ਪਟਿਆਲਾ 20 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਮੀਡੀਏ ਵਿੱਚ ਸੁਰਖੀਆਂ ਹਨ ਕਿ ਸੁਪਰੀਮ ਕੋਰਟ ਦੇ ਇੱਕ ਬੜੇ ਹੀ ਮਹਿੰਗੇ ਵਕੀਲ ਨੇ, ਯੂ.ਪੀ ਦੇ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਲਗਾਤਾਰ ਪੰਜਾਬ ਦੀ ਜੇਲ੍ਹ ਅੰਦਰ ਰੱਖਣ ਲਈ, ਸੁਪਰੀਮ ਕੋਰਟ ਵਿੱਚ ਕੀਤੀ ਗਈ ਚਾਰਾਜੋਈ ਤੇ ਪੈਰਵੀ ਲਈ 55 ਲੱਖ ਰਪਏ ਦੇ ਬਿਲ, ਪੰਜਾਬ ਸਰਕਾਰ ਨੂੰ, ਬਤੌਰ ਆਪਣੀ ਫੀਸ ਵਸੂਲਣ ਲਈ ਭੇਜੇ ਹਨ। ਜਿਸ ਦੀ ਕਿ ਅਦਾਇਗੀ, ਇੱਕ ਭਰੋਸੇ ਯੋਗ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਨੇ ਰੋਕ ਦਿੱਤੀ ਹੈ। ਜ਼ਿਕਰ ਯੋਗ ਹੈ ਕਿ ਯੂ.ਪੀ ਦੇ ਇੱਕ ਬਦਨਾਮ ਗੈਂਗਸਟਰ, ਮੁੱਖਤਾਰ ਅੰਸਾਰੀ ਨੂੰ ਯੂ.ਪੀ ਦੀ ਜੇਲ੍ਹ ਤੋਂ ਬਤੌਰ ‘ਸ਼ਾਹੀ ਮਹਿਮਾਨ’ ਪੰਜਾਬ ਲਿਆਉਂਣ ਲਈ , ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਫ਼ੀਆਂ ਆਦੇਸ਼ ਅਨੁਸਾਰ, ਮੁਹਾਲੀ ਦੇ ਥਾਣੇ ਵਿੱਚ ਇੱਕ ਛੜਯੰਤਰ ਰਚਿਆ ਗਿਆ ਤੇ ਇੱਕ ਫ਼ਰਜ਼ੀ ਐੱਫ. ਆਈ. ਆਰ ਦਰਜ ਕਰਕੇ ਅਤੇ ਉਸ ਫ਼ਰਜ਼ੀ ਐੱਫ. ਆਈ. ਆਰ ਨੂੰ ਅਧਾਰ ਬਣਾਕੇ, ਉਸਦੇ ਬਹਾਨੇ ਅਦਾਲਤ ਪਾਸੋਂ ਇੱਕ ਪ੍ਰੋਡੱਕਸ਼ਨ ਵਰੰਟ ਲੈ ਕੇ ਮੁੱਖਤਾਰ ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਉਸਨੂੰ ਰੋਪੜ ਜੇਲ੍ਹ ਵਿੱਚ, ਇਕ ਸ਼ਾਹੀ ਮਹਿਮਾਨ ਦੇ ਤੌਰ ਤੇ ਰੱਖਿਆ ਗਿਆ ਸੀ, ਇਸ ਖਾਤਰਦਾਰੀ ਉੱਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਸਨ। ਇਸ ਤੋਂ ਬਾਅਦ ਯੂ.ਪੀ ਦੀ ਪੁਲਿਸ ਨੇ ਮੁੱਖਤਾਰ ਅੰਸਾਰੀ ਦੀ ਸਪੁਰਦਗੀ ਦੁਬਾਰਾ ਹਾਸਲ ਕਰਨ ਲਈ ਬਥੇਰੇ ਯਤਨ ਕੀਤੇ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਗੈਂਗਸਟਰ ਮੁੱਖਤਾਰ ਅੰਸਾਰੀ ਦਾ ਪੱਖ ਪੂਰਨ ਲੲ, ਸਰਕਾਰ ਵੱਲੋਂ ਮਹਿੰਗੀ ਤੋਂ ਮਹਿੰਗੀ ਹਰ ਚਾਰਾਜੋਈ ਕੀਤੀ ਗਈ। ਜ਼ਿਕਰ ਯੋਗ ਹੈ ਕਿ ਮੁਖਤਾਰ ਅੰਸਾਰੀ ਦਾ ਬੇਟਾ ਅੱਬਾਸ ਅੰਸਾਰੀ ਇੱਕ ਕੌਮੀ ਪੱਧਰ ਦਾ ਰਾਈਫਲ ਸ਼ੂਟਰ ਹੈ ਤੇ ਕੌਮੀ ਪੱਧਰ ਦਾ ਗੋਲਡ ਮੈਡਲ ਵਿਜੇਤਾ ਵੀ ਹੈ। ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਵੀ ਇੱਕ ਚੰਗਾ ਸ਼ੂਟਰ ਹੈ ਅਤੇ ਕਾਬਿਲ-ਏ-ਜ਼ਿਕਰ ਹੈ ਕਿ ਉਹ ਮੁਖਤਾਰ ਅੰਸਾਰੀ ਦੇ ਬੇਟੇ, ਅੱਬਾਸ ਅੰਸਾਰੀ ਦੀ ਇਮਦਾਦ ਨਾਲ, ਦਸੰਬਰ 2009 ਵਿੱਚ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ ਅਤੇ ਉਸ ਤੋਂ ਬਾਅਦ ਵੀ ਸਤੰਬਰ 2021 ਤੀਕਰ, ਅੱਬਾਸ ਅੰਸਾਰੀ ਦੀ ਇਮਦਾਦ ਨਾਲ ਹੀ ਰਣਇੰਦਰ ਸਿੰਘ ਕਈ ਵਾਰੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਪ੍ਰਧਾਨ ਲਗਾਤਾਰ ਚੁਣਿਆ ਗਿਆ। ਅੱਬਾਸ ਅੰਸਾਰੀ ਅਤੇ ਰਣਇੰਦਰ ਸਿੰਘ ਦੀ ਆਪਸ ਵਿੱਚ ਬੜੀ ਗੂੜ੍ਹੀ ਦੋਸਤੀ, ਜੱਗ-ਜ਼ਾਹਰ ਹੈ ਤੇ ਇਹ ਦੋਹਵੇਂ ਅੰਤਰ ਰਾਸ਼ਟਰੀ ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿੱਚ ਇਕੱਠੇ ਜਾ ਕੇ, ਬਾਹਰਲੇ ਦੇਸ਼ਾਂ ਵਿੱਚ ਹਿੱਸਾ ਲੈਂਦੇ ਰਹੇ ਹਨ। ਯੂ.ਪੀ ਵਿੱਚ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਬਣਨ ਤੋਂ ਬਾਅਦ ਗੈਂਗਸਟਰ ਮੁੱਖਤਾਰ ਅੰਸਾਰੀ ਆਪਣੇ ਆਪ ਨੂੰ ਯੂ.ਪੀ ਦੀਆਂ ਜੇਲ੍ਹਾਂ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਸੀ ਅਤੇ ਹਰ ਹੀਲੇ ਆਪਣੇ ਆਪ ਨੂੰ ਯੂ.ਪੀ ਦੀ ਜੇਲ੍ਹ ਵਿੱਚੋਂ, ਕਿਸੇ ਹੋਰ ਸੂਬੇ ਦੀ ਜੇਲ੍ਹ ਵਿੱਚ ਤਬਦੀਲ ਕਰਵਾਉਂਣਾ ਚਾਹੁੰਦਾ ਸੀ ਤਾਂ ਕਿ ਸੁਰੱਖਿਅਤ ਰਹੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਉਸਨੇ ਆਪਣੇ ਪੁੱਤਰ ਅੱਬਾਸ ਅੰਸਾਰੀ ਅਤੇ ਰਣਇੰਦਰ ਸਿੰਘ ਦੀ ਦੋਸਤੀ ਨੂੰ ਵਰਤਿਆ ਤੇ ਅੰਤ ਨੂੰ, ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ, ਇਸ ਸਾਜਿਸ਼ ਦੀ ਵੱਡੀ ਸੂਤਰਧਾਰ ਬਣੀ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਹੁੰਦਿਆਂ ਹੋਇਆ ਆਪਣੇ ਬੇਟੇ ਰਣਇੰਦਰ ਸਿੰਘ ਦੇ ਕਹਿਣ ਤੇ ਹੀ ਇੱਕ ਫਰਜ਼ੀ ਕਹਾਣੀ ਘੜ ਕੇ ਮੁਹਾਲੀ ਥਾਣੇ ਵਿੱਚ ਕੇਸ ਦਰਜ਼ ਕਰਵਾਇਆ ਅਤੇ ਗੈਂਗਸਟਰ ਮੁੱਖਤਾਰ ਅੰਸਾਰੀ ਨੂੰ ਯੂ.ਪੀ ਦੀ ਜੇਲ੍ਹ ਤੋਂ ਪੰਜਾਬ ਲਿਆਉਂਣ ਦਾ ਸਾਰੇ ਦਾ ਸਾਰਾ ਫਰਜ਼ੀ ਪੜਪੰਚ ਰਚਿਆ। ਚੰਗਾ ਹੋਵੇ ਜੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਹੁਣ ਆਪਣੀਆਂ ਪੜਤਾਲਾਂ ਦਾ ਰੁੱਖ ਕੈਪਟਨ ਅਮਰਿੰਦਰ ਸਿੰਘ ਵੱਲ ਵੀ ਮੋੜੇ ਤੇ ਇਸ ਸਾਰੇ ਮਾਮਲ ਦੇ ਪਿਛੋਕੜ ਵਿੱਚ, ਕੈਪਟਨ ਅਮਰਿਂਦਰ ਸਿੰਘ ਦੀ ਭੂਮਿਕਾ ਦੀ, ਮਾਨ ਯੋਗ ਹਈ ਕੋਰਟ ਦੀ ਦੇਖ-ਰੇਖ ਵਿੱਚ ਬੇਚੂਕ ਪੜਤਾਲ ਕਰਵਾਈ ਜਾਵੇ ਤਾਂ ਕਿ ਨਾਮੀਂ ਗੈਂਗਸਟਰਾਂ ਦੀ, ਪੰਜਾਬ ਵਿੱਚ, ਪੰਜਾਬ ਸਰਕਾਰ ਦੇ ਸਾਧਨਾਂ ਦੀ ਦੁਰਵਰਤੋਂ ਕਰਕੇ, ਕੀਤੀ ਗਈ ਪੁਸ਼ਤ-ਪਨਾਹੀ ਵਿੱਚ, ਸਿੱਧੇ ਅਤੇ ਅਸਿੱਧੇ ਤੌਰ ਤੇ ਸ਼ਾਮਿਲ, ਸਾਰੇ ਚਿਹਰੇ ਬੇਨਕਾਬ ਹੋ ਸਕਣ। ਜੇ ਇਸ ਸਾਰੇ ਮਾਮਲੇ ਦੀ ਸਹੀ ਮਾਨ੍ਹਿਆਂ ਵਿੱਚ ਪਾਰਦਰਸ਼ੀ ਢੰਗ ਨਾਲ ਪੜਤਾਲ ਕਰਨੀ ਹੈ ਤਾਂ ਕਿਸੇ ਵੀ ਹੋਰ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਲੋੜ ਨਹੀਂ, ਕੇਵਲ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪੁੱਤਰ ਰਣਇੰਦਰ ਸਿੰਘ ਨੂੰ ਹੀ, ਗ੍ਰਿਫਤਾਰ ਕਰਕੇ, ਸ਼ਾਮਲ ਤਫ਼ਤੀਸ਼ ਕੀਤਾ ਜਾਵੇ ਤੇ ਪੁੱਛਗਿੱਛ ਕੀਤੀ ਜਾਵੇ, ਸਾਰੀ ਦੀ ਸਾਰੀ ਸਾਜਿਸ਼ ਦੇ ਸਾਰੇ ਸਹੀ ਤੱਥ, ਸਾਹਮਣੇ ਆ ਜਾਣਗੇ। ਸੱਚਾਈ ਤਾਂ ਇਹ ਹੈ ਕਿ ਰੋਪੜ ਦੀ ਜੇਲ੍ਹ ਤਾਂ ਮੁੱਖਤਾਰ ਅੰਸਾਰੀ ਲਈ ਮਹਿਜ਼ ਕਹਿਣ ਨੂੰ ਹੀ ਜੇਲ੍ਹ ਸੀ ਵਰਨਾ ਉਸ ਲਈ ਜੇਲ੍ਹ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ‘ਸ਼ਾਹੀ ਸਿਸਵਾਂ ਫਾਰਮ’ ਵਾਲੇ ਸਾਰੇ ਸੁੱਖ ਆਰਾਮ ਉਸ ਨੂੰ ਮੁਯੱਸਰ ਕਰਵਾਏ ਗਏ ਸਨ।