ਨਚਾਰਾਂ ਦਾ ਨਾਚ

ਲੋਕ-ਨਾਚ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਲੋਕ ਜੀਵਨ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੀ ਹੈ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਨਾਲ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ , ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਲੋਕ ਨਾਚ ਦੀ ਪ੍ਰੰਪਰਾ ਪ੍ਰਾਚੀਨ ਹੈ। ਲੋਕ ਨਾਚ ਸਭਿਆਚਾਰ ਦੇ ਜੀਵਨ ਦਾ ਮਹੱਤਵਪੂਨ ਅੰਗ ਬਣ ਚੁੱਕੇ ਹਨ। ਲੋਕ ਨਾਚ ਵਿੱਚ ਸਹਿਜ ਭਾਵ ਨਾਲ ਸੰਬੋਧਨ ਵੀ ਕੀਤਾ ਜਾਂਦਾ ਹੈ। ਲੋਕ-ਨਾਚ ਨੂੰ ਗੀਤਾ ਰਹੀ ਗਤੀ ਪ੍ਰਧਾਨ ਕੀਤੀ ਜਾਂਦੀ ਹੈ। ਕੁਝ ਲੋਕ ਨਾਚ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰ ਹੁੰਦੇ ਹਨ ਅਤੇ ਕਿਸੇ ਸਾਜ਼ ਦੇ ਮੁਥਾਜ਼ ਵੀ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਪ੍ਰਗਟਾ ਕਰਨ ਲਈ ਹੱਥਾਂ ਦੀਆਂ ਤਾੜੀਆਂ ਦਾ ਸਹਾਰਾ ਵੀ ਲਿਆ ਜਾਂਦਾ ਹੈ।