਚ ਹੋ ਰਹੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਹੁਸਿਆਰਪੁਰ ਡਾ. ਕੁਲਦੀਪ ਸਿੰਘ ਮੱਤੇਵਾਲ ਵੱਲੋਂ ਕਿਸਾਨਾਂ ਨੂੰ ਆਪਣਾ ਬੀਜ ਆਪ ਤਿਆਰ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਆਪਣੀ ਪ੍ਰੰਪਰਾਗਤ ਖੇਤੀ ਨੂੰ ਅਪਣਾ ਕੇ ਖੇਤੀ ਖਰਚੇ ਘਟਾਉਣ ਸਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਗਈ। ਉਨ੍ਹਾਂ ਵੱਲੋਂ ਆਏ ਹੋਏ ਲਾਭਪਾਤਰੀ ਕਿਸਾਨਾਂ ਲਈ ਆਤਮਾ ਸਕੀਮ ਅਧੀਨ ਪਿਆਜ਼ ਦੀ ਪਨੀਰੀ ਵੀ ਵੰਡੀ ਗਈ। ਕੇ.ਵੀ.ਕੇ ਬਾਹੋਵਾਲ ਤੋਂ ਪਹੁੰਚੇ ਡਾ. ਸੁਖਵਿੰਦਰ ਸਿੰਘ ਔਲਖ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਵਿਚ ਇਸਤੇਮਾਲ ਹੋਣ ਵਾਲੀਆਂ ਦੇਸੀ ਖਾਦਾਂ ਤੇ ਦੇਸੀ ਕੀੜੇਮਾਰ ਦਵਾਈਆਂ ਬਣਾਉਣ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਗੋਸ਼ਟੀ ਵਿਚ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਪਿਛਲੇ 12 ਸਾਲ ਤੋਂ ਕੁਦਰਤੀ ਖੇਤੀ ਕਰਨ ਵਾਲੇ ਅਤੇ ਆਈ.ਐਫ.ਏ ਸੰਸਥਾ ਦੇ ਪ੍ਰਧਾਨ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਜ਼ਹਿਰ-ਰਹਿਤ ਖੇਤੀ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਵੱਲੋਂ ਕਿਸਾਨ ਨੂੰ ਆਰਗੈਨਿਕ ਖੇਤੀ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਆਰਗੈਨਿਕ ਉਤਪਾਦਾਂ ਦੀ ਮਾਰਕਿਟਿੰਗ ਲਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਆਈ.ਐਫ.ਏ ਸੰਸਥਾ ਲਈ ਹੁਸ਼ਿਆਰਪੁਰ ਸ਼ਹਿਰ ਦੇ ਰੋਸ਼ਨ ਗਰਾਊਂਡ ਵਿਖੇ ਹਰ ਐਤਵਾਰ ਸਵੇਰੇ 9 ਵਜੇ ਸੇਫ ਫੂਡ ਮੰਡੀ ਅਤੇ ਖੇਤੀ ਭਵਨ ਹੁਸ਼ਿਆਰਪੁਰ ਵਿਖੇ ਕਿਸਾਨ ਹੱਟ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਅਫਸਰ ਡਾ. ਦੀਪਕ ਪੂਰੀ, ਡਾ. ਜਸਵੀਰ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ ਪ੍ਰਭਜੋਤ ਕੋਰ, ਪੁਸ਼ਪਿੰਦਰ ਸਿੰਘ, ਨਰਿਪਜੀਤ, ਅਮਨਦੀਪ ਸਿੰਘ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਜ਼ੋਰਾਵਰ ਸਿੰਘ ਅਤੇ ਗੁਰਪ੍ਰੀਤ ਸਿੰਘ ਅਸਿਸਟੈਂਟ ਟੈਕਨਾਲਜੀ ਮੈਨੇਜਰ ਆਤਮਾ ਵੱਲੋਂ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।