ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਸਾਜ

 

ਸਾਹ ਜਾਂ ਹਵਾ ਦੇ ਦਬਾਉ ਨਾਲ ਵੱਜਣ ਵਾਲੇ ਲੋਕ ਸਾਜਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ -

ਅਲਗੋਜ਼ੇ : ਇਹ ਪੰਜਾਬੀ ਸੰਗੀਤ ਦਾ ਹਰਮਨ ਪਿਆਰਾ ਸਾਜ ਹੈ । ਪਰ ਇਸਦੀ ਸਿੰਧੀ, ਰਾਜਸਥਾਨੀ, ਬਲੋਚ ਅਤੇ ਕੁਤਚੀ ਲੋਕ ਗਾਇਕਾਂ ਨੇ ਵੀ ਬਹੁਤ ਵਰਤੋਂ ਕੀਤੀ ਹੈ । ਅਲਗੋਜ਼ਿਆਂ ਨੂੰ ਦੋ ਨਲੀ, ਸਿਤਾਰਾ ਨਗੋਜੇ ਅਤੇ ਜੋੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਸਿੰਧੀ ਖਿੱਤੇ ਦੇ ਲੋਕ ਇਸਨੂੰ ਬੀਨ ਦੇ ਨਾਂ ਨਾਲ ਜਾਣਦੇ ਹਨ । ਇਸਨੂੰ ਜੋੜੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਬੰਸਰੀਆਂ ਦੀ ਜੋੜੀ ਵਾਂਗ ਦੇਖਣ ਨੂੰ ਲੱਗਦੇ ਹਨ । ਇਸਨੂੰ ਸਿੱਖਣ ਲਈ ਇੱਕ ਖਾਸ ਅਭਿਆਸ ਦੀ ਲੋੜ ਪੈਂਦੀ ਹੈ । ਕਿਉਂਕਿ ਇਹ ਇੱਕ ਅਜਿਹਾ ਸਾਜ ਹੈ ਜੋ ਸਾਹ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੇ ਦੋਵੇਂ ਮੌਕਿਆਂ ਤੇ ਹੀ ਵੱਜਦਾ ਹੈ । ਇਸ ਲਈ ਅਲਗੋਜ਼ੇ ਵਜਾਉਣੇ ਸਿੱਖਣ ਲਈ ਇੱਕ ਲੰਮਾ ਅਤੇ ਸਖਤ ਅਭਿਆਸ ਕਰਨਾ ਪੈਂਦਾ ਹੈ । 
ਅਲਗੋਜ਼ਿਆਂ ਦੇ ਇਤਿਹਾਸਕ ਪਿਛੋਕੜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਲੋਕ-ਗੀਤਾਂ, ਲੋਕ-ਗਾਥਾਵਾਂ ਦਾ ਮੁੱਖ ਸਾਜ਼ ਮੰਨਿਆ ਗਿਆ ਹੈ । ਲੋਕ ਧਾਰਨਾ ਹੈ ਕਿ ਇਹ ਪੁਰਾਤਨ ਸਮਿਆਂ ਵਿੱਚ ਚਰਾਂਦਾਂ ਵਿੱਚ ਮੱਝੀਆਂ-ਗਾਈਆਂ ਚਰਾਉਣ ਵਾਲੇ ਪਾਲੀਆਂ ਦਾ ਹਰਮਨ ਪਿਆਰਾ ਸਾਜ ਹੋਇਆ ਕਰਦਾ ਸੀ ਅਤੇ ਪਾਲੀ ਇਸਨੂੰ ਬੰਸਰੀ ਦੇ ਰੂਪ ਵਿੱਚ ਵਜਾਇਆ ਕਰਦੇ ਸਨ । ਬਣਾਵਟ ਪੱਖੋਂ ਇਹ ਸਾਜ ਪਤਲੇ ਬਾਂਸ ਦਾ ਬਣਿਆ ਹੁੰਦਾ ਹੈ । ਇਸ ਵਿੱਚ ਚਾਰ ਤੋਂ ਲੈ ਕੇ ਛੇ ਸੁਰਾਖ਼ ਕੀਤੇ ਹੁੰਦੇ ਹਨ ਅਤੇ ਦੋਵੇਂ ਹੱਥਾਂ ਦੀਆਂ ਤਿੰਨ-ਤਿੰਨ ਉੰਗਲਾਂ ਨਾਲ ਸੁਰਾਖ਼ਾਂ ਨੂੰ ਦੱਬ ਕੇ ਵਜਾਇਆ ਜਾਂਦਾ ਹੈ । ਇਹਨਾਂ ਦੋਵਾਂ ਨੂੰ ਮੂੰਹ ਵਾਲੇ ਪਾਸਿਓਂ ਸਾਜੀ ਨੂੰ ਪੂਰੇ ਜੋਰ ਨਾਲ ਸਾਹ ਬਾਹਰ ਕੱਢਕੇ ਅਤੇ ਅੰਦਰ ਖਿੱਚਕੇ ਵਜਾਉਂਣਾ ਪੈਂਦਾ ਹੈ । ਅਲਗੋਜ਼ੇ ਦਾ ਸੁਰ ਉੱਚਾ ਹੋਣ ਕਰਕੇ ਹੀ ਇਸਨੂੰ ਪੂਰਾ ਜੋਰ ਲਾ ਕੇ ਵਜਾਇਆ ਜਾਂਦਾ ਹੈ । ਅੱਜ ਮੌਜੂਦਾ ਦੌਰ ਸਮੇਂ ਭਾਵੇਂ ਅਧੁਨਿਕ ਸਾਜਾਂ ਦੀ ਤੂਤੀ ਬੋਲਣ ਲੱਗ ਪਈ ਹੈ । ਪਰ ਪੰਜਾਬੀ ਲੋਕ-ਗੀਤਾਂ ਅਤੇ ਗਿੱਧੇ-ਭੰਗੜੇ ਜਾਂ ਬੋਲੀਆਂ ਪਾਉਣ ਸਮੇਂ ਅੱਜ ਵੀ ਅਲਗੋਜ਼ੇ ਸਾਜ ਦੀ ਪੂਰੀ ਸਰਦਾਰੀ ਹੈ ਅਤੇ ਅਜਿਹੇ ਮੌਕਿਆਂ ਤੇ ਇਸਤੋਂ ਬਿਨਾ ਅਲਗੋਜ਼ੇ ਦਾ ਅਜੇ ਤੱਕ ਕੋਈ ਵੀ ਹੋਰ ਸਾਜ ਹੈ ਹੀ ਬਦਲ ਨਹੀਂ । 

algojey

ਬੰਸਰੀ : ਬੰਸਰੀ ਭਾਰਤੀ ਸੰਸਕ੍ਰਿਤੀ ਦੀ ਰੂਹ ਹੈ ਅਤੇ ਬੰਸਰੀ ਤੋਂ ਬਿਨਾਂ ਸ਼ਾਸਤਰੀ ਸੰਗੀਤ ਅਧੂਰਾ ਹੈ । ਸੰਗੀਤਕ ਸਾਜਾਂ ਵਿੱਚੋਂ ਬੰਸਰੀ ਸਭ ਤੋਂ ਪੁਰਾਣਾ ਪ੍ਰਾਚੀਨ ਸਾਜ ਮੰਨਿਆ ਜਾਣ ਵਾਲਾ ਸਾਜ ਹੈ । ਬੰਸਰੀ ਸਾਜ ਦੀ ਹੋਂਦ ਸਬੰਧੀ ਇਹ ਇਤਿਹਾਸਕ ਸਚਾਈ ਹੈ ਕਿ ਇਹ 43 ਹਜ਼ਾਰ ਸਾਲ ਤੋਂ 80 ਹਜ਼ਾਰ ਸਾਲ ਪੁਰਾਣੀ ਮੰਨੀ ਗਈ ਹੈ । ਇਸ ਸਚਾਈ ਦੀ ਪੁਸ਼ਟੀ 1995 ਵਿੱਚ ਪੁਰਾਤੱਤਵ-ਵਿਗਿਆਨੀਆਂ ਵੱਲੋਂ ਪੂਰਬੀ ਯੂਰਪ ਵਿੱਚੋਂ ਹਜ਼ਾਰਾਂ ਸਾਲ ਪਹਿਲਾਂ ਹੱਡੀਆਂ ਦੀ ਬਣੀ ਬੰਸਰੀ ਮਿਲਣ ਤੇ ਹੋਣਾ ਹੈ । ਅਧਿਆਤਮਕ ਪੱਖੋਂ ਬੰਸਰੀ ਪ੍ਰਭੂ ਦੇ ਵੰਸ਼ਜ, ਭਗਵਾਨ ਕ੍ਰਿਸ਼ਨ ਜੀ ਦਾ ਬ੍ਰਹਮ ਸਾਧਨ ਹੈ । 

ਇਤਿਹਾਸਕ ਪੱਖ ਤੋਂ ਬੰਸਰੀ ਦਾ ਭਾਰਤ ਅਤੇ ਚੀਨ ਨਾਲ ਜੁੜਿਆ ਇੱਕ  ਬੜਾ ਲੰਮਾ ਇਤਿਹਾਸ ਹੈ । ਇਸਦੀ ਖੋਜ ਸਬੰਧੀ ਝੌਂ ਰਾਜਵੰਸ਼ ਤੋਂ ਸੁਰੂ  ਹੋਏ ਇਤਿਹਾਸਕ ਅਤੇ ਕਲਾਕ੍ਰਿਤੀਆਂ ਵਿੱਚੋਂ ਸੰਕੇਤ ਮਿਲਦੇ ਹਨ । ਸਭ ਤੋਂ ਵੱਧ ਪੁਰਾਤਨ ਲਿਖਤੀ ਸੰਕੇਤ ਮਿਲਣ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਚੀਨੀ ਗਿਆਰ੍ਹਵੀਂ-ਬਾਰ੍ਹਵੀਂ ਸਦੀ ਈਸਾ ਪੂਰਵ ਵਿੱਚ ਕੁਆਨ  (ਚੀਹ) ਅਤੇ ਹਸੀਓ (ਇੱਕ ਮੂੰਹ ਵਾਲੀ ਬਾਂਸ ਦੀ ਬੰਸਰੀ) ਦੀ ਵਰਤੋਂ ਕਰਦੇ ਸਨ । ਇਸ ਮਗਰੋਂ ਚੀ (ਚੀਹ) ਅੱਠਵੀਂ ਅਤੇ ਨੌਵੀਂ ਸਦੀ ਈਸਾ ਪੂਰਵ ਵਿੱਚ ਯੇਹ, ਇਹਨਾਂ ‘ਚੋਂ ਚੀ ਸਭ ਤੋਂ ਵੱਧ ਪੁਰਾਣੀ ਇਤਿਹਾਸਕ ਪ੍ਰਮਾਣ ਦੀ ਬਾਂਸ ਦੀ ਬਣੀ ਹੋਈ ਬੰਸਰੀ ਹੈ । ਕਰਟ ਸਾਕਸ ਅਨੁਸਾਰ ਬੰਸਰੀ ਭਾਰਤ ਦਾ ਉੱਤਮ ਹਵਾ ਦਾ ਸਾਧਨ” ਸੀ । ਭਾਰਤ ਦੇ ਬਾਂਸ ਤੋਂ  ਬਣੀ ਬੰਸਰੀ ਨੂੰ ਹਿੰਦੂ ਮੱਤ ਵਿੱਚ ਸ਼ਰਧਾ ਦੇ ਪ੍ਰਤੀਕ ਵਜੋਂ ਦਰਸਾਇਆ ਗਿਆ ਹੈ । ਹਿੰਦੂ ਸੰਸਕ੍ਰਿਤੀ ਵਿੱਚ ਬੰਸਰੀ ਨੂੰ ਭਗਵਾਨ ਕ੍ਰਿਸ਼ਨ ਜੀ ਦਾ ਹਰਮਨ ਪਿਆਰਾ ਸਾਜ ਮੰਨਿਆ ਗਿਆ ਹੈ । 

ਪ੍ਰਸਿੱਧ ਇਤਿਹਾਸਕਾਰ ਅਲੈਗਜ਼ੈਂਡਰ ਬੁਚਨਰ ਦਾ ਕਹਿਣਾ ਹੈ ਕਿ ਇਹ ਸਾਜ ਪੂਰਵ ਕਾਲ ਤੋਂ ਹੀ ਯੂਰਪ ਵਿੱਚ ਪ੍ਰਚੱਲਿਤ ਰਿਹਾ ਹੈ । ਇਸ ਵਾਰੇ ਇਹ ਧਾਰਨਾ ਪਾਈ ਜਾ ਰਹੀ ਹੈ ਕਿ ਤਕਰੀਬਨ 800 ਈਸਵੀ ਵਿੱਚ ਯੂਨਾਨੀ ਕਲਾ ਵਿੱਚ ਇਹ ਪ੍ਰਮਾਣ ਉਪਲਬਧ ਹਨ ਕਿ ਟਰਾਂਸਵਰਸ ਬੰਸਰੀ ਜਰਮਨੀ ਤੋਂ ਹੁੰਦੀ ਹੋਈ ਪੂਰੇ ਯੂਰਪ ਵਿੱਚ  ਯੂਰਪੀਅਨ ਲੋਕਾਂ ਦਾ ਹਰਮਨ ਪਿਆਰਾ ਲੋਕ ਸਾਜ ਬਣ ਗਈ ਸੀ । ਜਰਮਨ ਦੇ ਰਸਤੇ ਯੂਰਪ ਆਉਣ ਤੋਂ ਪਹਿਲਾਂ ਜਰਮਨ ‘ਚ ਬੰਸਰੀ ਨੂੰ “ਜਰਮਨ ਬੰਸਰੀ” ਦਾ ਨਾਂ ਦਿੱਤਾ ਗਿਆ ਸੀ । ਬਣਤਰ ਪੱਖੋਂ ਬੰਸਰੀ ਖੋਖਲੇ ਬਾਂਸ ਦੁਆਰਾ ਬਣੀ ਹੁੰਦੀ ਹੈ । ਇਹ ਦੋ ਤਰਾਂ ਦੀਆਂ ਮੂੰਹ ਵਾਲੇ ਪਾਸਿਓਂ ਅਤੇ ਸਾਈਡ ਵਾਲੇ ਪਾਸਿਓਂ ਵਜਾਉਣ ਵਾਲੀਆਂ ਹੁੰਦੀਆਂ ਹਨ ।ਇਸਨੂੰ ਜਿਆਦਾਤਰ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟਿਆਂ ਰਾਹੀ ਇਸਦੇ ਸੁਰਾਖ਼ਾਂ ਨੂੰ ਦਬਾਕੇ ਸੰਗੀਤਕ ਧੁੰਨਾਂ ਕੱਢਕੇ ਵਜਾਇਆ ਜਾਂਦਾ ਹੈ । ਲੋਕ ਧਾਰਨਾ ਬਣੀ ਹੋਈ ਹੈ ਕਿ ਬੰਸਰੀ ਦਾ ਸੰਗੀਤ ਪਸ਼ੂ-ਪੰਛੀਆਂ ਨੂੰ ਵੀ ਮੰਤਰ-ਮੁਗਧ ਕਰਕੇ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦਾ ਹੈ ।

2


ਬੀਨ : ਬੀਨ ਮੂਲ ਰੂਪ ਵਿੱਚ ਭਰਤ ਦਾ ਲੋਕ ਸਾਜ਼ ਹੈ । ਪੁਰਾਤਨ ਸਮੇਂ ਤੋਂ ਇਹ ਸਾਜ਼ ਭਾਰਤੀ ਸੰਸਕ੍ਰਿਤੀ ਵਿੱਚ ਇਕ ਧਾਰਮਿਕ ਉਦੇਸ਼ ਵਜੋਂ ਸੰਗੀਤ ਲਈ ਵਰਤੋਂ ਕਰਨ ਵਿੱਚ ਚੱਲਦਾ ਆ ਰਿਹਾ ਹੈ । ਬੀਨ ਸਾਜ਼ ਭਾਰਤ ਦੇ ਸਪੇਰਾ ਕਬੀਲੇ ਦਾ ਪੁਰਾਣੇ ਸਮਿਆਂ ਤੋਂ ਰੋਟੀ-ਰੋਜੀ ਲਈ ਸਾਧਨ ਦਾ ਪ੍ਰਤੀਕ ਮੰਨਿਆ ਆ ਰਿਹਾ ਹੈ । ਸਪੇਰੇ ਬੀਨ ਨੂੰ ਸੱਪ ਕੱਢਣ ਸਮੇਂ ਕੀਲਣ ਲਈ ਵਰਤਦੇ ਹਨ । ਬੀਨ ਆਮ ਤੌਰ ਤੇ ਸੁੱਕੇ ਕੱਦੂ  ਦੀ ਬਣੀ ਹੋਈ ਹੁੰਦੀ ਹੈ । ਇਹ ਕੱਦੂ ਹਵਾ ਭਰੇ ਮੂੰਹ ਅਕਾਰ ਦਾ ਹੁੰਦਾ ਹੈ ਅਤੇ ਇਸ ਵਿੱਚ ਬੀਨ ਵਜਾਉਣ ਸਮੇਂ ਹਵਾ ਭੰਡਾਰ ਕੀਤੀ ਜਾਂਦੀ ਹੈ । ਕੱਦੂ ਨੂੰ ਮੂੰਹ ਵਾਲੇ ਪਾਸੇ ਤੋਂ ਕੁਝ ਤਰਾਸ਼ ਲਿਆ ਜਾਂਦਾ ਹੈ ਅਤੇ ਇਸਦੇ ਹੇਠਾਂ ਵਾਲੇ ਪਾਸੇ ਬਾਂਸ ਦੇ ਬੰਸਰੀਨੁਮਾ ਦੋ ਜੋੜੇ ਫਿੱਟ ਕੀਤੇ ਜਾਂਦੇ ਹਨ । ਬਾਂਸ ਦੀਆਂ ਦੋਵੇਂ ਜੋੜੀਆਂ ਵਿੱਚੋਂ ਇੱਕ ਵਿੱਚ ਬੰਸਰੀ ਵਾਂਗ ਹੀ ਪੰਜ ਤੋਂ ਨੌਂ ਮੋਰੀਆਂ ਕਰ ਲਈਆਂ ਜਾਂਦੀਆਂ ਹਨ ਜਿਸ ਰਾਹੀਂ ਬੀਨ ਸੰਗੀਤ ਪੈਦਾ ਕਰਦੀ ਹੈ ਅਤੇ ਦੂਸਰੀ ਪਾਈਪ ਸਿਰਫ ਲਗਾਤਾਰ ਭਿਣਭਿਣਾਹਟ ਹੀ ਛੱਡਦੀ ਹੈ । ਅਲਗੋਜ਼ੇ ਵਾਂਗ ਹੀ ਬੀਨ ਨੂੰ ਬਿਨਾ ਰੁਕੇ ਲਗਾਤਾਰ ਵਜਾਇਆ ਜਾਂਦਾ ਹੈ । ਸਪੇਰੇ ਅੱਜ ਵੀ ਗਲੀ-ਗਲੀ ਬੀਨ ਵਜਾਉਂਦੇ ਦੇਖੇ ਜਾ ਸਕਦੇ ਹਨ । 

3

ਬੀਨ-ਵਾਜਾ : ਪੰਜਾਬੀ ਲੋਕ ਸਾਜਾਂ ਵਿੱਚ ਬੀਨ ਵਾਜੇ ਦਾ ਇੱਕ ਵਿਸ਼ੇਸ਼ ਸਥਾਨ ਹੈ । ਚਾਰ ਕੁ ਦਹਾਕੇ ਪਹਿਲਾਂ ਬੀਨ-ਵਾਜਾ ਵਿਆਹਾਂ ਤੋਂ ਬਿਨਾਂ ਵਿਆਹ ਅਧੂਰੇ ਮੰਨੇ ਜਾਂਦੇ ਸਨ । ਜਿਵੇ ਜਿਵੇਂ ਲੋਕ ਨਾਚਾਂ ਵਿੱਚੋਂ ਨਚਾਰ ਸੱਭਿਆਚਾਰ ਅਲੋਪ ਹੋ ਗਿਆ ਹੈ, ਤਿਵੇਂ ਤਿਵੇਂ ਹੀ ਬੀਨ-ਵਾਜਾ ਅੱਜ ਪੰਜਾਬੀ ਵਿਰਸੇ ਵਿੱਚ ਬੁਝਾਰਤ ਬਣਕੇ ਰਹਿ ਗਿਆ ਹੈ । ਅੱਜ ਦੇ ਸਮੇਂ ਵਾਂਗ ਬਰਾਤ ਪੈਲਸਾਂ ਦੀ ਬਜਾਏ ਪੁਰਾਣੇ ਸਮਿਆਂ ਵਿੱਚ ਡੇਰਿਆਂ ਅਤੇ ਧਰਮਸ਼ਾਲਾ ਵਿੱਚ ਠਹਿਰਾਈ ਜਾਂਦੀ ਸੀ । ਇੱਥੋਂ ਬਰਾਤੀ ਕੁੜੀ ਵਾਲੇ ਦੇ ਘਰ ਨਚਾਰਾਂ ਨਾਲ ਬੀਨ-ਵਾਜਿਆਂ ‘ਤੇ ਨੱਚਦੇ ਹੋਏ ਖੁਸ਼ੀਆਂ ਮਨਾਉਂਦੇ ਜਾਂਦੇ ਸਨ । ਪਿੰਡ ਦੇ ਲੋਕ, ਕੁੜੀਆਂ, ਤੀਵੀਆਂ ਸਭ ਕੋਠਿਆਂ ਦੇ ਬਨੇਰਿਆਂ ‘ਤੇ ਬੈਠਕੇ ਖ਼ੂਬ ਅਨੰਦ ਲੈਂਦੇ ਸਨ । ਉਹਨਾਂ ਸਮਿਆਂ ‘ਚ ਬੀਨ-ਵਾਜੇ ਬਿਨਾਂ ਢੁੱਕੀ ਬਰਾਤ ਨੂੰ ਵਿਅੰਗ ਕਸੇ ਜਾਂਦੇ ਸਨ -


“ਬਰਾਤ ਲੈ ਕੇ ਚੱਲੇ ਨੇ ਕੁ ਕੁੜੀ ਦੱਬਣ ਚੱਲੇ ਨੇ ।”


ਕਦੇ ਬੀਨ-ਵਾਜਾ ਮੁਰਗਾ ਬੀਨ ਦੇ ਨਾਂ ਨਾਲ ਮਸ਼ਹੂਰ ਸੀ । ਮੁਰਗਾ ਬੀਨ ਵਾਜਾ ਬਣਾਪਟ ਪੱਖੋਂ ਮੂੰਹ ਨਾਲ ਹਵਾ ਭਰਕੇ ਭੰਡਾਰ ਕਰਨ ਵਾਲਾ ਚਮੜੇ ਦਾ ਮੁਰਗਾਨੁਮਾ ਸ਼ਕਲ ਦਾ ਬਣਿਆ ਹੁੰਦਾ ਹੈ । ਇਸਦੇ ਗਲ ਦੇ ਪਾਸੇ ਇੱਕ ਪਾਈਪ ਜੋੜੀ ਹੁੰਦੀ ਹੈ ਜੋ ਸਿਰੇ ਤੋਂ ਪਿੱਤਲ ਜਾਂ ਲੋਹੇ ਤੋਂ ਬਣੀ ਪਾਈਪ ਨਾਲ ਫਿੱਟ ਕੀਤੀ ਹੁੰਦੀ ਹੈ ਜਿਸ ਰਾਹੀਂ ਵਾਜਾ ਵਜਾਉਣ ਲਈ ਮੁਰਗੇ ਵਿੱਚ ਹਵਾ ਭਰੀ ਜਾਂਦੀ ਹੈ । ਇਸਦੇ ਕੁਝ ਕੁ ਹੇਠਾਂ ਮੁਰਗੇ ਦੀ  ਘੰਡੀ ‘ਤੇ ਇੱਕ ਵੱਡੀ ਅਤੇ ਮੋਟੀ ਬੰਸਰੀਨੁਮਾ ਪਾਈਪ ਜੋੜੀ ਹੁੰਦੀ ਹੈ । ਇਸਦੇ ਸੁਰਾਖਾਂ ਨੂੰ ਉਗਲਾਂ ਦੇ ਪੋਟਿਆਂ ਨਾਲ ਦਬਾਕੇ ਸੁਰਾਂ ਕੱਢਣ ਦਾ ਕੰਮ ਲਿਆ ਜਾਂਦਾ ਹੈ । ਮੁਰਗੇ ਦੀ ਪੂਛ ਵਾਲੇ ਪਾਸੇ ਦੋ-ਤਿੰਨ ਪਾਈਪਾਂ ਜੋੜੀਆਂ ਹੁੰਦੀਆਂ ਹਨ ਜਿੱਨ੍ਹਾਂ ਰਾਹੀਂ ਬੀਨ ਵਾਜੇ ਦੀ ਅਵਾਜ ਨਿਕਲਦੀ ਹੈ । ਇਸਨੂੰ ਵਜਾਉਣ ਲਈ ਵਾਦਕ ਮੁਰਗੇ ਉੱਪਰ ਲੱਗੀ ਤਣੀ ਨੂੰ ਝੋਲ਼ੇ  ਦੀ ਤਰਾਂ ਆਪਣੇ ਮੋਢੇ ਵਿੱਚ ਟੰਗ ਲੈਂਦਾ ਹੈ । ਇਸਨੂੰ ਵਜਾਉਣ ਲਈ ਵਾਦਕ ਨੂੰ ਪਹਿਲਾਂ ਲਗਾਤਾਰ ਨਾਲੀ ਰਾਹੀਂ ਹਵਾ ਭਰਕੇ ਮੁਰਗੇ ਵਿੱਚ ਭੰਡਾਰ ਕਰਨੀ ਪੈਂਦੀ ਹੈ । ਮੁਰਗੇ ਵਿੱਚ ਹਵਾ ਦੇ ਦਬਾਅ ਬਣਨ ਮਗਰੋਂ ਹਵਾ ਵਾਦਕ ਦੇ ਹੱਥ ਵਾਲੀ ਬੰਸਰੀਨੁਮਾ ਨਾਲੀ ਰਾਹੀਂ ਤਿੱਖੀ ਅਵਾਜ ਦਿੰਦੀ ਹੋਈ ਬਾਹਰ ਆਉਣ ਤੇ ਵਾਦਕ ਆਪਣੀਆਂ ਉੰਗਲਾਂ ਦੇ ਪੋਟਿਆਂ ਨਾਲ ਸੁਰਾਂ ਕੱਢਦਾ ਹੈ । ਭਾਵੇਂ ਨਚਾਰ ਕਲਾ ਦਾ ਯੁੱਗ ਅਲੋਪ ਹੋਣ ‘ਤੇ ਮੁਰਗਾ ਬੀਨ-ਵਾਜਾ ਵੀ ਨਾਲ ਹੀ ਆਪਣਾ ਵਜੂਦ ਗੁਆ ਚੁੱਕਾ ਹੈ ਪ੍ਰੰਤੂ ਅਜੋਕੇ ਯੁੱਗ ਵਿੱਚ ਇਸਨੇ ਨਵੇਂ ਨਾਂ ਅਤੇ ਨਵੇਂ ਰੂਪ ਵਿੱਚ ਜਨਮ ਲੈ ਕੇ ਆਪਣੇ ਸੰਗੀਤ ਰਾਹੀਂ ਲੋਕਾਂ ਦੇ ਹਿਰਦਿਆਂ ਵਿੱਚ ਆਪਣੀ ਜਗ੍ਹਾ ਅੱਜ ਵੀ ਬਣਾਈ ਹੋਈ ਹੈ ।ਅੱਜਕੱਲ੍ਹ ਇਸਨੂੰ ਬੈਗ ਪਾਈਪ ਬੈਂਡ ਦੇ ਨਾਂ ਨਾਲ ਲੋਕ ਜਾਨਣ ਲੱਗ ਪਏ ਹਨ ਅਤੇ ਤੁਰ੍ਹਲੇ ਵਾਲੀ ਲੜ ਛੱਡਵੀਂ ਪੱਗ ਅਤੇ ਚਾਦਰੇ ਵਾਲੇ ਕੈਂਠਿਆਂ ਵਾਲੀ ਟੋਲੀ ਦੀ ਜਗ੍ਹਾ ਹੁਣ ਪੈਂਟਾਂ-ਸ਼ਰਟਾਂ ਵਾਲੇ ਵਰਦੀਧਾਰੀ ਗਰੁੱਪਾਂ ਨੇ ਲੈ ਲਈ ਹੈ । ਇਸਦੀਆਂ ਸੰਗੀਤਕ ਧੁੰਨਾਂ ਵੀ ਉਹੀ ਨੇ ।ਜੇ ਅਲੋਪ ਹੋਇਆ ਹੈ ਤਾਂ ਸਿਰਫ ਇਸ ਵਿੱਚੋਂ ਨਾਚ ਕਲਾ ਦੀ ਵੰਨਗੀ, ਨਚਾਰਾਂ ਦਾ ਨਾਚ ਅਲੋਪ ਹੋਇਆ ਹੈ ।


ਹਾਰਮੋਨੀਅਮ : ਇਹ ਹਵਾ ਦਾ ਦਬਾਅ ਬਣਾਕੇ ਵਜਾਉਣ ਵਾਲਾ ਇੱਕ ਸਾਜ਼ ਹੈ । ਹਾਰਮੋਨੀਅਮ ਉੱਨ੍ਹੀਵੀਂ ਸਦੀ ਵਿੱਚ ਫਰਾਂਸ ਦੇ ਲੋਕਾਂ ਵੱਲੋਂ ਭਾਰਤ ਵਿੱਚ ਲਿਆਂਦਾ ਗਿਆ ਸੀ ਅਤੇ ਇਹ ਬਾਜੇ ਅਤੇ ਵੀਜਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ । ਧਾਰਮਿਕ ਪੱਖ ਤੋਂ ਹਾਰਮੋਨੀਅਮ ਦਾ ਸਿੱਖ ਧਰਮ ਵਿੱਚ ਸਤਿਕਾਯੋਗ ਸਥਾਨ ਹੈ ਅਤੇ ਸਿੱਖਾਂ ਦੇ ਹਰ ਗੁਰੂ-ਘਰ ਤੋਂ ਇਲਾਵਾ ਹਰੇਕ ਗੁਰਬਾਣੀ ਕੀਰਤਨ ਪ੍ਰੇਮੀ ਦੇ ਘਰ ਵਿੱਚ ਪਾਇਆ ਜਾਣ ਵਾਲਾ ਸਾਜ਼ ਹੈ । ਭਾਰਤ ਵਿੱਚ ਹਾਰਮੋਨੀਅਮ ਸਾਜ਼ ਦੀ ਉਤਪਤੀ ਪੱਛਮੀ ਆਮਦ ਨਾਲ ਹੋਈ ਸੀ ਅਤੇ ਕ੍ਰਿਸਚੈਨਿਟੀ ਪ੍ਰਚਾਰਕਾਂ ਨੇ ਇੱਥੇ ਪ੍ਰਚੱਲਿਤ ਕੀਤਾ । ਇਸਦੀ ਧੁੰਨ ਭਾਰਤੀ ਸੰਗੀਤ ਲਈ ਉੱਚਿਤ ਹੋਣ ਕਰਕੇ ਹਾਰਮੋਨੀਅਮ ਭਾਰਤੀ ਪੁਰਾਤਨ ਸੰਗੀਤ ਪ੍ਰੰਪਰਾ ਵਿੱਚ ਹਰਮਨ ਪਿਆਰਾ ਹੋ ਗਿਆ । ਅਸਲ ਵਿੱਚ ਹਾਰਮੋਨੀਅਮ ਦੇ ਅੰਦਰਲਾ ਸਾਜ਼ ਪਹਿਲਾਂ ਤੋਂ ਹੀ ਧੁੰਨੀਬੱਧ ਹੋ ਕਰਕੇ ਇਸਦੇ ਸੁਰ ਕੱਢਣ ਵਾਲੇ ਬਟਨਾਂ ਨੂੰ ਦਬਾਉਣ ਦੀ ਕਲਾ ਸਿੱਖਣ ਨਾਲ ਇਸ ਵਿੱਚੋਂ ਸੁਰੀਲੀ ਸੁਰ ਪੈਦਾ ਹੁੰਦੀ ਹੈ । ਪਰ ਭਾਰਤ ਦੇ ਸੰਗੀਤਕਾਰਾਂ ਨੇ ਪੱਛਮੀ ਸੰਗੀਤਕਾਰਾਂ ਦੀ ਤਰਾਂ ਇਸਨੂੰ ਕੁਰਸੀ ਉੱਤੇ ਬੈਠਕੇ ਜਾਂ ਖੜ੍ਹੇ ਹੋ ਕੇ ਗਾਉਣਾ ਪਸੰਦ ਨਾ ਕੀਤਾ ।  ਇਸ ਤਰਾਂ ਭਾਰਤੀ ਸੰਗੀਤਕਾਰਾਂ ਨੇ ਹਾਰਮੋਨੀਅਮ ਨੂੰ ਹੇਠਾਂ ਚੌਂਕੜੀ ਮਾਰ ਕੇ ਬੈਠ ਕੇ ਵਜਾਉਣ ਲਈ  ਆਪਣੀ ਸੁਵਿਧਾ ਅਨੁਸਾਰ ਹਾਰਮੋਨੀਅਮ ਵਿੱਚ ਤਬਦੀਲੀਆਂ ਕਰ ਲਈਆਂ । ਜਿਵੇਂ ਕਿ ਪੱਛਮੀ ਲੋਕ ਹਾਰਮੋਨੀਅਮ ਨੂੰ ਦੋਵੇਂ ਹੱਥਾਂ ਨਾਲ ਵਜਾਇਆ ਕਰਦੇ ਸਨ, ਜਦਕਿ ਭਾਰਤੀ ਸੰਗੀਤਕਾਰਾਂ ਨੇ ਹਾਰਮੋਨੀਅਮ ਨੂੰ ਇੱਕੋ ਹੱਥ ਨਾਲ ਵਜਾਉਣ  ਲਈ ਇਸਨੂੰ ਨਵਾਂ ਰੂਪ ਦੇ ਦਿੱਤਾ । ਇਸ ਪ੍ਰਕਾਰ ਭਾਰਤੀਆਂ ਦੇ ਨਵੇਂ ਈਜਾਦ ਕੀਤੇ ਹੋਏ ਹਾਰਮੋਨੀਅਮ ਵਿੱਚ ਇੱਕ ਹੱਥ ਨਾਲ ਦਬਾਅ ਦੇ ਕੇ ਹਵਾ ਭੰਡਾਰ ਕੀਤੀ ਜਾਂਦੀ ਹੈ ਅਤੇ ਦੂਸਰੇ ਹੱਥ ਨਾਲ ਸੁਰਾਂ ਕੱਢਣ ਦਾ ਕੰਮ ਕੀਤਾ ਜਾਂਦਾ ਹੈ । ਇਸ ਤਰਾਂ ਹਾਰਮੋਨੀਅਮ (ਬਾਜਾ) ਪੰਜਾਬੀ ਦੇ ਸੰਗੀਤ ਸਾਜ਼ਾਂ ਦਾ ਪ੍ਰਮੁੱਖ ਸਾਜ਼ ਹੈ ।

4