ਡੇਰਾਬੱਸੀ, 27 ਦਸੰਬਰ : ਬੀਤੀ ਰਾਤ ਡੇਢ ਵਜੇ ਦੇ ਕਰੀਬ ਬਰਵਾਲਾ ਰੋਡ 'ਤੇ ਪੁਰਾਣੀ ਟਰੱਕ ਯੂਨੀਅਨ ਨੇੜੇ ਗਲਤ ਦਿਸ਼ਾ 'ਚ ਕੈਂਟਰ ਚਲਾਉਂਦੇ ਹੋਏ ਮੋਟਰਸਾਈਕਲ 'ਤੇ ਸਾਹਮਣੇ ਤੋਂ ਆ ਰਹੇ ਪੁਲਿਸ ਮੁਲਾਜ਼ਮਾਂ 'ਤੇ ਚੜ੍ਹਾ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ ਕੈਂਟਰ ਸਮੇਤ ਮੌਕੇ ਤੋਂ ਚੰਡੀਗੜ੍ਹ ਵੱਲ ਫ਼ਰਾਰ ਹੋ ਗਿਆ। ਇਸ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮੁਲਜ਼ਮ ਕੈਂਟਰ ਚਾਲਕ ਨੂੰ ਚੰਡੀਗੜ੍ਹ ਪੁਲਿਸ ਨੇ ਕਾਬੂ ਕਰ ਲਿਆ। ਏਐਸਪੀ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸਲ ਵਿਚ ਡੇਰਾਬੱਸੀ 'ਚ ਮੰਗਲਵਾਰ ਦੇਰ ਰਾਤ ਇਕ ਹਾਦਸੇ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਰਾਤ ਕਰੀਬ 1.30 ਵਜੇ ਬਰਵਾਲਾ ਰੋਡ 'ਤੇ ਇਕ ਤੇਜ਼ ਰਫਤਾਰ ਕੈਂਟਰ ਨੇ ਗਲਤ ਦਿਸ਼ਾ 'ਚ ਜਾ ਕੇ ਗਸ਼ਤ ਕਰ ਰਹੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਦੋਵਾਂ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਹਰੀ ਸਿੰਘ (53) ਵਾਸੀ ਭਾਂਖਰਪੁਰ ਅਤੇ ਜਸਮੇਰ ਸਿੰਘ ਵਜੋਂ ਹੋਈ ਹੈ।