ਲੋਕ ਗਾਥਾ

ਪੰਜਾਬੀ ਸਾਹਿਤ ਵਿੱਚ ਲੋਕ-ਗਾਥਾ ਦਾ ਸਨਮਾਨਯੋਗ ਸਥਾਨ ਹੈ ਜੇਕਰ ਲੋਕ-ਗਾਥਾ ਦੀ ਪ੍ਰੀਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਾਹਿਤ ਕੋਸ਼ ਵਿੱਚ ਇਹ ਸਪਸ਼ਟ ਜ਼ਿਕਰ ਹੈ ਕਿ ਕਿਸੇ ਸਮਾਜ ਦੇ ਲੋਕ ਨਾਇਕ ਜਾਂ ਕਿਸੇ ਪ੍ਰਸਿੱਧ ਘਟਨਾ ਨਾਲ ਜੁੜੀ ਲੋਕ ਕਥਾ ਨੂੰ ਲੋਕ-ਗਾਥਾ ਕਹਿੰਦੇ ਹਨ । ਭਾਵ ਸਿੱਧੇ ਰੂਪ ਵਿੱਚ ਗੀਤਾਂ ਵਿੱਚ ਗਾਈ ਜਾਣ ਵਾਲੀ ਕਿਸੇ ਲੋਕਪ੍ਰਿਅ ਕਹਾਣੀ ਨੂੰ ਲੋਕ-ਗਾਥਾ ਕਿਹ ਸਕਦੇ ਹਾਂ। ਬ੍ਰਿਟਾਨਿਕਾ ਇਨਸਾਈਕਲੋਪੀਡੀਆ ਅਨੁਸਾਰ ਲੋਕ-ਗਾਥਾ ਦੇ ਰਚੇਤੇ ਦਾ ਅਗਿਆਤ ਹੋਣ ਦੇ ਨਾਲ ਇਸਦੀ ਕਹਾਣੀ ਦਾ ਪ੍ਰੰਪ੍ਰਾਗਤ ਜ਼ੁਬਾਨੀ ਹੋਣਾ ਇਸਦੀਆਂ ਮੁੱਖ ਵਿਸੇਸ਼ਤਾਈਆਂ ਹਨ । ਸਤੇਂਦ੍ਰ ਦੇ ਅਨੁਸਾਰ  “ਅਜਿਹੀਆਂ ਸਾਰੀਆਂ ਗਾਥਾਵਾਂ, ਜਿਹੜੀਆਂ ਯਥਾਰਥ ਇਤਿਹਾਸਕ  ਬਿੰਦੂ ਤੇ ਉਸਾਰੀਆਂ ਗਈਆਂ ਹੋਣ, ਉਹ ਲੋਕ-ਗਾਥਾ ਕਹਾਉਂਦੀਆਂ ਹਨ ।” ਮੌਰੇ ਦਾ ਮੰਨਣਾ ਹੈ ਕਿ “ਇਹ ਛੋਟੇ ਪਦਾਂ ਵਿੱਚ ਰਚੀ ਪ੍ਰੇਰਣਾ-ਦਾਇਕ ਕਵਿਤਾ ਹੈ, ਜਿਸ ਵਿੱਚ ਕੋਈ ਲੋਕ-ਪ੍ਰਿਅ ਕਥਾ ਵਿਸਥਾਰ ਸਹਿਤ ਕਹੀ ਗਈ ਹੋਵੇ । 


ਪੰਜਾਬ ਦੀਆਂ ਪ੍ਰਸਿੱਧ ਲੋਕ ਗਾਥਾਵਾਂ : ਪੰਜਾਬੀ ਲੋਕ ਗਾਥਾਵਾਂ ਪੰਜਾਬ ਦੇ ਸੱਭਿਆਚਾਰ ਦਾ ਬਹੁਮੁੱਲਾ ਖਜ਼ਾਨਾ ਹਨ । ਪੰਜਾਬ ਦੀ ਧਰਤੀ ਨੇ ਹਕੀਕੀ ਇਸ਼ਕ ਕਰਨ ਵਾਲੇ  ਅਨੇਕਾਂ ਲੋਕ ਨਾਇਕਾਂ ਨੂੰ ਜਨਮ ਦਿੱਤਾ ਹੈ । ਪੰਜਾਬੀ ਸਾਹਿਤ ਵਿੱਚ ਇਹਨਾਂ ਲੋਕ ਨਾਇਕਾਂ ਦਾ ਲੋਕ ਗਾਥਾਵਾਂ ਦੇ ਰੂਪ ਵਿੱਚ ਜਿਕਰ ਦੇਖਣ ਨੂੰ ਮਿਲਦਾ ਹੈ ।