ਡਾ. ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਵਾਰਡ ਨੰਬਰ 9 'ਚ ਹਾਈਪਰਟੈਂਸ਼ਨ ਤਾਰਾਂ ਦਾ ਮਸਲਾ ਹੱਲ ਕਰਨ ਲਈ 3.5 ਲੱਖ ਦੀ ਗ੍ਰਾਂਟ ਜਾਰੀ ਕਰਨ ਦਾ ਕੀਤਾ ਐਲਾਨ

  1. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ: ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ
  2. ਮਲੋਟ ਸ਼ਹਿਰ ਦੇ ਦੁਕਾਨਦਾਰਾਂ ਦੇ ਮਸਲਿਆਂ ਦੇ ਹੱਲ ਲਈ ਵੀ ਬਾਜ਼ਾਰ ‘ਚ ਪਹੁੰਚ ਕੇ ਕੀਤੀ ਮੀਟਿੰਗ

ਮਲੋਟ, 17 ਮਈ 2025 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਵਾਰਡ ਨੰਬਰ 9 ਵਿੱਚ ਹਾਈ ਵੋਲਟੇਜ ਦੀਆਂ ਤਾਰਾਂ ਨੂੰ ਉੱਚਾ ਚੁੱਕਣ ਲਈ 3.5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਮਲੋਟ ਸ਼ਹਿਰ ਦੇ ਦੁਕਾਨਦਾਰਾਂ ਦੇ ਮਸਲਿਆਂ ਦੇ ਹੱਲ ਲਈ ਵੀ ਬਾਜ਼ਾਰ ‘ਚ ਪਹੁੰਚ ਕੇ ਮੀਟਿੰਗ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਵਾਰਡ ਨੰਬਰ 9 ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਬਿਜਲੀ ਦੀਆਂ ਹਾਈ ਵੋਲਟੇਜ ਦੀਆਂ ਤਾਰਾਂ ਦਾ ਮਸਲਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਇਹ ਤਾਰਾਂ ਬਹੁਤ ਨੀਵੀਆਂ ਹੋਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ ਅਤੇ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਅੱਜ ਇਨ੍ਹਾਂ ਤਾਰਾਂ ਨੂੰ ਉੱਚਾ ਚੁੱਕਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਂਦੇ ਹੀ ਕੁਝ ਦਿਨਾਂ ਵਿੱਚ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ 4.5 ਕਰੋੜ ਦੀ ਲਾਗਤ ਨਾਲ ਪਾਣੀ ਦੀ ਟੈਂਕੀ ਵੀ ਵਾਰਡ ਨੰਬਰ 8 ਲਈ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਵਾਰਡ ਦੇ ਵਾਸੀਆਂ ਦੀ ਹੋਰ ਸਮੱਸਿਆਵਾਂ ਜਿਵੇ ਕਿ ਲਾਲ ਲਕੀਰ ਵਿੱਚ ਮਕਾਨ ਆਉਂਦੇ ਹਨ, ਗਲੀਆਂ ਪੱਕੀਆਂ ਕਰਨ ਸਬੰਧੀ ਅਤੇ ਹੋਰ ਸਮੱਸਿਆਵਾਂ ਹਨ, ਉਹ ਵੀ ਉਨ੍ਹਾਂ ਦੇ ਧਿਆਨ ਵਿੱਚ ਹਨ ਅਤੇ ਜਲਦੀ ਹੀ ਉਨ੍ਹਾਂ ਦਾ ਹੱਲ ਵੀ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਟਰੱਕ ਯੂਨੀਅਨ ਮਲੋਟ ਸੁਖਪਾਲ ਸਿੰਘ, ਕੋਆਰਡੀਨੇਟਰ ਨਸ਼ਾ ਮੁਕਤੀ ਯਾਤਰਾ ਮਲੋਟ ਬਲਰਾਜ ਸਿੰਘ, ਸੰਦੀਪ ਸਿੰਘ, ਵਿਪਨ ਕੁਮਾਰ, ਹਰਬੰਸ ਸਿੰਘ ਸਰਪੰਚ ਪਿੰਡ ਸ਼ੇਖੂ, ਕਸ਼ਮੀਰ ਸਿੰਘ, ਨਿੱਜੀ ਸਹਾਇਕ ਸ੍ਰੀ ਅਰਸ਼ਦੀਪ ਸਿੰਘ, ਸ੍ਰੀ ਸ਼ਿੰਦਰਪਾਲ ਸਿੰਘ ਪੀ.ਏ. ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਮਲੋਟ ਵਾਸੀ ਹਾਜ਼ਰ ਸਨ।