- ਬੱਸ ਯਾਤਰਾ ਰਾਹੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਨਗੀਆਂ ਸੰਗਤਾਂ
ਗੁਰਦਾਸਪੁਰ, 21 ਦਸੰਬਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੇ ਤਹਿਤ ਅੱਜ ਸਵੇਰੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਦੂਸਰੀ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਵਿਸ਼ੇਸ਼ ਬੱਸ ਰਾਹੀਂ ਰਵਾਨਾਂ ਹੋਏ 43 ਸ਼ਰਧਾਲੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਨਗੇ। ਤੀਰਥ ਯਾਤਰਾ ਬੱਸ ਨੂੰ ਰਵਾਨਾ ਕਰਨ ਮੌਕੇ ਸੀਨੀਅਰ ਆਗੂ ਸ੍ਰੀ ਧਰੁਵ ਬਹਿਲ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਲਗਜ਼ਰੀ ਬੱਸ ਅੱਜ ਸਭ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਜਿਥੇ ਸੰਗਤਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਗੜ੍ਹ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਗੁਰਧਾਮਾ ਦੇ ਦਰਸ਼ਨ ਤੋਂ ਬਾਅਦ ਰਾਤ ਦਾ ਸਟੇਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਹੋਵੇਗਾ। ਸ੍ਰੀ ਧਰੁਵ ਬਹਿਲ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਬੱਸ ਯਾਤਰਾ ਅੰਮ੍ਰਿਤਸਰ ਵਿਖੇ ਪਹੁੰਚੇਗੀ ਜਿਥੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸ ਗੁਰਦਾਸਪੁਰ ਵਿਖੇ ਪਹੁੰਚਣਗੀਆਂ। ਉਨਾਂ ਕਿਹਾ ਕਿ ਯਾਤਰਾ ਦੌਰਾਨ ਆਉਣ-ਜਾਣ ਅਤੇ ਓਥੇ ਰਹਿਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਪੰਜਾਬ ਦੇ ਹਰੇਕ ਹਲਕੇ ਵਿੱਚੋਂ ਬੱਸਾਂ ਅਤੇ ਰੇਲ ਗੱਡੀਆਂ ਰਾਹੀਆਂ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੀ ਸ਼ਰਧਾਲੂਆਂ ਨੂੰ ਮੁਫ਼ਤ ਯਾਤਰਾ ਕਰਵਾਉਣ ਦੀ ਯੋਜਨਾ ਨੂੰ ਆਰੰਭਿਆ ਗਿਆ ਹੈ ਜਿਸ ਤਹਿਤ ਅੱਜ ਗੁਰਦਾਸਪੁਰ ਤੋਂ ਅੱਜ ਦੂਸਰੀ ਬੱਸ ਰਵਾਨਾ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਆਰੰਭੀ ਗਈ ਇਹ ਯੋਜਨਾ ਇੱਕ ਅਗਾਂਹਵਧੂ ਉਪਰਾਲਾ ਹੈ ਜਿਸ ਨੂੰ ਸੂਬੇ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਕਿਸੇ ਕਾਰਨਾਂ ਕਰਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ ਉਨਾਂ ਲਈ ਇਹ ਯੋਜਨਾ ਵਰਦਾਨ ਸਾਬਤ ਹੋ ਰਹੀ ਹੈ। ਇਸ ਮੌਕੇ ਆਰ.ਟੀ.ਏ. ਗੁਰਦਾਸਪੁਰ ਸ੍ਰੀ ਦਵਿੰਦਰ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਸ੍ਰੀ ਜਿੰਦਰਪਾਲ ਸਿੰਘ, ਬੀ.ਡੀ.ਪੀ.ਓ. ਗੁਰਦਾਸਪੁਰ ਸ. ਬਲਜੀਤ ਸਿੰਘ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਿਤੇਸ਼ ਮਹਾਜਨ, ਰਣਜੀਤ ਸਿੰਘ ਰਾਣਾ ਬੱਬਰੀ, ਕੁਲਦੀਪ ਕੁਮਾਰ, ਸ਼ਸ਼ੀ ਮਾਸਟਰ, ਨਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।