ਬਠਿੰਡਾ 'ਚ ਜਮੀਨ ਦੀ ਮਿਣਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਮੁੜ ਆਹਮੋ-ਸਾਹਮਣੇ,  ਬੇਰੰਗ ਮੋੜਿਆ ਪ੍ਰਸ਼ਾਸਨ

  • ਪਿੰਡ ਜਿਊਂਦ 'ਚ ਡਰੋਨ ਮੈਪਿੰਗ ਨੂੰ ਲੈ ਕੇ ਚੱਲ ਰਿਹਾ ਵਿਵਾਦ 

ਬਠਿੰਡਾ, 17 ਮਈ 2025 : ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਊਂਦ 'ਚ ਜਮੀਨ ਦੀ ਮਿਣਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹਾਲੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਡਰੋਨ ਰਾਹੀਂ ਜਮੀਨ ਦੀ ਮੈਪਿੰਗ ਕਰਨ ਗਈ ਪੁਲਿਸ ਪ੍ਰਸ਼ਾਸਨ ਦੀ ਵੱਡੀ ਟੀਮ ਨੂੰ ਕਿਸਾਨਾਂ ਨੇ ਮੁੜ ਦੂਜੇ ਦਿਨ ਵੀ ਬੇਰੰਗ ਮੋੜ ਦਿੱਤਾ। ਬੀਤੇ ਕੱਲ ਵੀ ਇਹ ਮੁੱਦਾ ਭਖਿਆ ਰਿਹਾ ਤੇ ਬਠਿੰਡਾ ਦੀ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਅਤੇ ਕਿਸਾਨ ਆਗੂ ਝੰਡਾ ਸਿੰਘ ਜੇਠੂਕਾ ਵਿਚਕਾਰ ਹੋਈ ਤਕਰਾਰਬਾਜ਼ੀ ਸੋਸਲ ਮੀਡੀਆ 'ਤੇ ਘੁੰਮਦੀ ਰਹੀ। ਇਸੇ ਦੌਰਾਨ ਅੱਜ ਸ਼ਨੀਵਾਰ ਨੂੰ ਮੁੜ ਸੁਵੱਖਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਪੁਲਿਸ ਨਾਲ ਲੈੱਸ ਇੱਕ ਵੱਡੀ ਟੀਮ ਪਿੰਡ ਪੁੱਜੀ ਅਤੇ ਡਰੋਨ ਦੀ ਮੱਦਦ ਨਾਲ ਮਿਣਤੀ ਕਰਨ ਦੀ ਤਿਆਰੀ ਕੀਤੀ ਪ੍ਰੰਤੂ ਦੂਜੇ ਪਾਸੇ ਕੰਨਸੋਅ ਮਿਲਣ 'ਤੇ ਪਹਿਲਾਂ ਹੀ ਕਿਸਾਨ ਪ੍ਰਸ਼ਾਸਨ ਦਾ ਵਿਰੋਧ ਕਰਨ ਲਈ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਬੈਠੇ ਹੋਏ ਸਨ, ਜਿੰਨ੍ਹਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਦੋਨਾਂ ਪੱਖਾਂ ਵਿਚ ਕਹਾਸੁਣੀ ਹੋਈ ਅਤੇ ਧੱਕਾਮੁਕੀ ਵੀ ਹੋਈ। ਅਖ਼ੀਰ ਵਿਚ ਪ੍ਰਸ਼ਾਸਨ ਨੂੰ ਹਾਲਾਤ ਦੇਖਦਿਆਂ ਮੁੜ ਵਾਪਸ ਪਰਤਣਾ ਪਿਆ। ਦਸਣਾ ਬਣਦਾ ਹੈ ਕਿ ਜਿਊਂਦ ਪਿੰਡ ਦੀ ਹਾਲੇ ਤੱਕ ਮੁਰੱਬੇਬੰਦੀ ਨਹੀਂ ਹੋਈ ਅਤੇ ਇੱਥੇ ਮੁਜ਼ਾਹਰੇ ਦੇ ਰੂਪ ਵਿਚ ਕਿਸਾਨ ਖੇਤੀ ਕਰ ਰਹੇ ਹਨ ਜਦਕਿ ਜਮੀਨ ਦੀ ਮਾਲਕੀ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਹਾਈਕੋਰਟ ਵਿੱਚੋਂ ਇਸਦੀ ਮਿਣਤੀ ਦੇ ਆਦੇਸ਼ ਲਏ ਹੋਏ ਹਨ।