- ਪਿਛਲੇ 15-20 ਸਾਲਾਂ ਤੋਂ ਨਗਰ ਕੌਂਸਲ ‘ਚ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਕੰਟਰੈਕਟ ਉੱਤੇ ਲਿਆਈਆ ਗਿਆ
- ਪਿਛਲੇ 15 - 20 ਸਾਲਾਂ ਤੋਂ ਸ਼ਹਿਰ ‘ਚ ਲੱਗੇ ਕੂੜੇ ਦੇ ਡੰਪ ਹਟਾਏ ਗਏ, ਮੀਤ ਹੀਰ
- ਸਫਾਈ ਸੇਵਕਾਂ ਨੇ ਕੀਤਾ ਧੰਨਵਾਦ
ਬਰਨਾਲਾ, 5 ਜਨਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਸਦਾ ਹੀ ਵਚਨਬੱਧ ਹੈ। ਇਸ ਲਈ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਇਨ੍ਹਾਂ ਲੋਕਾਂ ਦੀ ਭਲਾਈ ਲਈ ਉਪਰਾਲੇ ਕੀਤਾ ਜਾਂਦੇ ਹਨ। ਇਸ ਨੂੰ ਕਾਇਮ ਰੱਖਦੇ ਹੋਏ ਨਗਰ ਕੌਂਸਲ ਬਰਨਾਲਾ ਹੇਠਾਂ ਕੰਮ ਕਰਨ ਵਾਲੇ 400 ਸਫਾਈ ਕਰਮਚਾਰੀਆਂ ਨੂੰ ਅੱਜ ਕੰਟਰੈਕਟ ਉੱਤੇ ਲਿਆਇਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ.ਗੁਰਮੀਤ ਸਿੰਘ ਮੀਤ ਹੇਅਰ ਨੇ ਇਨ੍ਹਾਂ ਸਫਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ‘ਚ ਆਊਟਸੋਰਸ ਪ੍ਰਣਾਲੀ ਰਾਹੀਂ ਕੰਮ ਕਰ ਰਹੇ 400 ਸਫਾਈ ਸੇਵਕਾਂ ਨੂੰ ਠੇਕੇ ਉੱਤੇ ਕਰ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸਫਾਈ ਸੇਵਕ ਪਹਿਲਾਂ ਨਗਰ ਕੌਂਸਲ ਬਰਨਾਲਾ ਵਿਖੇ ਆਊਟਸੋਰਸ ਪ੍ਰਣਾਲੀ ਰਾਹੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਇਨ੍ਹਾਂ ਸਫਾਈ ਸੇਵਕਾਂ ਵੱਲੋਂ ਕਾਫੀ ਸਮੇਂ ਤੋਂ ਇਨ੍ਹਾ ਦੀ ਨਿਯੁਕਤੀ ਆਊਟਸੋਰਸ ਏਜੰਸੀ ਦੀ ਬਜਾਏ ਕੰਟਰੈਕਟ ‘ਤੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ। ਸੋ ਇਨ੍ਹਾ ਸਫਾਈ ਕਰਮਚਾਰੀਆ ਲਈ ਇਹ ਫੈਸਲਾ ਲਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰੰਤਰ ਹੀ ਲੋਕ ਭਲਾਈ ਦੇ ਕੰਮ ਕੀਤਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 15-20 ਸਾਲਾਂ ਤੋਂ ਐੱਸ ਡੀ ਕਾਲਜ, ਫਰਵਾਹੀ ਬਾਜ਼ਾਰ, ਪੁਰਾਣੇ ਸਿਨੇਮਾ ਆਦਿ ਥਾਵਾਂ ਉੱਤੇ ਕੂੜੇ ਦੇ ਡੰਪ ਲੱਗੇ ਹੋਏ ਸਨ ਜਿਨ੍ਹਾਂ ਨੂੰ ਚੁੱਕਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫਾਈ ਸਾਰਿਆਂ ਦੀ ਸਾਂਝੀ ਜ਼ਿੰਮੇਂਵਾਰੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦੁਕਾਨਾਂ ਆਦਿ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਹੀ ਸਫਾਈ ਕਰਮਚਾਰੀਆਂ ਨੂੰ ਦੇਣ। ਨਾਲ ਹੀ ਉਨ੍ਹਾਂ ਕਿਹਾ ਕਿ ਹਰ ਇਕ ਬਰਨਾਲਾ ਵਾਈ ਆਪਣਾ ਕੂੜਾ ਉਨ੍ਹਾਂ ਦੇ ਮੁਹੱਲੇ, ਘਰਾਂ, ਦੁਕਾਨਾ ਆਦਿ ਵਿਖੇ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਕੂੜਾ ਚੁੱਕਣ ਦੀ ਵਾਲੀਆਂ ਗੱਡੀਆਂ ਨੂੰ ਦੇਣ। ਇਸ ਮੌਕੇ ਬੋਲਦਿਆਂ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਪੰਜਾਬ ਸਰਕਾਰ ਅਤੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਫਾਈ ਸੇਵਕਾਂ ਦੇ ਪਰਿਵਾਰਾਂ ਨੂੰ ਖੁਸ਼ੀ ਮਿਲੀ ਹੈ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਬਰਨਾਲਾ (ਜ) ਸ਼੍ਰੀ ਸਤਵੰਤ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਸ਼੍ਰੀ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ ਅਤੇ ਹੋਰ ਅਫ਼ਸਰ ਹਾਜ਼ਰ ਸਨ।