ਰਵਾਇਤੀ ਘਰੇਲੂ ਵਸਤਾਂ

ਪੰਜਾਬ ਦੀਆਂ ਪੁਰਾਤਨ ਸਮੇਂ ਦੀਆਂ ਰਵਾਇਤੀ ਘਰੇਲੂ ਵਸਤਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਜੋ ਕਿ ਅਜੋਕੀ ਯੁਵਾ ਪੀੜ੍ਹੀ ਲਈ ਮਾਰਗ-ਦਰਸ਼ਕ ਹੋ ਸਕਦੀਆਂ ਹਨ । ਪੰਜਾਬ ਦੀਆਂ ਰਵਾਇਤੀ ਘਰੇਲੂ ਵਸਤਾਂ ਹੇਠ ਲਿਖੀਆਂ ਹਨ -


ਮਧਾਣੀ : ਮਧਾਣੀ ਪੰਜਾਬ ਦੀਆਂ ਸੁਆਣੀਆਂ ਦੀ ਰਵਾਇਤੀ ਘਰੇਲੂ ਵਸਤੂ ਹੈ । ਮਧਾਣੀ ਪੰਜਾਬ ਦੀ ਰਸੋਈ ਦਾ ਸ਼ਿੰਗਾਰ ਮੰਨੀ ਗਈ ਹੈ । ਇਹ ਲੱਕੜ ਤੋਂ ਬਣੀ ਹੁੰਦੀ ਹੈ । ਲੱਕੜ ਦੇ ਢਾਈ ਤੋਂ ਤਿੰਨ ਕੁ ਫੁੱਟ ਲੰਮੇ ਚੌੜੇ ਡੰਡੇ ਦੇ ਹੇਠਲੇ ਸਿਰੇ ‘ਤੇ ਚਾਰ ਕੁ ਇੰਚ ਦੀ ਗੋਲ ਅਕਾਰ ਦੀ ਤਿੰਨ ਜਾਂ ਚਾਰ ਕੱਟਾਂ ਵਾਲੀ ਕਰਾਸ ਦੀ ਸ਼ਕਲ ਦੀ ਚਰਖੜੀ ਫਿੱਟ ਕੀਤੀ ਹੁੰਦੀ ਹੈ । ਡੰਡੇ ਦੇ ਉੱਪਰਲੇ ਸਿਰੇ ‘ਤੇ ਗੋਲਾਈਦਾਰ ਕੱਟ ਦਿੱਤੇ ਹੁੰਦੇ ਹਨ ਜਿੰਨ੍ਹਾਂ ਦੁਆਲੇ ਰੱਸੀ (ਨੇਤਰਾ) ਦੇ ਵੱਲ ਦੇ ਕੇ ਮਧਾਣੀ ਨੂੰ ਘੁਮਾਇਆ ਜਾਂਦਾ ਹੈ । ਇਸ ਪਿੱਛੋਂ ਦਹੀਂ ਰਿੜਕਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਇਸ ਤੋਂ ਪਿੱਛੋਂ ਚਾਟੀ ਨੂੰ ਲੱਕੜ ਦੇ ਬਣੇ ਗੋਲ ਅਕਾਰ ਦੇ ਢੱਕਣਨੁਮਾ ਕੁੜ ਨਾਲ ਢੱਕ ਦਿੱਤਾ ਜਾਂਦਾ ਹੈ ਜਿਸਨੂੰ ਇੱਕ ਸਿਰੇ ਤੋਂ ਕੱਟ ਦੇ ਕੇ ਯੂ ਦੀ ਸ਼ਕਲ ਦਾ ਅਕਾਰ ਦਿੱਤਾ ਹੁੰਦਾ ਹੈ । ਇਸਦੇ ਯੂ ਕੱਟ ਰਾਹੀਂ ਮਧਾਣੀ ਦਾ ਡੰਡਾ ਲੰਘਾ ਕੇ ਇਸਦਾ ਹੇਠਲਾ ਸਿਰਾ ਚਾਟੀ ਵਿੱਚ ਪਾ ਕੇ ਕੁੜ ਨੂੰ ਚਾਟੀ ਦੇ ਮੂੰਹ ਉੱਤੇ ਟਿਕਾ ਦਿੱਤਾ ਜਾਂਦਾ ਹੈ । ਕੁੜ ਦੇ ਯੂ ਕੱਟ ਦੇ ਦੋਹਾਂ ਸਿਰਿਆਂ ‘ਤੇ ਫਿੱਟ ਕੀਤੀ ਰੱਸੀ ਨੂੰ ਘੜਵੰਜੀ ਦੇ ਡੰਡੇ ਦੇ ਦੁਆਲਿਓਂ ਘੁੰਮਾ ਦਿੱਤਾ ਜਾਂਦਾ ਹੈ ਤਾਂ ਕਿ ਮਧਾਣੀ ਚਾਟੀ ‘ਚ ਅਸਾਨੀ ਨਾਲ ਘੁੰਮ ਸਕੇ । ਹੁਣ ਮਧਾਣੀ ਦੇ ਉੱਪਰਲੇ ਸਿਰੇ ਦੇ ਗੋਲਾਈਦਾਰ ਟੱਕਾਂ ਦੁਆਲੇ ਰੱਸੀ (ਨੇਤਰੇ) ਨੂੰ ਵੱਲ ਦੇ ਕੇ ਰੱਸੀ ਦੇ ਦੋਹਾਂ ਸਿਰਿਆਂ ‘ਤੇ ਫਿੱਟ ਕੀਤੀਆਂ ਲੱਕੜ ਦੀਆਂ ਗੁੱਲੀਆਂ ਵਿੱਚ ਉਂਗਲਾਂ ਫਸਾ ਕੇ ਮਧਾਣੀ ਨੂੰ ਦਹੀਂ ਰਿੜਕਣ ਲਈ ਘੁਮਾਉਣਾ ਸ਼ੁਰੂ ਕੀਤਾ ਜਾਂਦਾ ਹੈ । ਇਸ ਤਰਾਂ ਇਸ ਪ੍ਰਕਿਰਿਆ ਨੂੰ ਵਾਰ ਵਾਰ ਕਰਨ ਨਾਲ ਮਧਾਣੀ ਨਾਲ ਦਹੀਂ ਰਿੜਕਿਆ ਜਾਂਦਾ ਹੈ ।

1


ਪੁਰਾਤਨ ਭਾਂਡੇ : ਕਿਸੇ ਸਮੇਂ ਪਿੱਤਲ਼, ਕਾਂਸੀ ਅਤੇ ਤਾਂਬੇ ਦੇ ਬਰਤਨ ਪੰਜਾਬ ਦੀ ਰਸੋਈ ਦੀ ਸ਼ਾਨ ਹੋਇਆਂ ਕਰਦੇ ਸਨ । ਇਹਨਾਂ ਭਾਂਡਿਆਂ ਵਿੱਚ ਪ੍ਰਾਂਤ, ਕੌਲੀਆਂ, ਗੰਗਾਸਾਗਰ (ਜੱਗ), ਬਾਲਟੀਆਂ, ਗਲਾਸ, ਗਾਗਰਾਂ, ਛੰਨੇ, ਗੜਬੀਆਂ, ਡੋਰ੍ਹੀਆਂ ਆਦਿ ਹੁੰਦੇ ਸਨ । ਇਹ ਭਾਂਡੇ ਪੰਜਾਬ ਦੇ ਪੁਰਾਤਨ ਵਿਰਸੇ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਜੋ ਕਿ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੀਆਂ ਪਰਿਵਾਰਕ ਲੋੜਾਂ ਦੀ ਪੂਰਤੀ ਲਈ ਵਰਤੋਂ ਵਿੱਚ ਆਉਂਦੀਆਂ ਸਨ । ਇਹ ਪੁਰਾਤਨ ਭਾਂਡੇ ਵਿਆਹਾਂ-ਸ਼ਾਦੀਆਂ ਜਾਂ ਸੋਗ ਸਮਾਗਮਾਂ ਵਿੱਚ ਵੀ ਪ੍ਰਧਾਨ ਸਨ । ਇਹ ਵੱਖ-ਧਾਤਾਂ ਤੋਂ ਬਣੇ ਭਾਂਡੇ ਹੰਢਣਸਾਰ ਅਤੇ ਟਿਕਾਊ ਵੀ ਹੁੰਦੇ ਸਨ । ਇਹਨੇ ਭਾਂਡਿਆਂ ਨੂੰ ਵਰਤੋਂ ਵਿੱਚ ਰੱਖਣ ਲਈ ਭਾਂਡਿਆਂ ਨੂੰ ਕਲੀ ਕਰਵਾਉਣ ਦਾ ਰਿਵਾਜ ਵੀ ਪ੍ਰਚੱਲਿਤ ਸੀ । ਪੰਜਾਬ ਦੀ ਰਸੋਈ ਵਿੱਚੋਂ ਪੁਰਾਤਨ ਭਾਂਡੇ ਲੁਪਤ ਹੋਣ ਦੇ ਨਾਲ ਹੀ ਭਾਂਡੇ ਕਲੀ ਕਰਨ ਵਾਲ਼ਿਆਂ ਦਾ ਧੰਦਾ ਵੀ ਲੁਪਤ ਹੋ ਗਿਆ ਜੋ ਕਿਸੇ ਸਮੇਂ ਸਾਡੇ ਪੰਜਾਬੀ ਸੱਭਿਆ- ਚਾਰ ਦਾ ਅੰਗ ਮੰਨਿਆਂ ਜਾਂਦਾ ਸੀ ।

2


3 ਮਿੱਟੀ ਦੇ ਭਾਂਡੇ : ਸਮੇਂ ‘ਚ ਬਦਲਾਅ ਆਉਣ ਤੋਂ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਿਆ ਕਰਦੇ ਸਨ । ਇਸ ਬਦਲਾਵਾਂ ਕਾਰਨ ਅੱਜ ਅਸੀਂ ਅਨੇਕਾਂ ਸਰੀਰਕ ਰੋਗਾਂ ਨੂੰ ਸਹੇੜੀ ਬੈਠੇ ਹਾਂ । ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਨਾ ਗਰੀਬੀ ਦੀ ਨਿਸ਼ਾਨੀ ਨਹੀਂ ਸਗੋਂ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਨਿਸ਼ਾਨੀ ਹੈ । ਮਿੱਟੀ ਦੇ ਭਾਂਡਿਆਂ ਵਿੱਚ ਬਣਿਆ ਭੋਜਨ ਸਵਾਦਿਸ਼ਟ ਹੀ ਨਹੀਂ ਹੁੰਦਾ ਸਗੋਂ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ । ਮਿੱਟੀ ਦੇ ਭਾਂਡੇ ਵਿੱਚ ਮੱਠੀ ਅੱਗ ਦੇ ਸੇਕ ਵਿੱਚ ਭਾਂਡਾ ਟੁੱਟਣ ਦੇ ਡਰੋਂ ਬਣਾਇਆਂ ਜਾਂਦਾ ਹੈ । ਮੱਠੀ ਅੱਗ ਦੇ ਸੇਕ ਨਾਲ ਪਕਾਏ ਗਏ ਖਾਣੇ ਦੇ ਖੁਰਾੀ ਤੱਤ ਕਦੇ ਵੀ ਨਸ਼ਟ ਨਹੀਂ ਹੁੰਦੇ , ਜਦੋਂ ਕਿ ਕੁੱਕਰ ਆਦਿ ਵਿੱਚ ਤੇਜ਼ੀ ਨਾਲ ਬਣਾਇਆ ਭੋਜਨ ਪੌਸ਼ਟਿਕ ਯੁਕਤ ਨਹੀਂ ਰਹਿੰਦਾ । ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਦਾਲ਼ਾਂ ਨੂੰ ਅੱਗ ਦੇ ਮੱਠੇ-ਮੱਠੇ ਸੇਕ ਵਿੱਚ ਰਿੱਝਣ ਲਈ ਰੱਖ ਦਿੱਤਾ ਜਾਂਦਾ ਹੈ । ਇਸੇ ਤਰਾਂ ਪੰਜਾਬ ਵਿੱਚ ਅੱਜ ਵੀ ਸੁਆਣੀਆਂ ਮੱਖਣ ਬਣਾਉਣ ਲਈ ਦਹੀਂ ਜਮਾਉਣ ਤੋਂ ਪਹਿਲਾਂ ਕਾਹੜਨੀ ਵਿੱਚ ਦੁੱਧ ਮਿੱਟੀ ਨਾਲ ਬਣੀ ਚਾਟੀ ਵਿੱਚ ਅੱਗ ਦੇ ਮੱਠੇ-ਮੱਠੇ ਸੇਕ ਨਾਲ ਕਾਹੜਦੀਆਂ ਹਨ ।

ਇਸੇ ਤਰਾਂ ਫ਼ਰਿੱਜ ਜਾਂ ਬਰਫ਼ ਵਾਲੇ ਠੰਢੇ ਪਾਣੀ ਦੇ ਮੁਕਾਬਲੇ ਘੜੇ ਦਾ ਸਾਦਾ ਪਾਣੀ ਬਹੁਤ ਗੁਣਕਾਰੀ ਹੈ । ਇਹ ਸੁਆਦੀ ਅਤੇ ਮਿੱਟੀ ਦੀ ਮਿੱਠੀ-ਮਿੱਠੀ ਮਹਿਕਦਾਰ ਵਾਲਾ ਹੁੰਦਾ ਹੈ । ਪੁਰਾਤਨ ਸਮਿਆਂ ਵਿੱਚ ਲੋਕ ਚੌਰਸਤਿਆਂ ਜਾਂ ਸਾਂਝੀਆਂ ਥਾਂਵਾਂ ‘ਤੇ ਪਾਣੀ ਦੇ ਘੜੇ ਭਰਕੇ ਇਹਨਾਂ ਦੁਆਲੇ ਗਿੱਲਾ ਕੱਪੜਾ ਜਾਂ ਬੋਰੀ ਆਦਿ ਲਪੇਟ ਦਿੰਦੇ ਸਨ । ਇਸ ਨਾਲ ਰਾਹਗੀਰ ਆਪਣੀ ਪਿਆਸ ਬੁਝਾ ਲਿਆ ਕਰਦੇ ਸਨ । ਇਸੇ ਤਰਾਂ ਹੀ ਮਿੱਟੀ ਦੇ ਬਣਾਏ ਹੋਏ ਭੜੋਲੇ ਅਤੇ ਭੜੋਲੀਆਂ ਵੀ ਸਾਡੇ ਪੁਰਾਤਨ ਮਿੱਟੀ ਦੇ ਭਾਂਡਿਆਂ ਦਾ ਪ੍ਰਮੁੱਖ ਅੰਗ ਹਨ । ਇਹ ਮਿੱਟੀ ਦਾ ਢੋਲਨੁਮਾ ਅਕਾਰ ਦਾ ਬਣਿਆ ਹੋਇਆਂ ਮਿੱਟੀ ਦਾ ਕੱਚਾ ਭਾਂਡਾ ਹੁੰਦਾ ਹੈ ਜੋ ਦੂਸਰੇ ਮਿੱਟੀ ਦੇ ਭਾਂਡਿਆਂ ਵਾਂਗ ਅੱਗ ਨਾਲ ਪਕਾਇਆ ਨਹੀਂ ਹੁੰਦਾ। ਭੜੋਲੇ ਅਤੇ ਭੜੋਲੀਆਂ ਪੁਰਾਤਨ ਸਮਿਆਂ ਵਿੱਚ ਅਨਾਜ ਪਾ ਕੇ ਰੱਖਣ ਜਾਂ ਹੱਥ ਚੱਕੀ ਨਾਲ ਪੀਸੇ ਗਏ ਆਟੇ ਨੂੰ ਸੰਭਾਲ਼ਣ ਲਈ ਬਣਾਏ ਜਾਂਦੇ ਸਨ । ਅੱਜ ਸਮੇਂ ਦੇ ਬਦਲਾਅ ਨਾਲ ਇਹਨਾਂ ਭੜੋਲੇ-ਭੜੋਲੀਆਂ ਦੀ ਜਗ੍ਹਾ ਲੋਹੇ ਦੀ ਚਾਦਰ ਤੋਂ ਬਣੇ ਢੋਲਾਂ ਅਤੇ ਡਰੰਮੀਆਂ ਨੇ ਲੈ ਲਈ ਹੈ ।

3

ਸੋ , ਸਾਡੀਆਂ ਅਨੇਕਾਂ ਸਰੀਰਕ ਬਿਮਾਰੀਆਂ ਦਾ ਇਲਾਜ ਮਿੱਟੀ ਦੇ ਭਾਂਡਿਆਂ ਵਿੱਚ ਬਣਾਏ ਗਏ ਖਾਣਿਆਂ ਵਿੱਚ ਛੁਪਿਆ ਹੋਇਆ ਹੈ । ਲੰਮੀ ਉਮਰ ਜਿਉਣ ਲਈ ਮਿੱਟੀ ਦੇ ਬਣੇ ਭਾਂਡਿਆਂ ਨੂੰ ਆਪਣੀ ਰੋਜ਼- ਮਰ੍ਹਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ ।


4 ਹੱਥ ਚੱਕੀ : ਹੱਥ ਚੱਕੀ ਦਾ ਆਪਣਾ ਸਦੀਆਂ ਪੁਰਾਣਾ ਇਤਿਹਾਸ ਹੈ ਜੋ ਗੋਲ ਤਰਾਸ਼ੇ ਹੋਏ ਦੋ ਪੱਥਰਾਂ ਦੀ ਬਣੀ ਹੁੰਦੀ ਹੈ ਜ਼ਿਹਨਾਂ ਦੇ ਅੰਦਰ ਵਾਲੇ ਪਾਸੇ ਛੈਣੀ ਨਾਲ ਟੱਕ ਦੇ ਕੇ ਰਾਹ ਕੇ ਖੁਰਦਰੇ ਕੀਤੇ ਹੁੰਦੇ ਹਨ ਤਾਂ ਕਿ ਦਾਣੇ ਜਲਦੀ ਪੀਸੇ ਜਾ ਸਕਣ । ਇਹਨੇ ਤਰਾਸ਼ੇ ਹੋਏ ਪੱਥਰਾਂ ਭਾਵ ਪੁੜਾਂ ਨੂੰ ਤੂੜੀ ਅਤੇ ਮਿੱਟੀ ਦੀ ਘਾਣੀ ਨਾਲ ਪੁੜਾਂ ਦੇ ਨਾਪ ਅਨੁਸਾਰ ਗੰਡ ਬਣਾ ਲਿਆ ਜਾਂਦਾ ਹੈ ਜਿਸਨੂੰ ਲੋੜ ਅਨੁਸਾਰ ਧਰਤੀ ਤੋਂ ਉੱਚਾ ਰੱਖਣ ਲਈ ਮਿੱਟੀ ਦੇ ਪੈਰ ਬਣਾ ਲਏ ਜਾਂਦੇ ਹਨ ਜੋ ਕਿ ਚੁੱਕਣ ਜਾਂ ਚਲਾਉਣ ਵੇਲੇ ਆਸਾਨ ਰਹਿੰਦੀ ਹੈ । ਪੱਥਰਾਂ ਤੋਂ ਦੋ ਕੁ ਇੰਚ ਬਾਹਰ ਗੰਡ ਦੁਆਲੇ ਮਿੱਟੀ ਦੀ ਕਿਨਾਰੀ ਬਣਾ ਲਈ ਜਾਂਦੀ ਹੈ ਤਾਂ ਕਿ ਆਟਾ ਬਾਹਰ ਨਾ ਨਿੱਕਲੇ । ਇਸ ਕਿਨਾਰੀ ਨੂੰ ਇੱਕ ਸਾਈਡ ਤੋਂ ਪਿਸਿਆ ਆਟਾ ਬਾਹਰ ਨਿਕਲਣ ਲਈ ਰਾਹ ਬਣਾਇਆ ਜਾਂਦਾ ਹੈ । ਇਸ ਤਰਾਂ ਇਸ ਮਿੱਟੀ ਦੇ ਢਾਂਚੇ ਨੂੰ ਧੁੱਪ ਵਿੱਚ ਚੰਗੀ ਤਰਾਂ ਰੱਖਕੇ ਸੁੱਕਾ ਲਏ ਜਾਣ ਮਗਰੋਂ ਇਸ ਵਿੱਚ ਹੇਠਲਾ ਪੁੜ ਟਿਕਾ ਦਿੱਤਾ ਜਾਂਦਾ ਹੈ । ਫਿਰ ਇਸ ਪੁੜ ਦੇ ਵਿਚਕਾਰ ਦਿੱਤੇ ਹੋਏ ਸੁਰਾਖ਼ ਵਿੱਚ ਲੋਹੇ ਦਾ ਸਰੀਆ ਪੂਰੀ ਤਰਾਂ ਟਾਈਟ ਕਰਕੇ ਫਿੱਟ ਕਰਨ ਮਗਰੋਂ ਇਸ ਉੱਤੇ ਦੂਸਰਾ ਪੁੜ ਮੂਧਾ ਮਾਰ ਦਿੱਤਾ ਜਾਂਦਾ ਹੈ । ਇਸ ਉੱਪਰਲੇ ਪੁੜ ਦੀ ਮੋਰੀ ਵਿੱਚ ਬਣਾਏ ਸੁਰਾਖ ਵਿੱਚ ਇੱਕ ਲੱਕੜ ਦੀ ਗੁੱਲੀ ਫਿੱਟ ਕਰ ਦਿੱਤੀ ਜਾਂਦੀ ਹੈ ਜਿਸਨੂੰ ਮੰਨਵੀ ਕਿਹਾ ਜਾਂਦਾ ਹੈ । ਮੰਨਵੀ ਵਿੱਚੋਂ ਬਚੀ ਖਾਲ਼ੀ ਜਗ੍ਹਾ ਰਾਹੀਂ ਆਟਾ ਪੀਸਣ ਲਈ ਦਾਣੇ ਪਾਏ ਜਾਂਦੇ ਹਨ । ਆਟੇ ਨੂੰ ਮੋਟਾ ਜਾਂ ਬਰੀਕ ਰੱਖਣ ਲਈ ਦੋਵੇਂ ਪੁੜਾਂ ਵਿਚਕਾਰ ਲੋਹੇ ਦੀ ਕਿੱਲੀ ਵਿੱਚ ਲੋਹੇ ਜਾਂ ਰਬੜ ਦਾ ਛੱਲਾ ਲੋੜ ਅਨੁਸਾਰ ਵਰਤ ਲਿਆ ਜਾਂਦਾ ਹੈ । ਉੱਪਰਲੇ ਪੁੜ ਦੇ ਕਿਨਾਰੇ ਵਾਲੇ ਸੁਰਾਖ਼ ਵਿੱਚ ਕੋਈ ਫੁੱਟ ਕੁ ਦਾ ਡੰਡਾ ਫਿੱਟ ਕਰ ਲਿਆ ਜਾਂਦਾ ਹੈ ਜਿਸ ਨਾਲ ਹੱਥ ਨਾਲ ਚੱਕੀ ਚਲਾਈ ਜਾਂਦੀ ਹੈ । ਭਾਵੇਂ ਹੱਥ ਚੱਕੀ ਦੀ ਥਾਂ ਹੁਣ ਬਿਜਲਈ ਆਟਾ ਚੱਕੀਆਂ ਨੇ ਲੈ ਲਈ ਹੈ, ਪਰ ਪੁਰਾਤਨ ਹੱਥ ਚੱਕੀ ਅੱਜ ਵੀ ਡਰਾਇੰਗ ਰੂਮਾਂ ਅਤੇ ਵਿਰਾਸਤੀ ਘਰਾਂ ਦਾ ਸ਼ਿੰਗਾਰ ਹੈ ।

4


5 ਛੱਜ : ਛੱਜ ਪੁਰਾਤਨ ਸਮਿਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਅਨਮੋਲ ਵਿਰਾਸਤ ਹੈ ਅਤੇ ਇਸਦਾ ਪੰਜਾਬਣਾਂ ਨਾਲ ਡੂੰਘਾ ਰਿਸ਼ਤਾ ਹੈ । ਚੱਕੀ ਤੋਂ ਆਟਾ ਪਿਸਾਉਣ ਤੋਂ ਪਹਿਲਾਂ ਔਰਤਾਂ ਕਣਕ ਨੂੰ ਛੱਜ ਨਾਲ ਛੱਟ ਕੇ ਇਸਦੀ ਸਫਾਈ ਕਰਦੀਆਂ ਹਨ । ਪਰ ਅੱਜ ਦੇ ਮਸ਼ੀਨੀਕਰਨ ਦੇ ਯੁੱਗ ਵਿੱਚ ਛੱਜ ਰਿੱਕ ਵਿਰਾਸਤੀ ਵਸਤੂ ਬਣਕੇ ਰਹਿ ਗਿਆ ਹੈ, ਜਿਸਨੂੰ ਸਿਰਫ ਡਰਾਇੰਗ ਰੂਮਾਂ ਜਾਂ ਵਿਰਾਸਤੀ ਘਰਾਂ ਵਿੱਚ ਹੀ ਦੇਖਿਆ ਜਾ ਸਕਦਾ ਹੈ । ਪੁਰਾਤਨ ਵੇਲਿਆਂ ਵਿੱਚ ਛੱਜ ਬਣਾਉਣਾ ਵੀ ਇੱਕ ਪ੍ਰਸਿੱਧ ਕਿੱਤਾ ਹੋਇਆ ਕਰਦਾ ਸੀ ਜੋ ਕਿ ‘ਛੱਜ ਘਾੜੇ’ ਦੇ ਨਾਮ ਨਾਲ ਜਾਣੇ ਜਾਂਦੇ ਸਨ । ਪਰ ਅੱਜ ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਸ਼ਾਇਦ ਹੀ ਕਿਤੇ ਪੰਜਾਬ ਦੀ ਕੋਈ ਸੁਆਣੀ ਛੱਜ ਨਾਲ ਦਾਣੇ ਛੱਟਦੀ ਹੋਵੇਗੀ । ਅੱਜ ਸਿਰਫ ਵਿਆਹਾਂ-ਸ਼ਾਦੀਆਂ ਵੇਲੇ ਨਾਨਕੀਆਂ-ਦਾਦਕੀਆਂ ਵੱਲੋਂ ਛੱਜ ਕੁੱਟਣ ਦੀ ਰਸਮ ਵੇਲੇ ਹੀ ਬਾਜ਼ਾਰੂ ਛੱਜ ਖਰੀਦਕੇ ਕੁਝ ਸਮੇਂ ਲਈ ਵਰਤਿਆ ਜਾਂਦਾ ਹੈ ।

5


6 ਚਰਖਾ : ਚਰਖਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਤੋਂ ਭਾਵ ਹੈ ਪਹੀਆ । ਅਸਲ ਵਿੱਚ ਇਹ ਲੱਕੜ ਦੀ ਬਣੀ ਹੱਥ ਨਾਲ ਤਿਆਰ ਕੀਤੀ ਹੋਈ ਦੇਸੀ ਮਸ਼ੀਨ ਹੈ ਜੋ ਰੂੰ ਤੋਂ ਸੂਤੀ ਧਾਗਾ ਬਣਾਉਂਦੀ ਹੈ । ਚਰਖੇ ਦੇ ਦੋ ਫੱਟ ਦੇ ਪਹੀਆਂ ਵਿਚਕਾਰ ਇਹਨੂੰ ਘੁਮਾਉਣ ਲਈ ਇੱਕ ਹੱਥੀ ਲਗਾਈ ਹੁੰਦੀ ਹੈ । ਚਰਖੇ ਦੇ ਦੋ ਫੱਟ ਦੇ ਪਹੀਆਂ ਨੂੰ ਬਰੀਕ ਰੱਸੀ ਨਾਲ ਸਿਰਿਆਂ ਤੋਂ ਕਸਿਆ ਹੁੰਦਾ ਹੈ । ਪਹੀਏ ਅਤੇ ਤੱਕਲ਼ੇ ਨੂੰ ਇੱਕ ਧਾਗੇ ਨਾਲ ਕਸਿਆ ਜਾਂਦਾ ਹੈ ਜਿਸਨੂੰ ਮਾਲ੍ਹ ਕਹਿੰਦੇ ਹਨ । ਚਰਖੇ ਨੂੰ ਇਕੱਠਿਆਂ ਬੈਠਕੇ ਮਿਲਵਰਤਣ ਵਧਾਉਣ ਦਾ ਜ਼ਰੀਆ ਮੰਨਿਆ ਜਾਂਦਾ ਹੈ । ਚਰਖਾ ਘਰੇਲੂ ਰਵਾਇਤੀ ਵਸਤਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ । ਇਹ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਤੌਰ ‘ਤੇ ਪੰਜਾਬਣਾ ਦੇ ਬੇਹੱਦ ਕਰੀਬੀ ਮੰਨਿਆਂ ਜਾਣ ਵਾਲਾ ਹੈ । ਪੁਰਾਣੇ ਸਮਿਆਂ ਵਿੱਚ ਔਰਤਾਂ ਘਰੇਲੂ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਚਰਖਾ ਕੱਤਦੀਆਂ ਸਨ । ਚਰਖੇ ਨੂੰ ਇਕੱਠਿਆਂ ਬੈਠ ਕੇ ਮਿਲਵਰਤਣ ਵਧਾਉਣ ਦਾ ਜ਼ਰੀਆ ਮੰਨਿਆਂ ਜਾਂਦਾ ਰਿਹਾ ਹੈ ।

6

7 ਸੰਦੂਕ : ਅੱਜ ਵਰਤਮਾਨ ਯੁੱਗ ਵਿੱਚ ਵਿਆਹੀ ਕੁੜੀ ਨਾਲ ਦਾਜ ਦਾ ਸਮਾਨ ਪੇਟੀ ਵਿੱਚ ਪਾ ਕੇ ਉਸਦੇ ਸਹੁਰੇ ਘਰ ਭੇਜਿਆ ਜਾਂਦਾ ਹੈ । ਪਰ ਪੁਰਾਣੇ ਸਮਿਆਂ ਵਿੱਚ ਵਿਆਹ ਵਾਲੀਆਂ ਕੁੜੀਆਂ ਨੂੰ ਦਾਜ ਦਾ ਸਮਾਨ ਸੰਦੂਕ ਵਿੱਚ ਪਾ ਕੇ ਸਹੁਰੇ ਤੋਰਿਆ ਜਾਂਦਾ ਸੀ । ਸੰਦੂਕ ਪੁਰਾਣੀ ਟਾਹਲੀ ਜਾਂ ਨਿੰਮ ਦੀ ਲੱਕੜ ਦਾ ਬਣਿਆਂ ਹੁੰਦਾ ਸੀ । ਕਿਉਂਕਿ ਪੁਰਾਣੀ ਟਾਹਲੀ ਜਾਂ ਨਿੰਮ ਦੀ ਲੱਕੜ ਨੂੰ ਸਿਉਂਕ ਜਾਂ ਘੁਣਾ ਨਹੀਂ ਲੱਗਦਾ । ਇਸੇ ਕਾਰਨ ਹੀ ਅੱਜ ਜਿੱਥੇ ਵੀ ਕਿਤੇ ਤੁਹਾਨੂੰ ਸੰਦੂਕ ਮਿਲੇਗਾ , ਜਿਉਂ ਦੀ ਤਿਉਂ ਹਾਲਤ ਵਿੱਚ ਹੀ ਦੇਖਣ ਨੂੰ ਮਿਲੇਗਾ । ਇਸਨੂੰ ਬਣਾਉਣ ਵਾਲੇ ਲੱਕੜ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਹੋਇਆ ਕਰਦੇ ਸਨ ਜੋ ਕਿ ਸੰਦੂਕ ਨੂੰ ਰੀਝਾਂ ਲਾ ਕੇ ਬਣਾਉਂਦੇ ਸਨ । ਇਸਨੂੰ ਸ਼ਿੰਗਾਰਨ ਲਈ ਕਾਰੀਗਰ ਪਿੱਤਲ਼ ਦੀਆਂ ਮੇਖਾਂ, ਪਿੱਤਲ਼ ਦੀਆਂ ਚਾਦਰਾਂ ਅਤੇ ਸ਼ੀਸ਼ੇ ਦੀ ਵਰਤੋਂ ਕਰਦੇ ਸਨ । ਕੁੜੀ ਨੂੰ ਵਿਆਹ ਸਮੇਂ ਦਿੱਤੇ ਸੰਦੂਕ ਦੀ ਦਿੱਖ ਕੁੜੀ ਵਾਲ਼ਿਆਂ ਦੇ ਰੱਜਦੇ-ਪੁੱਜਦੇ ਹੋਣ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ।

7