- ਗੰਭੀਰ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਨਹੀਂ ਜਾਣਾ ਪਵੇਗਾ ਦੂਰ
- ਕੈਂਸਰ ਹਸਪਤਾਲ ਵੀ ਜਲਦ ਹੋਵੇਗਾ ਸ਼ੁਰੂ
ਫਾਜ਼ਿਲਕਾ 23 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਉਪਰਾਲਿਆਂ ਦੀ ਲੜੀ ਵਿੱਚ ਫਾਜ਼ਿਲਕਾ ਵਿਖੇ 23 ਕਰੋੜ 63 ਲੱਖ ਰੁਪਏ ਨਾਲ ਕ੍ਰਿਟੀਕਲ ਕੇਅਰ ਯੂਨਿਟ ਬਣੇਗਾ। ਇਹ ਜਾਣਕਾਰੀ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ । ਉਹਨਾਂ ਦੱਸਿਆ ਕਿ ਇਸ ਦੀ ਇਮਾਰਤ ਦੇ ਨਿਰਮਾਣ ਲਈ 16 ਕਰੋੜ 50 ਲੱਖ ਰੁਪਏ ਦੇ ਕੰਮ ਦਾ ਟੈਂਡਰ ਹੋ ਗਿਆ ਹੈ ਜਦਕਿ ਇਸ ਵਿੱਚ 7 ਕਰੋੜ 12 ਲੱਖ ਰੁਪਏ ਦੇ ਹੋਰ ਡਾਕਟਰੀ ਸਮਾਨ ਆਵੇਗਾ। ਉਹਨਾਂ ਕਿਹਾ ਕਿ ਇਸ ਕ੍ਰਿਟੀਕਲ ਕੇਅਰ ਯੂਨਿਟ ਦੇ ਬਣ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਿਹਤ ਸਹੂਲਤ ਮਿਲੇਗੀ ਅਤੇ ਉਹਨਾਂ ਨੂੰ ਗੰਭੀਰ ਸਰੀਰਕ ਸਮੱਸਿਆਵਾਂ ਦੇ ਕਾਰਨ ਜਾਂ ਕਿਸੇ ਦੁਰਘਟਨਾ ਤੋਂ ਪੀੜਤ ਲੋਕਾਂ ਨੂੰ ਫਰੀਦਕੋਟ ਜਾਂ ਬਠਿੰਡਾ ਵਰਗੇ ਹਸਪਤਾਲਾਂ ਵੱਲ ਨਹੀਂ ਭੱਜਣਾ ਪਵੇਗਾ, ਸਗੋਂ ਉਹਨਾਂ ਨੂੰ ਜਿਲ੍ਹੇ ਦੇ ਅੰਦਰ ਹੀ ਵਧੀਆ ਇਲਾਜ ਮਿਲ ਸਕੇਗਾ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਸ ਇਲਾਕੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਇਹ ਕ੍ਰਿਟੀਕਲ ਕੇਅਰ ਯੂਨਿਟ ਲਗਭਗ ਇੱਕ ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਵਿਧਾਇਕ ਨੇ ਨਾਲ ਹੀ ਦੱਸਿਆ ਕਿ ਫਾਜ਼ਿਲਕਾ ਵਿਖੇ ਬਣੇ ਕੈਂਸਰ ਹਸਪਤਾਲ ਨੂੰ ਵੀ ਪੰਜਾਬ ਸਰਕਾਰ ਜਲਦ ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲਗਭਗ 50 ਕਰੋੜ ਰੁਪਏ ਦੀਆਂ ਡਾਕਟਰੀ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਹ ਮਸ਼ੀਨਾਂ ਆਉਣ ਤੋਂ ਬਾਅਦ ਇਹ ਹਸਪਤਾਲ ਵੀ ਜਲਦੀ ਸ਼ੁਰੂ ਹੋਵੇਗਾ । ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਵਿੱਚ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਇਸ ਤੋਂ ਪਹਿਲਾਂ ਜਿਲੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਸਨ ਜਿਨਾਂ ਦਾ ਵੀ ਬਹੁਤ ਸਾਰਥਕ ਨਤੀਜੇ ਨਿਕਲੇ ਹਨ ਅਤੇ ਹਜਾਰਾਂ ਲੋਕ ਇੰਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾ ਚੁੱਕੇ ਹਨ।