- ਡੀ ਸੀ ਨੇ ਭਾਗੀਦਾਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਐਸ.ਏ.ਐਸ.ਨਗਰ, 8 ਜਨਵਰੀ : ਉਦਯੋਗਾਂ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਬੁਆਇਲਰਾਂ ਰਾਹੀਂ ਫਸਲਾਂ ਦੀ ਰਹਿੰਦ-ਖੂੰਹਦ ਦੀ ਖਪਤ ਲਈ ਅਗਾਊਂ ਤਿਆਰੀਆਂ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਸਮਰੱਥਾ 4 ਲੱਖ ਮੀਟਰਕ ਟਨ ਸਾਲਾਨਾ ਤੱਕ ਕਰਨ ਲਈ ਹੁਣ ਤੋਂ ਹੋ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਲ੍ਹੇ ਦੀ ਆਪਣੀ ਫਸਲ ਦੀ ਰਹਿੰਦ-ਖੂੰਹਦ 1.98 ਲੱਖ ਮੀਟਰਕ ਟਨ ਪ੍ਰਤੀ ਸਾਲ ਹੁੰਦੀ ਹੈ, ਪਰ ਅਸੀਂ ਨੇੜਲੇ ਜ਼ਿਲ੍ਹਿਆਂ ਬਾਰੇ ਵੀ ਸੋਚ ਰਹੇ ਹਾਂ। ਸ਼੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਆਉਣ ਵਾਲੇ ਝੋਨੇ ਦੀ ਵਾਢੀ ਦੇ ਸੀਜ਼ਨ ਤੱਕ ਪ੍ਰਸਤਾਵਿਤ ਹੋਰ 03 ਲੱਖ ਮੀਟ੍ਰਿਕ ਟਨ ਦੇ ਨਾਲ, ਅਸੀਂ ਫਸਲਾਂ ਦੀ ਰਹਿੰਦ-ਖੂੰਹਦ (ਝੋਨੇ ਦੀ ਪਰਾਲੀ) ਨੂੰ ਜੈਵਿਕ ਬਾਲਣ ਵਜੋਂ ਵਰਤਣ ਦੇ ਯੋਗ ਹੋ ਜਾਵਾਂਗੇ। ਡੀ ਸੀ ਜੈਨ ਨੇ ਮੌਜੂਦਾ ਸਮਰੱਥਾ ਦੀ ਸਮੀਖਿਆ ਕਰਦੇ ਹੋਏ, ਜਿਸ ਵਿੱਚ ਸਾਲਾਨਾ ਇੱਕ ਲੱਖ ਮੀਟ੍ਰਿਕ ਟਨ ਵਿੱਚ ਯੋਗਦਾਨ ਪਾਉਣ ਲਈ ਪੰਜ ਯੂਨਿਟ ਸ਼ਾਮਲ ਹਨ ਅਤੇ ਦੋ ਹੋਰ ਹਿੱਸੇਦਾਰ ਚੰਡੀਗੜ੍ਹ ਡਿਸਟਿਲਰੀਜ਼ ਅਤੇ ਨਾਹਰ ਇੰਡਸਟਰੀਜ਼ ਝੋਨੇ ਦੀ ਪਰਾਲੀ ਦੇ ਬਾਲਣ ਅਧਾਰਤ ਬੁਆਇਲਰਾਂ ਦੀ ਸਥਾਪਨਾ 'ਤੇ ਕੰਮ ਕਰ ਰਹੇ ਹਨ, ਬਾਰੇ ਦਸਦਿਆਂ ਕਿਹਾ ਕਿ ਇਸ ਨਾਲ ਮੌਜੂਦਾ ਸਮਰੱਥਾ ਚਾਰ ਲੱਖ ਮੀਟ੍ਰਿਕ ਟਨ ਤੱਕ ਵਧ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇੱਟਾਂ ਦੇ ਭੱਠਿਆਂ ਨੂੰ ਪਰਾਲੀ 'ਤੇ ਆਧਾਰਿਤ ਪੈਲੇਟ ਸਪਲਾਈ ਕਰਨ ਲਈ ਜ਼ਿਲ੍ਹੇ ਵਿੱਚ ਜਲਦੀ ਹੀ 3300 ਮੀਟਰਕ ਟਨ ਸਾਲਾਨਾ ਦੀ ਸਮਰੱਥਾ ਵਾਲਾ ਇੱਕ ਨਵਾਂ ਯੂਨਿਟ ਸਥਾਪਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੁਆਇਲਰ ਯੂਨਿਟਾਂ ਦੀ ਸਮਰੱਥਾ ਅਨੁਸਾਰ ਬੇਲਰਾਂ ਦੀ ਘਾਟ ਨਾਲ ਨਿਪਟਣ ਲਈ ਜ਼ਿਲ੍ਹੇ ਨੂੰ ਢੁਕਵੀਂ ਗਿਣਤੀ ਵਿੱਚ ਬੇਲਿੰਗ ਮਸ਼ੀਨਾਂ ਦੀ ਸਪਲਾਈ ਦੇਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਏ ਡੀ ਸੀ (ਪੇਂਡੂ ਵਿਕਾਸ) ਨੂੰ ਬੇਲਰ ਮਸ਼ੀਨਾਂ ਦੀ ਵਾਧੂ ਅੰਦਾਜ਼ਨ ਗਿਣਤੀ ਤਿਆਰ ਕਰਨ ਲਈ ਕਿਹਾ; ਜੋ ਸਾਨੂੰ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹੇ ਵਿੱਚ ਖੇਤੀ ਰਕਬਾ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਹੈ ਪਰ ਸੂਬੇ ਵਿੱਚ ਸਾਡੀ ਖਪਤ ਸਮਰੱਥਾ ਜ਼ਿਆਦਾ ਹੈ, ਇਸ ਲਈ ਸਾਡਾ ਮੁੱਖ ਜ਼ੋਰ ਸਮੇਂ ਸਿਰ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਕਰਨ ਤੇ ਹੋਣਾ ਚਾਹੀਦਾ ਹੈ। ਪਰਾਲੀ ਆਧਾਰਿਤ ਬੁਆਇਲਰ ਲਗਾਉਣ ਦੀ ਪ੍ਰਕਿਰਿਆ ਵਿਚ ਲੱਗੇ ਉਦਯੋਗਿਕ ਨੁਮਾਇੰਦਿਆਂ ਨੂੰ ਭਰੋਸਾ ਦਿਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਪਰਾਲੀ ਦੇ ਸਟਾਕ ਨੂੰ ਸਟੋਰ ਕਰਨ ਲਈ ਲੈਂਡ ਬੈਂਕਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਰਾਜ ਦੁਆਰਾ ਨਵੇਂ ਉਦਯੋਗਾਂ ਵਿੱਚ ਪਰਾਲੀ ਅਧਾਰਤ ਬੁਆਇਲਰਾਂ ਨੂੰ ਉਤਸ਼ਾਹਿਤ ਕਰਨ ਲਈ ਐਲਾਨੀ ਸਬਸਿਡੀ ਦੇ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਪਰਾਲੀ ਸਾੜਨ ਦੇ ਕਾਰਨਾਂ ਦੀ ਜਾਂਚ ਕਰਨ ਲਈ, ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਵਾਲੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਨਾ ਸਾੜਨ ਵਾਲੇ ਪਿੰਡਾਂ ਨੂੰ ਉਤਸ਼ਾਹ ਦੇਣ ਲਈ ਦੌਰਾ ਕਰਨਗੇ। ਮੀਟਿੰਗ ਵਿੱਚ ਉਦਯੋਗਿਕ ਨੁਮਾਇੰਦਿਆਂ ਤੋਂ ਇਲਾਵਾ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏ ਸੀ (ਅੰਡਰ ਟਰੇਨਿੰਗ) ਡੇਵੀ ਗੋਇਲ, ਡੀ ਡੀ ਪੀ ਓ ਅਮਨਿੰਦਰ ਪਾਲ ਸਿੰਘ ਚੌਹਾਨ, ਡੀ ਆਰ ਸਹਿਕਾਰੀ ਗੁਰਬੀਰ ਸਿੰਘ ਢਿੱਲੋਂ, ਕਾਰਜਕਾਰੀ ਇੰਜਨੀਅਰ ਪੀ ਪੀ ਸੀ ਬੀ ਗੁਰਸ਼ਰਨ ਦਾਸ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਡਾ. ਨਵਰੀਤ ਕੌਰ ਸ਼ਾਮਲ ਸਨ।