ਰਵਾਇਤੀ ਲੋਕ ਖੇਡਾਂ

‘ਲੋਕ ਖੇਡ’ ਸ਼ਬਦ ਦੋ ਸ਼ਬਦਾਂ ‘ਲੋਕ’ ਅਤੇ ‘ਖੇਡ’ ਦੇ ਸੁਮੇਲ ਤੋਂ ਬਣਿਆ ਹੈ , ਜਿਸਦਾ ਅਰਥ ਲੋਕਾਂ ਦੁਆਰਾ ਖੇਡੀ ਜਾਣ ਵਾਲੀ ‘ਲੋਕਾਂ ਦੀ ਖੇਡ’ ਹੈ । ਦੂਸਰੇ ਸ਼ਬਦਾਂ ਵਿੱਚ ਕਿਸੇ ਪਿੰਡ ਜਾਂ ਨਗਰ/ਸ਼ਹਿਰ ਦੇ ਲੋਕਾਂ ਵੱਲੋਂ ਖੇਡੀ ਜਾਣ ਵਾਲੀ ਖੇਡ ਲੋਕ-ਖੇਡ ਅਖਵਾਉਂਦੀ ਹੈ । ਖੇਡਾਂ ਖੇਡਣਾ ਮਨੁੱਖ ਦਾ ਕੁਦਰਤੀ ਸੁਭਾਅ ਹੈ । ਮਨੁੱਖ ਪੂਰਵ ਕਾਲ ਤੋਂ ਹੀ ਵੱਖ-ਵੱਖ ਤਰਾਂ ਦੀਆਂ ਖੇਡਾਂ ਖੇਡਦਾ ਆਇਆ ਹੈ । ਉਹ ਆਪਣੀ ਸ਼ਰੀਰਕ ਸ਼ਕਤੀ ਅਤੇ ਰੁਚੀਆਂ ਨੂੰ ਮੁੱਖ ਰੱਖਕੇ ਹੀ ਸ਼ੁਰੂ ਤੋਂ ਹੁਣ ਤੱਕ ਖੇਡਾਂ ਖੇਡਦਾ ਰਿਹਾ ਹੈ । ਇਹ ਖੇਡਾਂ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤੀ ਜ਼ਰੂਰੀ ਹਨ । ਜਿਵੇਂ ਸਰੀਰਕ ਤੰਦਰੁਸਤੀ ਲਈ ਸਮੇਂ- ਸਮੇਂ ਸਿਰ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੀ ਜ਼ਰੂਰਤ ਪੈਂਦੀ ਹੈ, ਠੀਕ ਉਸੇ ਤਰ੍ਹਾਂ ਮਨੁੱਖ ਨੂੰ ਆਪਣੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਵੱਖ ਵੱਖ ਤਰ੍ਹਾਂ ਦੀਆ ਖੇਡਾਂ ਦਾ ਸਹਾਰਾ ਲੈਣਾ ਪੈਂਦਾ ਹੈ । ਇਨ੍ਹਾਂ ਰਵਾਇਤੀ ਲੋਕ ਖੇਡਾਂ ਦੀ ਖ਼ਾਸ ਮਹੱਤਤਾ ਇਹ ਵੀ ਹੈ ਕਿ ਦੂਸਰੀਆਂ ਖੇਡਾਂ ਵਾਂਗ ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕੋਈ ਖ਼ਾਸ ਤਰ੍ਹਾਂ ਦੇ ਨਿਯਮ ਲਾਗੂ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕੋਈ ਖ਼ਾਸ ਸਥਾਨ ਭਾਵ ਕਿਸੇ ਤਰ੍ਹਾਂ ਦੀ ਪ੍ਰਇਮਰੀ ਗਰਾਊਂਡ ਆਦਿ ਦੀ ਜ਼ਰੂਰਤ ਨਹੀਂ ਪੈਂਦੀ । ਇਹ ਖੇਡਾਂ ਕਿਸੇ ਵੀ ਸਮੇਂ ਦੁਪਹਿਰੇ ਜਾਂ ਚਾਨਣੀਆਂ ਰਾਤਾਂ ਨੂੰ ਵੀ ਖੱਲ੍ਹੇ ਵਿਗੜਿਆ , ਬਰੋਟਿਆ ਦੀ ਛਾਵੇਂ , ਗਲ਼ੀਆਂ ਆਦਿ ਜਾਂ ਖੁਲ੍ਹੀਆਂ ਪਈਆਂ ਖਾਲ਼ੀ ਚਰਾਂਦਾਂ ਵਿੱਚ ਵੀ ਮਸਤੀ ਨਾਲ ਖੇਡੀਆਂ ਜਾਂਦੀਆਂ ਹਨ । ਇਨ੍ਹਾਂ ਖੇਡਾਂ ਨੂੰ ਖੇਡਣ ਲਈ ਦੂਸਰੀਆਂ ਖੇਡਾਂ ਹਾਕੀ , ਫੁੱਟਬਾਲ , ਬਾਸਕਟ ਬਾਲ , ਟੈਨਿਸ , ਬੈਡਮਿੰਟਨ ਵਰਗੀਆਂ ਖੇਡਾਂ ਵਿੱਚ ਵਰਤੇ ਜਾਂਦੇ ਖ਼ਾਸ ਮਹਿੰਗੇ ਸਾਮਾਨ ਦੀ ਵੀ ਜ਼ਰੂਰਤ ਨਹੀਂ ਪੈਂਦੀ ।

ਨਿੱਕੇ ਮੁੰਡੇ – ਕੁੜੀਆਂ ਦੀਆਂ ਪੇਂਡੂ ਲੋਕ ਖੇਡਾਂ :

ਭੰਡਾਂ-ਭੰਡਾਰੀਆ : ਇਹ ਖੇਡ ਬਾਲੜੀਆਂ ਨਿਆਣੀ ਉਮਰ ਦੀਆਂ ਕੁੜੀਆਂ ਦੀ ਖੇਡੀ ਜਾਣ ਵਾਲੀ ਖੇਡ ਹੈ । ਇਸ ਖੇਡ ਵਿੱਚ ਖੇਡਣ ਵਾਲੀਆਂ ਕੁੜੀਆਂ ਦੀ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਪਰ ਫਿਰ ਵੀ ਇਸ ਖੇਡ ਨੂੰ ਖੇਡਣ ਲਈ ਘੱਟੋ-ਘੱਟ ਪੰਜ ਖਿਡਾਰੀਆਂ ਦਾ ਹੋਣਾ ਜ਼ਰੂਰੀ ਹੈ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਕੁੜੀਆਂ ਪੁੱਗਦੀਆਂ ਹਨ । ਭੰਡਾਂ-ਭੰਡਾਰੀਆਂ ਵਿੱਚ ਨਾ ਪੁੱਗਣ ਵਾਲ਼ੀਆਂ ਕੁੜੀਆਂ ਨੂੰ ਜ਼ਮੀਨ ਉੱਤੇ ਆਪਣੀਆਂ ਲੱਤਾਂ ਨਿਸਾਰ ਕੇ ਬੈਠਣਾ ਪੈਂਦਾ ਹੈ । ਜ਼ਮੀਨ ਉੱਤੇ ਬੈਠੀ ਕੁੜੀ ਦੇ ਕੋਲ ਖੜੀ ਦੂਸਰੀ ਕੁੜੀ ਆਪਣੇ ਦੋਵੇਂ ਹੱਥਾਂ ਦੀਆਂ ਮੁੱਠੀਆਂ ਬਣਾ ਕੇ  ਉਸਦੇ ਸਿਰ ਸੁੱਤੇ ਇੱਕ-ਇੱਕ ਕਰਕੇ ਦੋਵੇਂ ਮੁੱਠੀਆਂ ਟਿਕਾਉਂਦੀ ਹੋਈ ਬੋਲਦੀ ਹੈ –

                                                             ‘ ਭੰਡਾਂ-ਭੰਡਾਰੀਆ ਕਿੰਨਾ ਕੁ ਭਾਰ ‘

                                                   ਹੇਠਾਂ ਜ਼ਮੀਨ ਸੁੱਤੇ ਬੈਠੀ ਦਾਈ ਦੇ ਰਹੀ ਕੁੜੀ ਬੋਲਦੀ ਹੈ

                                                          ‘ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ‘

1

ਚਿੜੀ ਉੱਡ , ਕਾਂ ਉੱਡ : ਇਹ ਖੇਡ ਵੀ ਨਿੱਕੀਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਖੇਡ ਖੇਡਣ ਲਈ ਖਿਡਾਰੀ ਕੁੜੀਆਂ ਦੀ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਕੁੜੀਆਂ ਪੁੱਗਦੀਆਂ ਹਨ । ਜਿਹੜੀ ਕੁੜੀ ਨਹੀਂ ਪੁੱਗਦੀ ਉਹ ਦੂਸਰੀਆਂ ਬਾਕੀ ਕੁੜੀਆਂ ਨੂੰ ਅਵਾਜ਼ ਮਾਰ ਕੇ ਖਿੰਡਾ ਦਿੰਦੀ ਹੈ । ਕੁੜੀਆਂ ਘੇਰਾ ਬਣਾ ਕੇ ਬੈਠ ਜਾਂਦੀਆਂ ਹਨ ਅਤੇ ਆਪਣੇ-ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਹੇਠਾਂ ਜ਼ਮੀਨ ਉੱਤੇ ਰੱਖ ਲੈਂਦੀਆਂ ਹਨ । ਪੁੱਗਣ ਵਾਲੀ ਕੁੜੀ ਬੋਲਦੀ ਹੈ – ‘ ਕਾਂ ਉੱਡ ‘ਬਾਕੀ ਸਾਰੀਆਂ ਕੁੜੀਆਂ ਆਪਣੇ ਦਿਮਾਗੀ ਚੇਤੰਨਤਾ ਅਨੁਸਾਰ ਕਿ ਕਾਂ ਉੱਡਣ ਵਾਲਾ ਪੰਛੀ ਹੈ , ਆਪਣੀਆਂ ਉਂਗਲਾਂ ਉੱਪਰ ਕਰਕੇ ਆਪਣੇ-ਆਪਣੇ ਹੱਥ ਸਤਹਾਂ ਉਠਾ ਲੈਂਦੀਆਂ ਹਨ ਅਤੇ ਜੇਤੂ ਮੰਨ ਲਈਆਂ ਜਾਂਦੀਆਂ ਹਨ । ਇਸ ਸਮੇਂ ਜਿਹੜੀ ਕੋਈ ਕੁੜੀ ਆਪਣਾ ਹੱਥ ਨਾ ਉਠਾਉਂਦੀ ਤਾਂ ਉਹ ਹਾਰੀ ਹੋਈ ਮੰਨੀ ਜਾਣੀ ਸੀ ।

2

ਗੀਟੇ ( ਰੋੜੇ ) : ਇਹ ਨਿੱਕੀਆਂ ਕੁੜੀਆਂ ਦੀ ਖੇਡ ਹੈ । ਇਸ ਖੇਡ ਨੂੰ ਪੰਜ ਰੋੜਿਆਂ ਨਲ ਖੇਡਿਆ ਜਾਂਦਾ ਹੈ । ਸਾਰੀਆਂ ਕੁੜੀਆਂ ਵਾਰੀ - ਵਾਰੀ ਗੀਟੇ ਖੇਡਦੀਆਂ ਹਨ । ਪਹਿਲਾਂ ਖੇਡਣ ਵਾਲੀ ਕੁੜੀ ਸਾਰੇ ਰੋੜੇ ਮੁੱਠੀ ਵਿੱਚ ਲੈ ਕੇ ਹੇਠਾਂ ਜ਼ਮੀਨ ਤੇ ਖਿਲਾਰ ਦਿੰਦੀ ਹੈ । ਫਿਰ ਇੱਕ ਰੋੜਾ ਉੱਪਰ ਵੱਲ ਮਾਰ ਕੇ ਉਸੇ ਹੱਥ ਨਾਲ ਹੇਠਾਂ ਖਿਲਾਰੇ ਹੋਏ ਬਾਕੀ ਰੋੜਿਆਂ ਨੂੰ  ਫੁਰਤੀ ਨਾਲ ਵੱਧ ਤੋਂ ਵੱਧ ਇਕੱਠੇ ਕਰਕੇ ਉੱਪਰ ਵੱਲ ਮਾਰੇ ਪਹਿਲੇ ਰੋੜੇ ਨੂੰ ਵੀ ਹੇਠਾਂ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਹੀ ਉਸੇ ਹੱਥ ਵਿੱਚ ਬੋਚਦੀ ਹੈ । ਰੋਸ ਤਰਾਂ ਉਹ ਵਾਰੀ – ਵਾਰੀ ਹੇਠਾਂ ਜ਼ਮੀਨ ਤੇ ਪਏ ਸਾਰੇ ਰੋੜੇ ਦੱਸੀ ਵਿਧੀ ਰਾਹੀਂ ਇਕੱਠੇ ਕਰਦੀ ਹੈ । ਇਸ ਤਰ੍ਹਾਂ ਖੇਡਦੇ ਹੋਏ ਜੇਕਰ ਉਸ ਵੱਲੋਂ ਉੱਪਰ ਵੱਲ ਮਾਰਿਆ ਹੋਇਆ ਰੋੜਾ ਨਹੀਂ ਬੋਚ ਹੁੰਦਾ ਤਾਂ ਉਹ ਹਾਰ ਗਈ ਸਮਝੀ ਜਾਂਦੀ ਹੈ ਅਤੇ ਫਿਰ ਦੁਬਾਰਾ ਕੋਈ ਹੋਰ ਦੂਸਰੀ ਕੁੜੀ ਮੁੜ ਤੋਂ ਦੁਬਾਰਾ ਖੇਡ ਸ਼ੁਰੂ ਕਰਦੀ ਹੈ । ਪ੍ਰੰਤੂ ਜੇਕਰ ਸਾਰੀ ਖੇਡ ਵਿੱਚ ਉਹ ਉੱਪਰ ਵੱਲ ਸੁੱਟਿਆ ਰੋੜਾ ਬੋਚਦੀ ਰਹਿੰਦੀ ਹੈ ਤਾਂ ਜੇਤੂ ਮੰਨੀ ਜਾਂਦੀ ਹੈ । ਇਸ ਤਰਾਂ ਜਿੱਤਣ ਵਾਲੀ ਕੁੜੀ ਨੂੰ ਮੁੜ ਦੁਬਾਰਾ ਤੋਂ ਫਿਰ ਖੇਡਣ ਦਾ ਮੌਕਾ ਮਿਲ ਜਾਂਦਾ ਹੈ । ਹਾਰਨ ਵਾਲੇ ਨੂੰ ਦੁਬਾਰਾ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਂਦਾ ।

3

ਅੱਡੀ ਛੜੱਪਾ: ਅੱਡੀ – ਛੜੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਦੋ ਟੋਲੀਆਂ ਬਣਾ ਕੇ ਖੇਡੀ ਜਾਣ ਵਾਲੀ ਖੇਡ ਹੈ । ਖੇਡ ਸ਼ੁਰੂ ਕਰਨ ਸਮੇਂ ਇੱਕ ਟੋਲੀ ਦੀਆਂ ਸਭ ਤੋਂ ਲੰਮੇ ਕੱਦ ਦੀਆਂ ਦੋ ਕੁੜੀਆਂ ਹੇਠਾਂ ਜ਼ਮੀਨ ਤੇ ਆਹਮਣੇ ਸਾਹਮਣੇ ਬੈਠ ਕੇ ਲੱਤਾਂ ਖੋਲ ਕੇ ਆਪਣੇ ਦੋਵੇਂ ਪੈਰਾਂ ਦੀਆਂ ਤਲੀਆਂ ਜੋੜਕੇ ਸਮੁੰਦਰ ਬਣਾ ਲੈਂਦੀਆਂ ਹਨ । ਦੂਸਰੇ ਗਰੁੱਪ ਦੀਆਂ ਕੁੜੀਆਂ ਦੂਰੋਂ ਵਾਰੋ – ਵਾਰੀ ਭੱਜਕੇ ਜ਼ਮੀਨ ਸੁੱਤੇ ਬੈਠੀਆਂ ਕੁੜੀਆਂ ਵੱਲੋਂ ਬਣਾਏ ਸਮੁੰਦਰ ਨੂੰ ਪਾਰ ਕਰਦੀਆਂ ਹਨ । ਇਸੇ ਤਰ੍ਹਾਂ ਹੀ ਫਿਰ ਦੁਬਾਰਾ ਪੈਰਾਂ ਨਾਲ ਪੈਰ ਜੋੜਕੇ ਇੱਕ ਮੁੱਠੀ ਤੋਂ ਮਗਰੋਂ ਮੁੱਠੀਆਂ ਅਤੇ ਗਿੱਠਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਇੱਕ ਤਰ੍ਹਾਂ ਨਾਲ ਕਾਫ਼ੀ ਜਿਆਦਾ ਇੱਕ ਉੱਚਾ ਟਿੱਲਾ ਜਿਹਾ ਬਣ ਜਾਂਦਾ ਹੈ । ਇਸ ਖੇਡ ਵਿੱਚ ਸਮੁੰਦਰ ਵਿੱਚ ਛਾਲਾਂ ਮਾਰਨ ਵਾਲੀਆਂ ਕੁੜੀਆਂ ਵਿੱਚੋਂ ਜੇਕਰ ਕਿਸੇ ਕੁੜੀ ਦਾ ਅੰਗ ਜਾਂ ਕੱਪੜਾ ਹੇਠਾਂ ਬੈਠੀਆਂ ਕੁੜੀਆਂ ਨੂੰ ਛੂਹ ਜਾਂਦਾ ਹੈ ਤਾਂ ਉਹ ਖੇਡ ਵਿੱਚੋਂ ਬਾਹਰ ਹੋ ਜਾਂਦੀ ਹੈ । ਇਸ ਖੇਡ ਦੇ ਖਤਮ ਹੋਣ ਦਾ ਸਮਾਂ ਨਿਸ਼ਚਿਤ ਨਹੀਂ ਹੈ । ਇਹ ਲਗਾਤਾਰ ਖੇਡੀ ਜਾਣ ਵਾਲੀ ਖੇਡ ਹੈ ।

ਖੱਡਾ: ਇਹ ਛੋਟੀਆਂ ਕੁੜੀਆਂ ਦੀ ਖੇਡ ਹੈ । ਇਸ ਖੇਡ ਨੂੰ ਪੀਚੋ ਬੱਕਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਖੇਡ ਨੂੰ ਖੇਡਣ ਲਈ ਧਰਤੀ ਤੇ ਅੱਠ ਜਾਂ ਦੱਸ ਖ਼ਾਨੇ ਬਣਾ ਲਏ ਜਾਂਦੇ ਹਨ । ਖੱਡਾ ਖੇਡਣ ਲਈ ਕੇਵਲ ਇੱਕ ਡੀਟੀ (ਸਪਾਟ ਪੱਥਰ ਦਾ ਟੁਕੜਾ)  ਦੀ ਜ਼ਰੂਰਤ ਪੈਂਦੀ ਹੈ । ਖੱਡਾ ਖੇਡਣ ਵਾਸਤੇ ਖੇਡਣ ਵਾਲ਼ਿਆਂ ਦੀ ਖ਼ਾਸ ਨਿਸ਼ਚਿਤ ਗਿਣਤੀ ਦੀ ਜ਼ਰੂਰਤ ਨਹੀਂ ਪੈਂਦੀ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਪੁੱਗ ਲਿਆ ਜਾਂਦਾ ਹੈ । ਪਹਿਲਾਂ ਪੁੱਗਣ ਵਾਲੀ ਕੁੜੀ ਪਹਿਲਾਂ ਖੇਡਦੀ ਹੈ । ਖੇਡਣ ਵਾਲੀ ਕੁੜੀ  ਸਭ ਤੋਂ ਪਹਿਲਾਂ ਪਹਿਲੇ ਖ਼ਾਨੇ ਵਿੱਚ ਡੀਟੀ ਸੁੱਟਦੀ ਹੈ । ਜੇਕਰ ਉਸ ਵੱਲੋਂ ਸੁੱਟੀ ਗਈ ਡੀਟੀ ਖ਼ਾਨੇ ਵਿੱਚ ਡਿੱਗਣ ਦੀ ਬਜਾਏ ਕਾਰਨ ਨੂੰ ਛੂਹ ਜਾਂਦੀ ਹੈ ਤਾਂ ਉਹ ਖੇਡ ਵਿੱਚੋਂ ਬਾਹਰ ਹੋ ਜਾਂਦੀ ਹੈ । ਪ੍ਰੰਤੂ ਜੇਕਰ ਡੀਟੀ ਖ਼ਾਨੇ ਵਿੱਚ ਡਿੱਗ ਪੈਂਦੀ ਹੈ ਤਾਂ ਉਹ ਆਪਣੇ ਇੱਕ ਪੈਰ ਨੂੰ ਉੱਪਰ ਚੁੱਕ ਕੇ ਦੂਸਰੇ ਪੈਰ ਨਾਲ ਸਾਰੇ ਖ਼ਾਨਿਆਂ ਵਿੱਚੋਂ ਬਾਹਰ ਕੱਢਦੀ ਹੈ । ਪਰ ਜੇਕਰ ਅਜਿਹਾ ਕਰਦੇ ਸਮੇਂ ਵੀ ਡੀਟੀ ਲਾਈਨ ਨੂੰ ਛੂਹ ਜਾਂਦੀ ਹੈ ਤਾਂ ਉਹ ਖੇਡ ਤੋਂ ਬਾਹਰ ਹੋ ਜਾਂਦੀ ਹੈ । ਇਸ ਤਰ੍ਹਾਂ ਪਹਿਲੇ ਖ਼ਾਨੇ ਤੋਂ ਅਖੀਰਲੇ ਖ਼ਾਨੇ ਤੱਕ ਉਹ ਵਾਰੀ – ਵਾਰੀ ਪਹਿਲੀ ਪ੍ਰਕਿਰਿਆ ਵਾਂਗ ਹੀ ਖੇਡਦੀ ਹੈ । ਇਸ ਤਰ੍ਹਾਂ ਹੀ ਵਾਰੀ – ਵਾਰੀ ਸਾਰੀਆਂ ਕੁੜੀਆਂ ਖੱਡਾ ਖੇਡਦੀਆਂ ਹਨ ।

4

ਕੋਟਲਾ ਛਪਾਕੀ: ਕੋਟਲਾ ਛਪਾਕੀ ਖੇਡ ਕਾਜੀ ਕੋਟਲੇ ਦੀ ਮਾਰ ਖੇਡ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ । ਇਹ ਖੇਡ ਮੁੰਡੇ – ਕੁੜੀਆਂ ਵੱਲੋਂ ਮਿਲਕੇ ਵੀ ਖੇਡੀ ਜਾਣ ਵਾਲੀ ਖੇਡ ਹੈ ਅਤੇ ਜਾਂ ਮੁੰਡੇ – ਕੁੜੀਆਂ ਵੱਲੋਂ ਅਲੱਗ – ਅਲੱਗ ਵੀ ਖੇਡੀ ਜਾ ਸਕਦੀ ਹੈ । ਇਸਨੂੰ ਖੇਡਣ ਲਈ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੈ । ਪ੍ਰੰਤੂ ਕੋਟਲਾ ਛਪਾਕੀ ਖੇਡਣ ਲਈ ਘੱਟੋ ਘੱਟ ਦਸ ਤੋਂ ਪੰਦਰਾਂ ਖਿਡਾਰੀ ਹੋਣੇ ਵੀ ਜ਼ਰੂਰੀ ਹਨ । ਇਹ ਕੋਟਲੇ ਨਾਲ ਖੇਡੀ ਜਾਣ ਵਾਲੀ ਖੇਡ ਹੈ । ਕਿਸੇ ਕੱਪੜੇ ਨੂੰ ਵੱਟ ਦੇ ਕੇ ਉਸਨੂੰ ਦੂਹਰਾ ਕਰਕੇ ਦੋ ਜਾਂ ਤਿੰਨ ਕੁ ਫੁੱਟ ਦਾ ਇੱਕ ਪੋਲਾ ਜਿਹਾ ਰੱਸਾ ਬਣਾ ਲਿਆ ਜਾਂਦਾ ਹੈ ਜਿਸਨੂੰ ਕੋਟਲਾ ਆਖਦੇ ਹਨ । ਕੋਟਲਾ ਛਪਾਕੀ ਖੇਡਣ ਤੋਂ ਪਹਿਲਾਂ ਪੁੱਗ ਲਿਆ ਜਾਂਦਾ ਹੈ । ਦਾਈ ਦੇਣ ਵਾਲਾ ਪੁੱਗਣ ਸਮੇਂ ਹਾਰਿਆ ਖਿਡਾਰੀ ਕੋਟਲੇ ਨੂੰ ਆਪਣੇ ਹੱਥ ਵਿੱਚ ਫੜ ਲੈਂਦਾ ਹੈ । ਬਾਕੀ ਸਾਰੇ ਖਿਡਾਰੀ ਹੇਠਾਂ ਧਰਤੀ ਉੱਤੇ ਕਾਫੀ ਚੌੜਾ ਘੇਰਾ ਬਣਾ ਕੇ ਸਾਰੇ ਅੰਦਰ ਵੱਲ ਮੂੰਹ ਘੁਮਾਕੇ ਆਪਣਾ ਚਿਹਰਾ ਗੋਡਿਆਂ ਵਿੱਚ ਛੁਪਾਂਗੇ ਬੈਠ ਜਾਂਦੇ ਹਨ ਅਤੇ ਦਾਈ ਦੇਣ ਵਾਲਾ ਕੋਟਲਾ ਫੜਕੇ ਹੇਠਾਂ ਬੈਠੇ ਬਾਕੀਆਂ ਦੁਆਲੇ ਚੱਕਰ ਲਗਾਉਂਦਾ ਹੋਇਆ ਬੋਲਦਾ ਹੈ ,

                                                         ‘ ਕੋਟਲਾ ਛਪਾਕੀ ਜੁਮੇ ਰਾਤ ਆਈ ਏ । ‘

                                                 ਹੇਠਾਂ ਬੈਠੇ ਬਾਕੀ ਸਾਰੇ ਦੂਸਰੇ ਖਿਡਾਰੀ ਬੋਲਦੇ ਹਨ ,

                                                             ‘  ਆਈ ਏ , ਜੀ ਆਈ ਏ । ‘

                                             ਚੱਕਰ ਲਗਾ ਰਿਹਾ ਦਾਈ ਦੇਣ ਵਾਲਾ ਖਿਡਾਰੀ ਫਿਰ ਬੋਲਦਾ ਹੈ ,

                                               ‘ ਜਿਹੜਾ ਅੱਗੜ ਪਿੱਛੜ ਝਾਕੂ ਉਹਦੀ ਸਾਮਤ ਆਈ ਏ । ‘

ਦਾਈ ਦੇਣ ਵਾਲਾ ਖਿਡਾਰੀ ਬੈਠੇ ਖਿਡਾਰੀਆਂ ਦੁਆਲੇ ਚੱਕਰ ਲਗਾਉਂਦੇ ਸਮੇਂ ਚੁਸਤੀ ਦਿਖਾਉਂਦਿਆਂ ਹੋਇਆਂ ਚੋਰੀ ਕਿਸੇ ਦੂਸਰੇ ਖਿਡਾਰੀ ਪਿੱਛੇ ਕੋਟਲਾ ਰੱਖ ਦਿੰਦਾ ਹੈ । ਜੇਕਰ ਹੇਠਾਂ ਬੈਠੇ ਖਿਡਾਰੀਆਂ ਵਿੱਚੋਂ ਕੋਈ ਚੋਰ ਅੱਖ ਨਾਲ ਦੇਖਣ ਦਾ ਯਤਨ ਕਰਦਾ ਹੈ ਕਿ ਕੋਟਲਾ ਕਿਸ ਪਿੱਛੇ ਦਾਈ ਦੇਣ ਵਾਲੇ ਨੇ ਰੱਖਿਆ ਹੈ ਤਾਂ ਦਾਈ ਦੇਣ ਵਾਲਾ ਉਸਦੇ ਢੂਹੇ ਉੱਤੇ ਕੋਟਲਾ ਮਾਰਦਾ ਹੈ । ਪ੍ਰੰਤੂ ਜੇਕਰ ਹੇਠਾਂ ਬੈਠੇ ਖਿਡਾਰੀ ਨੂੰ ਪਤਾ ਲੱਗ ਜਾਵੇ ਕਿ ਦਾਈ ਦੇਣ ਵਾਲੇ ਵੱਲੋਂ ਕੋਟਲਾ ਉਸਦੇ ਪਿੱਛੇ ਰੱਖਿਆ ਹੋਇਆ ਹੈ ਤਾਂ ਉਹ ਆਪਣੇ ਪਿੱਛਿਓਂ ਕੋਟਲਾ ਚੁੱਕਕੇ ਦਾਈ ਦੇਣ ਵਾਲੇ ਪਿੱਛੇ ਉਸਨੂੰ ਕੋਟਲਾ ਮਾਰਨ ਲਈ ਦੌੜਦਾ ਹੈ । ਉਹ ਦਾਈ ਦੇਣ ਵਾਲੇ ਦਾ ਉਦੋਂ ਤੱਕ ਪਿੱਛਾ ਕਰਦਾ ਹੈ ਜਦੋਂ ਤੱਕ ਦਾਈ ਦੇਣ ਵਾਲਾ ਉਸਦੀ ਜਗ੍ਹਾ ਉੱਤੇ ਬੈਠ ਨਹੀਂ ਜਾਂਦਾ ।

ਜੇਕਰ ਹੇਠਾਂ ਬੈਠੇ ਕਿਸੇ ਖਿਡਾਰੀ ਨੂੰ ਇਹ ਨਾ ਪਤਾ ਲੱਗੇ ਕਿ ਕੋਟਲਾ ਉਸ ਪਿੱਛੇ ਪਿਆਂ ਹੈ ਤਾਂ ਦਾਈ ਦੇਣ ਵਾਲਾ ਕੋਟਲੇ ਨਾਲ ਉਸਨੂੰ ਕੁੱਟਦਾ ਹੈ ਅਤੇ ਇਸ ਪਿੱਛੋਂ ਦੂਸਰਾ ਖਿਡਾਰੀ ਦਾਈ ਦਿੰਦਾ ਹੈ ।   

        

5

ਬਾਂਦਰ ਕੀਲਾ:  ਬਾਂਦਰ ਕੀਲਾ ਬੱਚਿਆ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਖੇਡ ਹੈ । ਪ੍ਰੰਤੂ ਅਜੋਕੇ ਸਮੇਂ ਦੀ ਕਰਵਟ ਨੇ ਇਸ ਖੇਡ ਨੂੰ ਅਲੋਪ ਕਰ ਦਿੱਤਾ ਹੈ । ਇਹ ਖੁੱਲ੍ਹੇ ਮੈਦਾਨਾਂ ਵਿੱਚ ਖੇਡੀ ਜਾਣ ਵਾਲੀ ਖੇਡ ਹੈ । ਇਸਨੂੰ ਖੇਡਣ ਲਈ ਖਿਡਾਰੀਆਂ ਦੀ ਖ਼ਾਸ ਗਿਣਤੀ ਨਿਸ਼ਚਿਤ ਨਹੀਂ ਹੈ । ਪ੍ਰੰਤੂ ਫਿਰ ਵੀ ਇਸ ਖੇਡ ਵਿੱਚ ਜਿਆਦਾ ਘੱਟ ਖਿਡਾਰੀ ਹੋਣ ਤੇ ਬਾਂਦਰ ਕੀਲਾ ਖੇਡਣ ਵਿੱਚ ਮਜ਼ਾ ਨਹੀਂ ਲਿਆ ਜਾ ਸਕਦਾ । ਇਸਨੂੰ ਖੇਡਣ ਲਈ ਸਭ ਤੋਂ ਪਹਿਲਾਂ ਧਰਤੀ ਉੱਤੇ ਇੱਕ ਚਾਰ – ਪੰਜ ਫੁੱਟ ਦੇ ਘੇਰੇ ਦਾ ਚੱਕਰ ਵਾਹ ਲਿਆ ਜਾਂਦਾ ਹੈ ਅਤੇ ਉਸਦੇ ਬਿਲਕੁਲ ਵਿਚਕਾਰ ਇੱਕ ਕਿੱਲਾ ਗੱਡ ਲਿਆ ਜਾਂਦਾ ਹੈ । ਉਸ ਕਿੱਲੇ ਨੂੰ ਪੰਜ ਕੁ ਫੁੱਟ ਦੀ ਰੱਸੀ ਬੰਨ੍ਹ ਲਈ ਜਾਂਦੀ ਹੈ । ਚੱਕਰ ਵਿੱਚ ਸਾਰੇ ਖਿਡਾਰੀ ਆਪਣੀਆਂ ਜੁੱਤੀਆਂ ਰੱਖ ਦਿੰਦੇ ਹਨ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀ ਪੁੱਗ ਲੈਂਦੇ ਹਨ ਅਤੇ ਹਾਰਨ ਵਾਲੇ ਖਿਡਾਰੀ ਨੂੰ ਦਾਈ ਦੇਣੀ ਪੈਂਦੀ ਹੈ । ਦਾਈ ਦੇਣ ਵਾਲਾ ਕਿੱਲੇ ਨਾਲ ਬੰਨ੍ਹੀ ਰੱਸੀ ਦਾ ਸਿਰਾ ਫੜਕੇ ਚੱਕਰ ਵਿੱਚ ਖੜੋ ਜਾਂਦਾ ਹੈ । ਬਾਹਰ ਖੜੇ ਦੂਸਰੇ ਖਿਡਾਰੀ ਦਾਈ ਦੇਣ ਵਾਲੇ ਨੂੰ ਝਕਾਨੀ ਦਿੰਦੇ ਹੋਏ ਚੱਕਰ ਵਿੱਚੋਂ ਜੁੱਤੀਆਂ ਜਾਂ ਚੱਪਲ਼ਾਂ ਚੁੱਕਦੇ ਹਨ । ਦਾਈ ਦੇਣ ਵਾਲਾ ਚੱਕਰ ਦੇ ਅੰਦਰ ਰਹਿਕੇ ਹੀ ਬਾਹਰ ਵਾਲੇ ਖਿਡਾਰੀਆਂ ਨੂੰ ਜੁੱਤੀਆਂ ਚੁੱਕਣ ਸਮੇ ਛੂਹਣ ਦਾ ਯਤਨ ਕਰਦਾ ਹੈ । ਜੇਕਰ ਦਾਈ ਦੇਣ ਵਾਲਾ ਜੁੱਤੀਆਂ ਚੁੱਕਣ ਵਾਲੇ ਵਿੱਚੋਂ ਕਿਸੇ ਨੂੰ ਛੂਹ ਦਿੰਦਾ ਹੈ ਤਾਂ ਛੂਹੇ ਜਾਣ ਵਾਲੇ ਨੂੰ ਦਾਈ ਦੇਣ ਵਾਲੇ ਦੀ ਜਗ੍ਹਾ ਲੈਣੀ ਪੈਂਦੀ ਹੈ । ਪ੍ਰੰਤੂ ਜੇਕਰ ਬਾਹਰ ਵਾਲੇ ਖਿਡਾਰੀ ਦਾਈ ਦੇਣ ਵਾਲੇ ਨੂੰ ਝਕਾਨੀਆਂ ਦੇ ਕੇ ਚੱਕਰ ਵਿੱਚੋਂ ਸਾਰੀਆਂ ਜੁੱਤੀਆਂ ਚੁੱਕ ਲੈਂਦੇ ਹਨ ਤਾਂ ਦਾਈ ਦੇਣ ਵਾਲੇ ਨੂੰ ਕਿਸੇ ਖ਼ਾਸ ਦੂਰੀ ਤੇ ਨਿਸ਼ਚਿਤ ਕੀਤੀ ਚੀਜ਼ ਨੂੰ ਭੱਜਕੇ ਛੂਹਣ ਜਾਣਾ ਪੈਂਦਾ ਹੈ । ਭੱਜੇ ਜਾਂਦੇ ਵੱਲ ਪਿੱਛੇ ਬਾਕੀ ਖਿਡਾਰੀ ਜੁੱਤੀਆਂ ਮਾਰਦੇ ਹੋਏ ਪਿੱਛਾ ਕਰਦੇ ਹਨ । ਦਾਈ ਦੇਣ ਵਾਲੇ ਨੂੰ ਜੁੱਤੀਆਂ ਦੀ ਮਾਰ ਉਦੋਂ ਤੱਕ ਪੈਂਦੀ ਰਹਿੰਦੀ ਹੈ ਜਦੋਂ ਤੱਕ ਉਹ ਨਿਸ਼ਚਿਤ ਕੀਤੀ ਚੀਜ਼ ਨੂੰ ਛੂਹ ਨਹੀਂ ਲੈਂਦਾ ਅਤੇ ਨਿਸ਼ਚਿਤ ਕੀਤੀ ਗਈ ਚੀਜ਼ ਛੂਹਣ ਪਿੱਛੋਂ ਖੇਡ ਮੁੜ ਤੋਂ ਸ਼ੁਰੂ ਕੀਤੀ ਜਾਂਦੀ ਹੈ ।

Bander kila

ਗੁੱਲੀ ਡੰਡਾ:   ਗੁੱਲੀ ਡੰਡਾ ਪੰਜਾਬ ਦੀ ਮੁੰਡਿਆਂ ਦੁਆਰਾ ਖੇਡੀ ਜਾਣ ਵਾਲੀ ਪ੍ਰਾਚੀਨ ਖੇਡ ਹੈ । ਇਹ ਖੁੱਲ੍ਹੇ ਮੈਦਾਨ ਵਿੱਚ ਘੁੱਤੀ (ਰਾਬ ) ਬਣਾਕੇ ਖੇਡੀ ਜਾਣ ਵਾਲੀ ਖੇਡ ਹੈ । ਇਸਨੂੰ ਖੇਡਣ ਲਈ ਗੁੱਲੀ ਅਤੇ ਡੰਡੇ ਦੀ ਜ਼ਰੂਰਤ ਪੈਂਦੀ ਹੈ । ਚਾਰ ਕੁ ਇੰਚ ਦੇ ਡੰਡੇ ਨੂੰ ਸਿਰਿਆਂ ਤੋਂ ਘੜਕੇ ਗੁੱਲੀ ਤਿਆਰ ਕਰ ਲਈ ਜਾਂਦੀ ਹੈ ਅਤੇ ਢਾਈ – ਤਿੰਨ ਫੁੱਟ ਦਾ ਇੱਕ ਡੰਡਾ ਤਿਆਰ ਕਰ ਲਿਆ ਜਾਂਦਾ ਹੈ । ਆਮਤੌਰ ਤੇ ਡੰਡੇ ਦੀ ਚੋਣ ਖੇਡਣ ਵਾਲਾ ਆਪਣੇ ਕੱਦ ਦੇ ਹਿਸਾਬ ਨਾਲ ਵੀ ਕਰ ਲੈਂਦਾ ਹੈ । ਗੁੱਲੀ ਡੰਡਾ ਦੋ ਟੋਲੀਆਂ ਬਣਾਕੇ ਖੇਡੀ ਜਾਣ ਵਾਲੀ ਖੇਡ ਹੈ । ਕਈ ਵਾਰੀ ਦੋ ਖਿਡਾਰੀ ਆਪਣੀ – ਆਪਣੀ ਮਰਜ਼ੀ ਨਾਲ ਚੋਣ ਕਰਕੇ ਦੋ ਟੋਲੀਆਂ ਬਣਾ ਲੈਂਦੇ ਹਨ । ਖੇਡ ਸ਼ੁਰੂ ਕਰਨ ਵੇਲੇ ਵਾਰੀ ਦੇਣ ਵਾਲੀ ਟੋਲੀ ਰਾਬ ਦੇ ਅਗਲੇ ਪਾਸੇ ਖੜੋ ਜਾਂਦੀ ਹੈ ਅਤੇ ਦੂਸਰੀ ਟੋਲੀ ਰਾਬ ਦੇ ਪਿਛਲੇ ਪਾਸੇ ਖੜੋ ਜਾਂਦੀ ਹੈ । ਇਸ ਖੇਡ ਵਿੱਚ ਪਹਿਲਾਂ ਵਾਰੀ ਲੈਣ ਲਈ ਗੁੱਲੀ ਡੰਡੇ ਨਾਲ ਬੱਤੀਆਂ ਪਾਈਆਂ ਜਾਂਦੀਆਂ ਹਨ । ਵੱਧ ਬੱਤੀਆਂ ਪਾਉਣ ਵਾਲਾ ਪਹਿਲਾਂ ਵਾਰੀ ਲੈਂਦਾ ਹੈ । ਵਾਰੀ ਲੈਣ ਵਾਲਾ ਮੁੰਡਾ ਘੁੱਤੀ ( ਰਾਬ ) ਉੱਤੇ ਗੁੱਲੀ ਟਿਕਾ ਕੇ ਹੇਠਾਂ ਤੋਂ ਡੰਡੇ ਨਾਲ ਗੁੱਲੀ ਨੂੰ ਜ਼ੋਰ ਦੇ ਕੇ ਉਛਾਲਦਾ ਹੈ । ਜੇਕਰ ਉਸ ਵੱਲੋਂ ਉਛਾਲੀ ਗਈ ਗੁੱਲੀ ਸਾਹਮਣੇ ਖੜੀ ਦੂਸਰੀ ਟੋਲੀ ਦੇ ਖਿਡਾਰੀਆਂ ਵੱਲੋਂ ਧਰਤੀ ਤੇ ਡਿੱਗਣ ਤੋਂ ਪਹਿਲਾਂ ਬੋਚ ਲਈ ਜਾਂਦੀ ਹੈ ਤਾਂ ਵਾਰੀ ਲੈਣ ਵਾਲਾ ਖੇਡ ਵਿੱਚੋਂ ਬਾਹਰ ਹੋ ਜਾਂਦਾ ਹੈ ਅਤੇ ਫਿਰ ਦੂਸਰੀ ਟੋਲੀ ਵਾਲਾ ਵਾਰੀ ਲੈਂਦਾ ਹੈ । ਜੇਕਰ ਵਿਰੋਧੀ ਖਿਡਾਰੀ ਉਛਾਲੀ ਗਈ ਗੁੱਲੀ ਨੂੰ ਬੋਚਣ ਤੋਂ ਖੁੰਝ ਜਾਂਦਾ ਹੈ ਤਾਂ ਵਿਰੋਧੀਆਂ ਵਿੱਚੋਂ ਕੋਈ ਇੱਕ ਖਿਡਾਰੀ ਘੁੱਤੀ ਉੱਪਰ ਰੱਖੇ ਡੰਡੇ ਨੂੰ ਗੁੱਲੀ ਨਾਲ ਨਿਸ਼ਾਨਾ ਬਣਾ ਕੇ ਸੁੱਟਦਾ ਹੈ । ਜੇਕਰ ਗੁੱਲੀ ਦਾ ਡੰਡੇ ਨੂੰ ਨਿਸ਼ਾਨਾ ਲੱਗ ਜਾਂਦਾ ਹੈ ਜਾਂ ਘੁੱਤੀ ਵਿੱਚ ਪੈ ਜਾਂਦੀ ਹੈ ਤਾਂ ਦੂਸਰੀ ਟੋਲੀ ਦੀ ਖੇਡਣ ਦੀ ਵਾਰੀ ਆ ਜਾਂਦੀ ਹੈ । ਪ੍ਰੰਤੂ ਜੇਕਰ ਗੁੱਲੀ ਡੰਡੇ ਨੂੰ ਨਹੀਂ ਛੂੰਹਦੀ ਜਾਂ ਘੁੱਤੀ ਵਿੱਚ ਨਹੀਂ ਪੈਂਦਾ ਤਾਂ ਵਾਰੀ ਲੈਣ ਵਾਲਾ ਗੁੱਲੀ ਦੀ ਨੋਕ ਤੇ ਪੋਲਾ ਜਿਹਾ ਡੰਡਾ ਮਾਰਦਾ ਹੈ । ਜਿਉਂ ਹੀ ਗੁੱਲੀ ਉੱਪਰ ਬੁੜ੍ਹਕਦੀ ਹੈ ਤਾਂ ਡੰਡੇ ਨਾਲ ਗੁੱਲੀ ਨੂੰ ਜ਼ੋਰ ਲਗਾਕੇ ਬੱਘ ਮਾਰਦਾ ਹੈ ਜਿਸ ਨਾਲ ਗੁੱਲੀ ਦੂਰ ਹਵਾ ਵਿੱਚ ਉਛਲਦੀ ਹੋਈ ਜਾ ਡਿੱਗਦੀ ਹੈ । ਜੇਕਰ ਹਵਾ ਵਿੱਚ ਉਛਲੀ ਗੁੱਲੀ ਹੇਠਾਂ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਕਿਸੇ ਵਿਰੋਧੀ ਖਿਡਾਰੀ ਵੱਲੋਂ ਕ੍ਰਿਕਟ ਦੀ ਬਾਲ ਵਾਂਗ ਬੋਚ ਲਈ ਜਾਂਦੀ ਹੈ ਤਾਂ ਖੇਡਣ ਵਾਲਾ ਆਊਟ ਹੋ ਜਾਂਦਾ ਹੈ ਅਤੇ ਫਿਰ ਉਸਦੀ ਜਗ੍ਹਾ ਦੂਸਰਾ ਖਿਡਾਰੀ ਲੈਂਦਾ ਹੈ ।

guli danda

ਬੰਟੇ (ਗੋਲ਼ੀਆਂ ):  ਬੰਟੇ ਪੰਜਾਬੀਆਂ ਦੀ ਬਹੁਤ ਹੀ ਲੋਕਪ੍ਰਿਅ ਪੇਂਡੂ ਖੇਡ ਹੈ । ਭਾਵੇਂ ਇਹ ਛੋਟੇ ਮੁੰਡਿਆ ਵੱਲੋਂ ਖੇਡੀ ਜਾਣ ਵਾਲੀ ਖੇਡ ਮੰਨੀ ਜਾਂਦੀ ਹੈ । ਪ੍ਰੰਤੂ ਇਸਨੂੰ ਨੌਜੁਆਨ ਵੀ ਸ਼ੌਕ ਨਲ ਖੇਡਣਾ ਪਸੰਦ ਕਰਦੇ ਹਨ । ਇਸਨੂੰ ਅਲੱਗ – ਅਲੱਗ ਖ਼ਿੱਤਿਆਂ ਵਿੱਚ ਵੱਖਰੇ – ਵੱਖਰੇ ਨਾਂ ਨਾਲ ਜਾਣਿਆਂ ਜਾਂਦਾ ਹੈ । ਇਸ ਖੇਡ ਨੂੰ ਉੱਤਰੀ ਭਾਰਤ ਵਿੱਚ ਕੰਚੇ ਅਤੇ ਦੱਖਣੀ ਭਾਰਤ ਵਿੱਚ ਗੋਲੀ ਗੁੰਡੂ ਦੇ ਨਾਂ ਨਲ ਜਾਣਿਆ ਜਾਂਦਾ ਹੈ । ਬੰਟੇ ਕਈ ਤਰਾਂ ਨਾਲ ਖੇਡੇ ਜਾਂਦੇ ਹਨ । ਇਸ ਖੇਡ ਲਈ ਘੱਟੋ ਘੱਟ ਦੋ ਖਿਡਾਰੀ ਹੋਣੇ ਜ਼ਰੂਰੀ ਹਨ । ਬੰਟੇ ਖੇਡਣ ਲਈ ਸਭ ਤੋਂ ਪਹਿਲਾਂ ਖੁੱਤੀ ਜਾਂ ਪਿੱਲ ਪੁੱਟ ਲਈ ਜਾਂਦੀ ਹੈ ਅਤੇ ਖੁੱਤੀ ਤੋਂ ਥੱਪੜਾਂ ਪਿੱਛੇ ਲਕੀਰ ਖਿੱਚਕੇ ਬੰਟੇ ਸੁੱਟਣ ਲਈ ਜਗਾ ਮਿਥ ਲਈ ਜਾਂਦੀ ਹੈ । ਨਿਸ਼ਾਨਾ ਲਾਉਣ ਵਾਲੀ ਖੇਡ ਵਿੱਚ ਬਰਾਬਰ ਗਿਣਤੀ ਵਿੱਚ ਬੰਟੇ ਪਾ ਲਏ ਜਾਂਦੇ ਹਨ । ਪਹਿਲਾਂ ਵਾਰੀ ਲੈਣ ਵਾਲਾ ਖਿਡਾਰੀ ਇੱਕ ਨਿਸ਼ਚਿਤ ਸਥਾਨ ਤੋਂ ਪਿੱਲ ਜਾਂ ਖੁੱਤੀ ਵੱਲ ਬੰਟੇ ਸੁੱਟਦਾ ਹੈ । ਕੁਝ ਬੰਟੇ ਪਿੱਲ ਵਿੱਚ ਪੈ ਜਾਂਦੇ ਹਨ ਅਤੇ ਕੁਝ ਬਾਹਰ ਰਹਿ ਜਾਂਦੇ ਹਨ । ਵਿਰੋਧੀ ਖਿਡਾਰੀ ਬਾਹਰ ਰਹਿ ਗਏ ਬੰਟਿਆਂ ਵਿੱਚੋਂ ਕਿਸੇ ਇੱਕ ਤੇ ਵਾਰੀ ਲੈਣ ਵਾਲੇ ਨੂੰ ਨਿਸ਼ਾਨਾ ਲਾਉਣ ਲਈ ਆਖਦਾ ਹੈ । ਜੇਕਰ ਉਹ ਨਿਸ਼ਾਨਾ ਲਗਾ ਦਿੰਦਾ ਹੈ ਤਾਂ ਵਾਰੀ ਲੈਣ ਵਾਲਾ ਸਾਰੇ ਬੰਟੇ ਜਿੱਤ ਲੈਂਦਾ ਹੈ । ਪ੍ਰੰਤੂ ਜੇਕਰ ਨਿਸ਼ਾਨਾ ਨਹੀਂ ਲੱਗਦਾ ਤਾਂ ਸਿਰਫ ਪਿੱਲ ਜਾਂ ਖੁੱਤੀ ਵਿੱਚ ਆਏ ਬੰਟੇ ਵਾਰੀ ਲੈਣ ਵਾਲਾ ਜਿੱਤਦਾ ਹੈ ਅਤੇ ਬਾਕੀ ਬਚਦੇ ਬੰਟਿਆਂ ਨਾਲ ਵਿਰੋਧੀ ਦੁਬਾਰਾ ਪਹਿਲੀ ਵਿਧੀ ਦੁਹਰਾਉਂਦਾ ਹੈ । ਪ੍ਰੰਤੂ ਜੇਕਰ ਨਿਸ਼ਾਨਾ ਲਾਉਣ ਸਮੇਂ ਕਿਸੇ ਹੋਰ ਬੰਟੇ ਨੂੰ ਨਿਸ਼ਾਨਾ ਲੱਗ ਜਾਂਦਾ ਹੈ ਤਾਂ ਵਾਰੀ ਲੈਣ ਵਾਲਾ ਪਿੱਲ ਵਿੱਚ ਆਏ ਬੰਟੇ ਵੀ ਹਾਰ ਜਾਂਦਾ ਹੈ ।ਇਸਤੋਂ ਇਲਾਵਾ ਬੰਟਿਆਂ ਨਾਲ ਖੇਡੀਆਂ ਜਾਣ ਵਾਲੀਆਂ ਕਈ ਤਰਾਂ ਦੀਆਂ ਵੱਖ ਵੱਖ ਹੋਰ ਵੀਖੇਡਾਂ ਹਨ ।

7