ਮੁੱਲਾਂਪੁਰ ਦਾਖਾ 24 ਦਸੰਬਰ (ਸਤਵਿੰਦਰ ਸਿੰਘ ਗਿੱਲ) : ਜ਼ੀਰੋ ਬਿਜਲੀ ਬਿੱਲਾਂ ਦੀ ਮਹਿੰਗੀ ਇਸ਼ਤਿਹਾਰਬਾਜ਼ੀ ਵਿੱਚ ਮਸਤ ਭਗਵੰਤ ਮਾਨ ਹਕੂਮਤ ਨੇ ਮਜ਼ਦੂਰਾਂ ਦੀ ਸੰਘਰਸ਼ ਲੜ ਕੇ ਪ੍ਰਾਪਤ ਕੀਤੀ ਅਤੇ ਲਗਭਗ ਡੇਢ ਦਹਾਕੇ ਤੋਂ ਚੱਲਦੀ ਆ ਰਹੀ ਬਿਜਲੀ ਬਿੱਲ ਮੁਆਫੀ ਨੂੰ ਜਰਨਲ ਵਿੱਚ ਪਾ ਕੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਦਲਿਤ, ਪਛੜਿਆ ਅਤੇ ਗਰੀਬ ਪਰਿਵਾਰਾਂ ਨੂੰ ਭੇਜੇ ਹਨ ਅਤੇ ਬੁਹਤੇ ਪਿੰਡਾਂ ਵਿੱਚ ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਝਾੜੂ ਹਕੂਮਤ ਦੀ ਇਸ ਧੱਕੇਸ਼ਾਹੀ ਦਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਜਨਤਕ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਪਾਵਰਕੌਮ ਵੱਲੋਂ ਦਲਿਤ, ਪਛੜੇ ਅਤੇ ਬੀਪੀਐਲ ਪਰਿਵਾਰਾਂ ਦੀ ਬਿਜਲੀ ਬਿੱਲ ਮੁਆਫੀ ਕੱਟ ਕੇ ਜਰਨਲ ਵਿੱਚ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਦਬਾਅ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਲਿਤਾਂ ਆਦਿ ਦੀ ਜਰਨਲ ਵਿੱਚ ਪਾ ਕੇ ਕੱਟੀ ਬਿਜਲੀ ਬਿੱਲ ਮੁਆਫੀ ਮੁੜ ਬਹਾਲ ਕਰਨ ਦੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਮਜਦੂਰਾਂ ਨੂੰ ਹਜ਼ਾਰਾਂ ਰੁਪਏ ਦੇ ਪਿਛਲੇ ਬਿਜਲੀ ਬਿੱਲ ਬਕਾਏ ਭੇਜ ਕੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦੇ ਸੁਨੇਹੇ ਭੇਜੇ ਜਾ ਰਹੇ ਹਨ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਜਗਰਾਉਂ ਦੇ ਪ੍ਰਧਾਨ ਕੁਲਵੰਤ ਸਿੰਘ ਸੋਨੀ ਅਤੇ ਇਕਾਈ ਸਕੱਤਰ ਕਿਰਨਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਹਕੂਮਤ ਵੱਲੋਂ ਮਜ਼ਦੂਰ ਪਰਿਵਾਰਾਂ ਦੀ ਚੱਲਦੀ ਬਿਜਲੀ ਬਿੱਲ ਮੁਆਫੀ, ਦਸੰਬਰ 2022 ਵਿੱਚ ਕੱਟ ਕੇ ਜਨਰਲ ਕਰ ਦਿੱਤੀ ਗਈ ਸੀ ਜਿਸ ਤਹਿਤ ਦਲਿਤ ਪਰਿਵਾਰਾਂ ਨੂੰ ਮੁਆਫੀ ਕੱਟ ਕੇ ਵੱਡੀਆਂ ਰਕਮਾਂ ਵਿੱਚ ਬਿਜਲੀ ਬਿੱਲ ਆਏ। ਉਨ੍ਹਾਂ ਕਿਹਾ ਕਿ ਪਾਵਰਕਾਮ ਸਬ ਡਵੀਜ਼ਨ ਸਿੱਧਵਾਂ ਖ਼ੁਰਦ ਵੱਲੋਂ ਦਲਿਤ ਪਰਿਵਾਰਾਂ ਨੂੰ ਅਜੇ ਵੀ ਬਿਜਲੀ ਬਿੱਲ ਜਨਰਲ ਵਿੱਚ ਹੀ ਭੇਜੇ ਜਾ ਰਹੇ ਹਨ। ਇਸ ਮੌਕੇ ਇਕਤੱਰਤਾ ਨੇ ਪੁਰਜ਼ੋਰ ਮੰਗ ਕੀਤੀ ਕਿ ਦਲਿਤਾਂ, ਪੱਛੜਿਆਂ ਅਤੇ ਬੀਪੀਐਲ ਪਰਿਵਾਰਾਂ ਨੂੰ ਜਨਰਲ ਵਿੱਚ ਪਾ ਕੇ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਬਕਾਇਆ ਤੇ ਲੀਕ ਮਾਰੀ ਜਾਵੇ ਅਤੇ ਇਨ੍ਹਾਂ ਪਰਿਵਾਰਾਂ ਦੀ ਐਸੀ-ਬੀਸੀ ਦੇ ਅਧਾਰ ਤੇ ਮੁੜ ਬਿਜਲੀ ਬਿੱਲ ਮੁਆਫੀ ਬਹਾਲ ਕੀਤੀ ਜਾਵੇ। ਇਸ ਮੌਕੇ ਤਰਸੇਮ ਸਿੰਘ, ਹੀਰਾ,ਜੰਟਾ ਸਿੰਘ, ਸੁਰਜੀਤ ਸਿੰਘ,ਕੁਲਦੀਪ ਕੌਰ, ਛਿੰਦਾ ਸਿੰਘ, ਗੋਰਾ ਸਿੰਘ,ਭਜਨ ਸਿੰਘ,ਰਾਣਾ ਸਿੰਘ,ਬਾਹਲ ਸਿੰਘ,ਗੋਗਾ ਸਿੰਘ ਆਦਿ ਹਾਜ਼ਿਰ ਸਨ।