ਸਮਰਾਲਾ, 13 ਮਈ : ਸਮਰਾਲਾ ਪੁਲਸ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕਰਦੇ ਹੋਏ ਦੇਰ ਰਾਤ ਫੈਕਟਰੀਆਂ ਵਿੱਚੋਂ ਮਾਲ ਦੀ ਢੋਆ-ਢੁਆਈ ਕਰਨ ਵਾਲੇ 9 ਟੱਰਕਾਂ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਇਨ੍ਹਾਂ ਦੇ ਚਾਲਕਾਂ ਨੂੰ ਲੋਹਾ ਅਤੇ ਸਕਰੈਪ ਚੋਰੀ ਕਰਕੇ ਵੇਚਣ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਚੋਰੀ ਦਾ ਲੋਹਾ ਖਰੀਦਣ ਵਾਲੇ 2 ਕਬਾੜੀਆਂ ਨੂੰ ਵੀ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਕਬਾੜੀਆ ਪੁਲਸ ਨੂੰ ਚਕਮਾ ਦਿੰਦੇ ਹੋਏ ਭੱਜਣ ਵਿਚ ਸਫਲ ਹੋ ਗਿਆ। ਪੁਲਸ ਨੇ ਫਿਲਹਾਲ ਟੱਰਕਾਂ ਵਿਚੋਂ ਚੋਰੀ ਕੀਤਾ 7 ਕੁਇੰਟਲ ਲੋਹਾ ਅਤੇ ਸਕਰੈਪ ਬਰਾਮਦ ਕਰ ਲਈ ਹੈ ਅਤੇ ਹੋਰ ਵੱਡੀ ਬਰਾਮਦਗੀ ਲਈ ਦੋਸ਼ੀਆਂ ਦਾ ਪੁਲਸ ਰਿਮਾਂਡ ਲਿਆ ਜਾ ਰਿਹਾ ਹੈ। ਇਸ ਸੰਬੰਧ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਅਤੇ ਐੱਸ.ਐੱਚ.ਓ. ਭਿੰਦਰ ਸਿੰਘ ਨੇ ਦੱਸਿਆ ਕਿ, ਪੁਲਸ ਨੂੰ ਸੂਚਨਾ ਇਹ ਸੂਚਨਾ ਮਿਲੀ ਸੀ, ਫੈਕਟਰੀਆਂ ਵਿੱਚੋਂ ਲੋਹੇ ਦੀ ਢੋਆ-ਢੁਆਈ ਕਰਨ ਵਾਲੇ ਕਈ ਟੱਰਕ ਡਰਾਇਵਰ ਰਾਤ ਦੇ ਸਮੇਂ ਪਿੰਡ ਢਿੱਲਵਾ ਵਿਖੇ ਮੇਨ ਸੜਕ ’ਤੇ ਬੈਠੇ ਕਬਾੜੀਆਂ ਨੂੰ ਆਪਣੇ ਟੱਰਕਾਂ ਵਿਚ ਲੋਡ ਕੀਤੇ ਲੋਹੇ ਵਿਚੋਂ ਕੁਝ ਲੋਹਾ ਕੱਢ ਕੇ ਵੇਚ ਦਿੰਦੇ ਹਨ। ਪੁਲਸ ਨੂੰ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਕਿ, ਟੱਰਕਾਂ ’ਚੋਂ ਲੋਹਾ ਚੋਰੀ ਕਰਕੇ ਵੇਚਣ ਦਾ ਧੰਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ’ਤੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਇੱਕ ਸਪੈਸ਼ਲ ਪੁਲਸ ਟੀਮ ਦਾ ਗਠਨ ਕਰਕੇ ਬੀਤੀ ਰਾਤ ਚੋਰੀ ਕੀਤਾ ਲੋਹਾ ਵੇਚ ਰਹੇ 9 ਟੱਰਕ ਚਾਲਕਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਟੱਰਕਾਂ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਕਾਰਵਾਈ ਵਿਚ ਚੋਰੀ ਦਾ ਲੋਹਾ ਖ੍ਰੀਦਣ ਵਾਲੇ ਕਬਾੜੀਏ ਜੀਤ ਰਾਮ ਅਤੇ ਟਹਿਲ ਚੰਦ ਦੋਵੇਂ ਵਾਸੀ ਪਿੰਡ ਨੌਲੜੀ ਕਲਾ (ਸਮਰਾਲਾ) ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਹੋਰ ਕਬਾੜੀਆ ਲੱਖਾ ਰਾਮ ਮੌਕੇ ਤੋਂ ਭੱਜ ਗਿਆ, ਜਿਸ ਦੀ ਗਿ੍ਰਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ, ਪੁਲਸ ਕਾਰਵਾਈ ਦੌਰਾਨ ਮੌਕੇ ’ਤੇ 7 ਕੁਇੰਟਲ 5 ਕਿੱਲੋਂ ਲੋਹੇ ਅਤੇ ਸਕਰੈਪ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ, ਜਿਹੜਾ ਟੱਰਕ ਚਾਲਕਾਂ ਵੱਲੋਂ ਚੋਰੀ ਕਰਕੇ ਉਕਤ ਕਬਾੜੀਆਂ ਨੂੰ ਵੇਚਿਆ ਗਿਆ ਸੀ। ਇਸ ਤੋਂ ਪਹਿਲਾ ਚੋਰੀ ਕਰਕੇ ਵੇਚਿਆ ਲੋਹਾ ਅਤੇ ਕਈ ਹੋਰ ਟੱਰਕ ਡਰਾਇਵਰਾਂ ਦੀ ਵੀ ਜਲਦੀ ਹੀ ਗਿ੍ਰਫਤਾਰੀ ਕੀਤੀ ਜਾ ਰਹੀ ਹੈ।