ਨਸ਼ਾ ਤਸਕਰਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਅੱਗੇ ਗੋਡੇ ਟੇਕਣੇ ਹੀ ਪੈਣਗੇ : ਮੰਤਰੀ ਧਾਲੀਵਾਲ

  • ਨਸ਼ਾ ਮੁਕਤ ਪੰਜਾਬ ਬਣੇਗਾ ਦੇਸ਼ ਦੀ ਸ਼ਾਨ”- ਧਾਲੀਵਾਲ
  • ਬਲੜਵਾਲ, ਦੀਨੇਵਾਲੀ, ਅਬਾਦੀ ਹਰਨਾਮ ਸਿੰਘ ਵਿਖੇ ਹੋਈਆਂ ਨਸ਼ਾ ਮੁਕਤ ਯਾਤਰਾ ਰੈਲੀਆਂ 

ਅਜਨਾਲਾ, 17 ਮਈ 2025 : ਅੱਜ ਹਲਕਾ ਅਜਨਾਲਾ ‘ਚ ਕੌਮਾਂਤਰੀ ਭਾਰਤ ਪਾਕਿ ਸਰਹੱਦ ਦੇ ਨੇੜੇ ਪਿੰਡ ਬਲੜਵਾਲ, ਪਿੰਡ ਅਬਾਦੀ ਹਰਨਾਮ ਸਿੰਘ ਤੇ ਪਿੰਡ ਦੀਨੇਵਾਲੀ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਯਾਤਰਾ ਤਹਿਤ ਕਰਵਾਈਆਂ ਗਈਆਂ ਪ੍ਰਭਾਵਸ਼ਾਲੀ ਜਾਗਰੂਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ “ਨਸ਼ਾ ਮੁਕਤੀ ਅਭਿਆਨ ਨਸ਼ਾ ਮੁਕਤ ਪੰਜਾਬ ਬਣੇਗਾ, ਦੇਸ਼ ਦੀ ਸ਼ਾਨ” ਨਾਅਰਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪ੍ਰਚੰਡ ਰੂਪ ‘ਚ ਛੇੜੇ ਗਏ ਯੁੱਧ ਨਸ਼ਿਆਂ ਵਿਰੁੱਧ ਅੱਗੇ ਨਸ਼ਾ ਤਸਕਰਾਂ ਨੂੰ ਆਪਣੇ ਗੋਡੇ ਟੇਕਣੇ ਹੀ ਪੈਣਗੇ , ਕਿਉਂਕਿ ਸੂਬਾ ਮਾਨ ਸਰਕਾਰ ਨੇ ਨਸ਼ਾ ਤੱਸਕਰੀ ਦਾ ਕਾਨੂੰਨੀ ਸ਼ਿਕੰਜੇ ‘ਚ ਮਹਾਂ ਵਿਨਾਸ਼ ਕਰਨ ਲਈ ਪ੍ਰਣ ਲਿਆ  ਹੋਇਆ ਹੈ। ਮੰਤਰੀ ਸ: ਧਾਲੀਵਾਲ ਨੇ ਕਿਹਾ ਕਿ ਸਾਬਕਾ ਕਾਂਗਰਸ ਤੇ ਅਕਾਲੀ –ਭਾਜਪਾ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲਣ ਲਈ ਕੋਈ ਕਸਰ ਨਹੀਂ ਛੱਡੀ ਅਤੇ ਪੰਜਾਬ ਦੀ ਕੌਮੀ ਪੱਧਰ ਤੇ ਹੁੰਦੀ ਬਦਨਾਮੀ ਦੇ ਮੱਦੇਨਜ਼ਰ ਬਾਲੀਵੱੁਡ ਤੇ ਪੰਜਾਬੀ ਸਿਨੇਮਾ ਨੇ ਇਸ ਮੁੱਦੇ ਨੂੰ ਵਪਾਰਕ ਨੁਕਤੇ ਨਾਲ ਭੁਨਾਉਣ ਲਈ ਉਡਦਾ ਪੰਜਾਬ ਆਦਿ ਜਿਹੀਆਂ ਪੰਜਾਬੀਆਂ ਦੇ ਨਸ਼ਿਆਂ ‘ਚ ਗ੍ਰਸਤ ਹੋਣ ਦੀਆਂ ਫਿਲਮਾਂ ਬਣਾਈਆਂ, ਪਰ ਹੁਣ ਉਡਦਾ ਪੰਜਾਬ ਨਹੀਂ ਸਗੋਂ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਬਦਲਦਾ ਪੰਜਾਬ –ਰੰਗਲਾ ਪੰਜਾਬ ਦੀ ਸਿਰਜਣਾ ਹੋ ਰਹੀ ਹੈ। ਜਿਸ ਦੌਰਾਨ ਹੁਣ ਨੌਜੁਆਨ ਪੀੜੀ ਚਿੱਟਾ (ਨਸ਼ਾ) ਵੇਚਦੇ , ਚਿੱਟੇ ਦੇ ਟੀਕੇ ਲਗਾਉਂਦੇ ਜਾਂ ਹੋਰ ਸਿੰਥੈਟਿਕ ਨਸ਼ੇ ਕਰਦੇ ਨਹੀਂ , ਸਗੋਂ ਖੇਡਾਂ ਦੇ ਮੈਦਾਨ ‘ਚ ਆਪਣੇ ਸਿਹਤਮੰਦ ਜੁੱਸੇ ਦਾ ਪ੍ਰਗਟਾਵਾ ਕਰਦੇ, ਨੌਕਰੀਆਂ ਸਣੇ ਸਵੈ ਰੁਜਗਾਰ ‘ਚ ਮੱਲਾਂ ਮਾਰਦੇ ਹੋਏ ਆਪਣੇ ਹੱਥੀ ਰੰਗਲੇ ਪੰਜਾਬ ਦੀ ਸਿਰਜਣਾ ਕਰਦੇ ਹੋਏ ਨੌਜੁਆਨ ਦਿਸਣਗੇ। ਇਨ੍ਹਾਂ ਨਸ਼ਾ ਰੈਲੀਆਂ ਦੌਰਾਨ ਮੰਤਰੀ ਸ: ਧਾਲੀਵਾਲ ਵਲੋਂ ਅਫਸਰਾਂ ਸਮੇਤ , ਡਿਫੈਂਸ ਕਮੇਟੀਆਂ , ਪੰਚਾਇਤਾਂ, ਨੰਬਰਦਾਰਾਂ ਤੇ ਹੋਰ ਮੋਹਤਬਰਾਂ ਨੂੰ ਨਸ਼ਿਆਂ ਵਿਰੁੱਧ ਹਲਫ ਦਿਵਾਇਆ ਗਿਆ। ਇਸ ਮੌਕੇ ਤੇ ਐਸਡੀਐਮ ਅਜਨਾਲਾ ਸ: ਰਵਿੰਦਰ ਸਿੰਘ ਅਰੋੜਾ, ਡੀਐਸਪੀ ਗੁਰਵਿੰਦਰ ਸਿੰਘ, ਬੀਡੀਪੀਓ ਅਜਨਾਲਾ ਸਿਤਾਰਾ ਸਿੰਘ ਵਿਰਕ, ਐਸਐਚਓ ਅਜਨਾਲਾ ਮੁਖਤਿਆਰ ਸਿੰਘ  ਆਦਿ ਵੱਖ ਵੱਖ ਵਿਭਾਗਾਂ ਦੇ ਅਫਸਰਾਂ ਤੋਂ ਇਲਾਕੇ ਦੇ ਪੰਚ ਸਰਪੰਚ ਵੱਡੀ ਗਿਣਤੀ ‘ਚ ਮੌਜੂਦ ਸਨ।