- ਪੰਜਾਬ ਦੀਆਂ ਜੇਲ੍ਹਾਂ ਨੂੰ ਗੈਂਗਸਟਰਾਂ ਦੇ ‘ਸੇਫ-ਹਾਊਸ’ ਬਣਾਉਣ ਵਾਲਿਆਂ ਦਾ ਹੋਇਆ ਪਰਦਾਫਾਸ਼ : ਮਲਵਿੰਦਰ ਕੰਗ
ਚੰਡੀਗੜ੍ਹ 20 ਅਪ੍ਰੈਲ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅੱਜ ਪਾਰਟੀ ਦਫ਼ਤਰ ਤੋਂ ਜਾਰੀ ਕੀਤੇ ਆਪਣੇ ਇੱਕ ਬਿਆਨ ਵਿੱਚ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਕਾਂਗਰਸ ਸਰਕਾਰ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਰੱਖ, ਉਸਨੂੰ ਬਚਾਉਣ ਲਈ ਪੰਜਾਬ ਦੇ ਖਜ਼ਾਨੇ ਦੀ ਹੋਈ ਦੁਰਵਰਤੋਂ ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਰਵਾਇਤੀ ਪਾਰਟੀਆਂ ਨੂੰ ਸਵਾਲ ਕੀਤੇ। ਆਪਣੇ ਬਿਆਨ ਵਿੱਚ ਮਲਵਿੰਦਰ ਕੰਗ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੀ ਇਸਤੋਂ ਵੱਡੀ ਉਦਾਹਰਣ ਕੀ ਹੋਵੇਗੀ ਕਿ ਬੀਤੀ ਕਾਂਗਰਸ ਸਰਕਾਰ ਦੌਰਾਨ ਜਿੱਥੇ ਮੋਸਟ-ਵਾਂਟੈਂਡ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਤਾਕਤ ਦੀ ਦੁਰਵਰਤੋਂ ਕਰਦਿਆਂ ਸੂਬੇ ਦੀਆਂ ਜੇਲ੍ਹਾਂ ਵਿੱਚ ਮਹਿਮਾਨਾਂ ਵਾਂਗ ਰੱਖਿਆ ਗਿਆ ਉੱਥੇ ਪੰਜਾਬ ਦੇ ਖਜ਼ਾਨੇ ‘ਚੋਂ ਲੱਖਾਂ ਰੁਪਏ ਖਰਚ ਕਰ ਉਸ ਲਈ ਕਾਨੂੰਨੀ ਮਦਦ ਵੀ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਇਸ ਰਾਜਨੀਤਿਕ ਪੁਸ਼ਤਪਨਾਹੀ ਕਾਰਨ ਜਿੱਥੇ ਲੋਕਾਂ ਦੇ ਟੈੱਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਉੱਥੇ ਇਸ ਨਾਲ ਗੈਂਗਸਟਰਵਾਦ ਨੂੰ ਵੀ ਸ਼ਹਿ ਮਿਲੀ ਤੇ ਉਹ ਹੋਰ ਵੱਧਦਾ-ਫੁੱਲਦਾ ਗਿਆ। ਸ. ਕੰਗ ਨੇ ਦੁਹਰਾਇਆ ਕਿ ਜੇਲ੍ਹਾਂ ਨੂੰ ਗੈਂਗਸਟਰਾਂ ਲਈ ‘ਸੇਫ਼ ਹਾਊਸ’ ਬਣਾਉਣ ਵਾਲਿਆਂ ਦਾ ਸੱਚ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ ਅਤੇ ਇਸਤੋਂ ਵੀ ਅੱਗੇ ਅਪਰਾਧ ਅਤੇ ਨਸ਼ੇ ਦੀ ਪੁਸ਼ਤਪਨਾਹੀ ਵਿਚ ਸ਼ਾਮਿਲ ਕੁਝ ਵਰਦੀਧਾਰੀਆਂ ਦਾ ਨੈੱਕਸਸ ਵੀ ਮਾਨ-ਸਰਕਾਰ ਨੇ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਦੋਸ਼ੀ ਭਾਂਵੇ ਉਹ ਕੋਈ ਵੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ। ਓਧਰ ਦੂਜੇ ਪਾਸੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਤੇ ਇੱਕ ਸਖ਼ਤ ਟਵੀਟ ਕਰਦਿਆਂ ਕਿਹਾ ਕਿ, ‘ਯੂ.ਪੀ.ਦੇ ਅਪਰਾਧੀ ਨੂੰ ਰੋਪੜ ਜੇਲ ਚ ਸੁੱਖ- ਸਹੂਲਤਾਂ ਦੇ ਕੇ ਰੱਖਿਆ ਗਿਆ..48 ਵਾਰ ਵਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀ ਕੀਤਾ..ਮਹਿੰਗੇ ਵਕੀਲ ਕੀਤੇ..ਖ਼ਰਚਾ 55 ਲੱਖ..ਮੈਂ ਲੋਕਾਂ ਦੇ ਟੈਕਸ ਚੋ ਖ਼ਰਚੇ ਵਾਲੀ ਫ਼ਾਈਲ ਵਾਪਸ ਮੋੜ ਦਿੱਤੀ..ਜਿਹੜੇ ਮੰਤਰੀਆਂ ਦੇ ਹੁਕਮਾਂ ਤੇ ਇਹ ਫੈਸਲਾ ਹੋਇਆ ਖਰਚਾ ਓਹਨਾਂ ਤੋਂ ਵਸੂਲਣ ਦੀ ਰਵਾਇਤ ਬਾਰੇ ਵਿਚਾਰ..’