ਰਵਾਇਤੀ ਖੇਤੀ ਸੰਦ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ । ਭਾਵੇਂ ਆਧੁਨਿਕ ਮਸ਼ੀਨੀ ਯੁੱਗ ਨੇ ਕਿਸਾਨਾਂ ਲਈ ਖੇਤੀ ਕਰਨੀ ਸੌਖੀ ਕਰ ਦਿੱਤੀ ਹੈ ।ਪਰ ਫਿਰ ਵੀ ਅੱਜ ਖੇਤੀ ਦੇ ਰਵਾਇਤੀ ਸੰਦ ਪੰਜਾਬ ਦੇ ਸੱਭਿਆਚਾਰ ਦਾ ਅੰਗ ਮੰਨੇ ਜਾਂਦੇ ਹਨ :

ਪੰਜਾਬ ਦੇ ਰਵਾਇਤੀ ਖੇਤੀ ਸੰਦ ਹੇਠ ਲਿਖੇ ਹਨ :

  • ਰੰਬਾ : ਰੰਬਾ ਖੇਤੀ-ਬਾੜੀ ਦੇ ਸੰਦਾਂ ਵਿੱਚੋਂ ਪ੍ਰਮੁੱਖ ਸੰਦ ਹੈ । ਇਸਨੂੰ ਖੁਰਪਾ ਵੀ ਆਖ ਲਿਆ ਜਾਂਦਾ ਹੈ । ਇਹ ਘਾਹ ਖੋਤਣ ਜਾਂ ਗੋਡੀ ਕਰਨ ਦੇ ਕੰਮ ਆਉਂਦਾ ਹੈ । ਇਸਦਾ ਮੁੱਠਾ ਲੱਕੜ ਦਾ ਬਣਿਆ ਹੋਇਆ ਹੁੰਦਾ ਹੈ ਜੋ ਕਿ ਤਕਰੀਬਨ ਦਾਤਰੀ ਦੇ ਮੁੱਠੇ ਵਰਗਾ ਹੁੰਦਾ ਹੈ । ਇਸਦੇ ਅੱਗੇ ਲੋਹੇ ਦਾ ਪੱਤਰਾ ਲੱਗਾ ਹੁੰਦਾ ਹੈ ਜੋ ਕਿ ਪਿਛਲੇ ਪਾਸਿਓਂ ਗੋਲਾਈਦਾਰ ਹੁੰਦਾ ਹੈ ਅਤੇ ਅਗਲਾ ਪਾਸਾ ਸਿੱਧਾ ਹੁੰਦਾ ਹੈ , ਜਿਸਨੂੰ ਸਮੇਂ-ਸਮੇਂ ਸਿਰ ਚੰਡ ਕੇ ਤਿੱਖਾ ਕਰ ਲਿਆ ਜਾਂਦਾ ਹੈ ।
1
  • ਦਾਤਰੀ : ਦਾਤਰੀ ਖੇਤੀ-ਬਾੜੀ ਦੇ ਸੰਦਾਂ ਵਿੱਚੋਂ ਇੱਕ ਮਹੱਤਵਪੂਰਨ ਸੰਦ ਹੈ । ਭਾਵੇਂ ਅਧੁਨਿਕੀਕਰਨ ਹੋ ਜਾਣ ਕਰਕੇ ਕਣਕ ਦੀ ਕਟਾਈ ਕੰਬਾਈਨਾਂ ਨਾਲ ਕਰਨ ਦੀ ਪੰਜਾਬ ਵਿੱਚ ਪਿਰਤ ਪੈ ਗਈ ਹੈ । ਪਰ ਫਿਰ ਵੀ ਅੱਜ ਵੀ ਲੋਕ ਵਿਸਾਖੀ ਦੇ ਦਿਨ ਕਣਕ ਦੀ ਕਟਾਈ ਕਰਨ ਲਈ ਸ਼ਗਨ ਵਜੋਂ ਦਾਤਰੀ ਨਾਲ ਪੱਕੀ ਫਸਲ ਨੂੰ ਟੱਕ ਦਿੰਦੇ ਹਨ । ਛੋਟੇ ਕਿਸਾਨ ਅੱਜ ਵੀ ਕੰਬਾਈਨ ਨਾਲ ਕਣਕ ਦੀ ਕਟਾਈ ਕਰਵਾਉਣ ਦੀ ਬਜਾਏ ਦਾਤਰੀ ਨਾਲ ਹੱਥੀਂ ਕਟਾਈ ਕਰਨ ਨੂੰ ਤਰਜੀਹ ਦਿੰਦੇ ਹਨ। ਇਸਦਾ ਮੁੱਠਾ ਲੱਕੜ ਦਾ ਬਣਿਆ ਹੁੰਦਾ ਹੈ ਜੋ ਕਿ ਤਕਰੀਬਨ ਰੰਬੇ ਦੇ ਮੁੱਠੇ ਦੀ ਸ਼ਕਲ ਨਾਲ ਮਿਲਦਾ ਜੁਲਦਾ ਹੁੰਦਾ ਹੈ । ਇਸਦੇ ਮੁੱਠੇ ਦੇ ਹੇਠਲੇ ਪਾਸੇ ਵਰਗਾਕਾਰ ਲੋਹੇ ਦੀ ਪੱਤੀ ਨਾਲ ਵਰਗਾਕਾਰ ਹੀ ਲੋਹੇ ਦਾ ਤਿੱਖੇ ਬਰੀਕ ਦੰਦਿਆਂ ਵਾਲਾ ਬਲੇਡ ਫਿੱਟ ਕੀਤਾ ਹੁੰਦਾ ਹੈ । ਦਾਤਰੀ ਪਸ਼ੂਆਂ ਲਈ ਚਾਰਾ ਕੱਟਣ ਲਈ ਵੀ ਵਰਤੀ ਜਾਂਦੀ ਹੈ । ਕਿਸਾਨੀ ਦੇ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਦਾਤਰੀ ਆਮ ਹੀ ਵਰਤੋਂ ਵਿੱਚ ਆਉਂਦੀ ਰਹਿੰਦੀ ਹੈ ।
2
  • ਤੰਗਲ਼ੀ : ਤੰਗਲ਼ੀ ਆਮ ਤੌਰ ‘ਤੇ ਕਣਕ ਦੀ ਕਟਾਈ ਕਰਨ ਪਿੱਛੋਂ ਤੂੜੀ ਇਕੱਠੀ ਕਰਨ ਦੇ ਕੰਮ ਆਉਂਦੀ ਹੈ । ਫਸਲਾਂ ਦੀ ਕਟਾਈ ਪਿੱਛੋਂ ਘਾਹ ਫੂਸ ਅਤੇ ਰਹਿੰਦ-ਖੂੰਹਦ ਇਕੱਠੀ ਕਰਨ ਲਈ ਤੰਗਲ਼ੀ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ । ਤੰਗਲੀ ਸਲੰਘ ਦੀ ਸ਼ਕਲ ਦੀ ਹੁੰਦੀ ਹੈ ਜਿਸਨੂੰ ਇੱਕ ਲੰਮਾ ਦਸਤਾ ਲੱਗਾ ਹੁੰਦਾ ਹੈ । ਇਸਦੇ ਹੇਠਲੇ ਪਾਸੇ ਉਂਗਲੀਆਂ ਦੀ ਸ਼ਕਲ ਦੇ ਲੰਮੇ ਲੱਕੜ ਜਾਂ ਲੋਹੇ ਦੀ ਪਾਈਪ ਦੇ ਸੁੱਤ ਲੱਗੇ ਹੁੰਦੇ ਹਨ । ਪੁਰਾਣੇ ਸਮਿਆਂ ਵੇਲੇ ਮਸ਼ੀਨੀਕਰਨ ਹੋਣ ਤੋਂ ਪਹਿਲਾਂ ਕਿਸਾਨ ਫਸਲਾਂ ਨੂੰ ਗਾਹੁਣ ਲਈ ਤੰਗਲ਼ੀ ਦੀ ਵਰਤੋਂ ਕਰਦੇ ਸਨ ।
  • ਕਰੰਡੀ : ਕਰੰਡੀ ਆਮਤੌਰ ‘ਤੇ ਖੇਤਾਂ ਵਿੱਚੋਂ ਘਹ-ਫੂਸ ਜਾਂ ਫਸਲ ਦੀ ਰਹਿੰਦ-ਖੂੰਹਦ ਜਿਵੇਂ ਕਿ ਜੜ੍ਹਾਂ ਆਦਿ ਅਲੱਗ ਕਰਨ ਦੇ ਕੰਮ ਆਉਂਦੀ ਹੈ । ਇਸਨੂੰ ਬਰਸੀਮ ਦੀ ਬਿਜਾਈ ਕਰਨ ਸਮੇਂ ਮੁੱਖ ਤੌਰ ‘ਤੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ । ਕਰੰਡੀ ਨੂੰ ਵੀ ਤੰਗਲ਼ੀ ਵਾਂਗ ਇੱਕ ਲੰਮਾ ਦਸਤਾ ਲੱਗਾ ਹੁੰਦਾ ਹੈ ਜਿਸਦੇ ਹੇਠਲੇ ਸਿਰੇ ‘ਤੇ ਟਰੈਕਟਰ ਵਾਲੇ ਹਲ਼ਾਂ ਦੀ ਸ਼ਕਲ ਦੇ ਦੋ ਕੁ ਫੁੱਟ ਦੀ ਪੱਤੀ ਹੇਠਾਂ ਛੋਟੇ-ਛੋਟੇ ਦੰਦੇ ਲਗਾਏ ਹੁੰਦੇ ਹਨ ।
4
  • ਹਲ : ਫਸਲ ਦੀ ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਨੂੰ ਚੰਗੀ ਤਰਾਂ ਬਿਜਾਈ ਦੇ ਯੋਗ ਬਣਾਉਣ ਲਈ ਹਲ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ । ਹਲ ਨਾਲ ਮਿੱਟੀ ਦੀ ਉੱਪਰਲੀ ਪਰਤ ਤੋੜਕੇ ਉੱਥਲ-ਪਥਲ ਕਰੀ ਜਾਂਦੀ ਹੈ । ਰਵਾਇਤੀ ਖੇਤੀ ਵਿੱਚ ਹਲ ਪਸ਼ੂਆਂ ਰਾਹੀਂ ਚਲਾਇਆ ਜਾਂਦਾ ਸੀ , ਪਰ ਅਜੋਕੇ ਸਮੇਂ ਹਲ ਨੂੰ ਟਰੈਕਟਰ ਰਾਹੀ ਖਿੱਚਿਆ ਜਾਂਦਾ ਹੈ । ਹਲ ਦਾ ਮੁੱਖ ਉਦੇਸ਼ ਧਰਤੀ ਦੀ ਉੱਪਰਲੀ ਸਤਹ ਨੂੰ ਨਰਮ ਕਰਕੇ ਇਸ ਵਿੱਚ ਪੌਸ਼ਟਿਕ ਤੱਤਾਂ ਨੂੰ ਬੀਜ ਤੱਕ ਪਹੁੰਚਾਉਣਾ ਹੈ ਅਤੇ ਨਦੀਨਾਂ ਜਾਂ ਵਾਧੂ ਘਾਹ-ਫੂਸ ਅਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਮਿੱਟੀ ਹੇਠਾਂ ਦਬਾ ਕੇ ਖਾਦ ਵਿੱਚ ਬਦਲਣਾ ਹੈ ।
5