ਨਸ਼ਾ ਮੁਕਤੀ ਲਈ ਯਾਤਰਾ ਨਹੀਂ, ਪੰਜਾਬ ਪ੍ਰਤੀ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ : ਬਾਵਾ

  • ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਨੂੰ ਕੰਮ ਚਾਹੀਦਾ ਹੈ, ਵੋਟਾਂ ਦੀ ਖਾਤਰ ਮੁਫਤ ਸਮਾਨ ਦੇਣ ਦੇ ਲਾਰੇ ਅਤੇ ਨਾਅਰੇ ਪੰਜਾਬ ਨੂੰ ਨਿਕੰਮਾ ਅਤੇ ਕਰਜਾਈ ਬਣਾ ਰਹੇ ਹਨ

ਲੁਧਿਆਣਾ, 17 ਮਈ 2025 : ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਯਾਤਰਾ ਨਹੀਂ ਸਗੋਂ ਪੰਜਾਬ ਪ੍ਰਤੀ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਹਰ ਲੋੜ ਜਾਂ ਸਮੱਸਿਆ ਨੂੰ ਹਮੇਸ਼ਾ ਸਿਆਸੀ ਤੱਕੜੀ ਵਿੱਚ ਤੋਲ ਕੇ ਫੈਸਲਾ ਲੈਣਾ ਹੋ ਸਕਦਾ ਕਿਸੇ ਸਿਆਸੀ ਪਾਰਟੀ ਨੂੰ ਕੁਝ ਫਾਇਦਾ ਹੋ ਜਾਵੇ ਪਰ ਮੂਲ ਰੂਪ ਵਿੱਚ ਉਹ ਪੰਜਾਬ ਦਾ ਨੁਕਸਾਨ ਕਰਦਾ ਹੈ। ਅੱਜ 4 ਲੱਖ ਕਰੋੜ ਦੇ ਕਰਜੇ ਨਾਲ ਹਰ ਪੰਜਾਬੀ ਕਰਜਾਈ ਹੈ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਹਾਂ, ਲੱਗਦਾ ਹੈ ਹੁਣ ਇਹਨਾਂ ਨਾਲੋਂ ਪੰਜਾਬ ਵਿੱਚ ਕੋਈ ਖਾਸ ਆਦਮੀ ਨਹੀਂ ਰਿਹਾ। ਬਾਵਾ ਨੇ ਕਿਹਾ ਲੋੜ ਹੈ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਨੂੰ ਕੰਮ ਦਈਏ। ਫਸਲਾਂ ਵਿੱਚ ਵਿਭਿੰਨਤਾ ਲਿਆਈਏ। ਪਿੰਡਾਂ ਵਿੱਚ ਜਾ ਕੇ ਗ੍ਰਾਮਸੇਵਕ, ਪਟਵਾਰੀ, ਬੀ.ਡੀ.ਪੀ.ਓ ਹਰ ਪਿੰਡ ਜਾ ਕੇ ਪਿੰਡ ਦਾ ਡੈਟਾ ਬਣਾਉਣ। ਕਿੰਨੇ ਹੱਥ ਵਿਹਲੇ ਹਨ ਜਾਂ ਨਸ਼ਿਆਂ ਦੀ ਦਲ-ਦਲ ਵਿੱਚ ਕਿੰਨੇ ਲੋਕ ਡੁੱਬੇ ਹੋਏ ਹਨ..? ਪੁਲਿਸ ਦਾ ਵੀ ਇਹ ਸਭ ਲਈ ਅਹਿਮ ਰੋਲ ਹੋਣਾ ਚਾਹੀਦਾ ਹੈ। ਪਿੰਡਾਂ ਵਿਚ ਜਾ ਕੇ ਨਸ਼ੇ ਛੁਡਵਾਉਣ ਦੇ ਯਤਨਾਂ ਦੀ ਲੋੜ ਹੈ। ਸ਼ਹਿਰ ਵਿੱਚ ਲੱਗੇ ਵੱਡੇ-ਵੱਡੇ ਬੋਰਡ ਪਿੰਡਾਂ ਵਿੱਚ ਨਸ਼ਾ ਛਡਾਉਣ ਲਈ ਸਹਾਈ ਨਹੀਂ ਹੋ ਸਕਦੇ। ਧੰਨ ਬਰਬਾਦੀ ਰੋਕਣ ਦੀ ਵੀ ਲੋੜ ਹੈ। ਬਾਵਾ ਨੇ ਕਿਹਾ ਕਿ ਵੋਟ ਸਮੇਂ ਨਸ਼ੇ ਵੰਡਣ ਵਾਲੇ ਨੇਤਾਵਾਂ ਦਾ ਸਮਾਜਿਕ ਬਾਈਕਾਟ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਅੱਗੇ ਆਉਣ। ਨੌਜਵਾਨ ਅਤੇ ਕਲੱਬਾਂ ਇਸ ਲਈ ਮੋਹਰੀ ਰੋਲ ਅਦਾ ਕਰਨ। ਸਾਡੇ ਧਾਰਮਿਕ ਅਸਥਾਨਾਂ ਤੋਂ ਵੀ ਨਸ਼ਿਆਂ ਖਿਲਾਫ ਸਿੱਖਿਆ ਦਿੱਤੀ ਜਾਵੇ ਕਿਉਂਕਿ ਨਸ਼ਾ ਮੁਕਤ ਇਨਸਾਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਮੁਤਾਬਕ ਸੱਚੀ ਕਿਰਤ, ਨਾਮ ਜਪਣਾ ਅਤੇ ਵੰਡ ਛਕਣ ਦੇ ਵਡਮੁੱਲੇ ਬਚਨਾਂ 'ਤੇ ਪਹਿਰਾ ਦੇ ਸਕਦਾ ਹੈ। ਲੋੜ ਹੈ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਬਾਰੇ ਹਰ ਪੰਜਾਬੀ ਸੋਚੇ। ਉਹਨਾਂ ਕਿਹਾ ਕਿ ਲੋੜ ਹੈ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਨੂੰ ਸਹਾਈ ਬਣਾਇਆ ਜਾਵੇ ਅਤੇ ਨੌਜਵਾਨਾਂ ਨੂੰ ਖੇਡ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਸਰਕਾਰ ਠੋਸ ਕਦਮ ਚੁੱਕੇ। ਉਹਨਾਂ ਕਿਹਾ ਕਿ ਖੇਡਾਂ ਨਾਲ ਜੁੜਿਆ ਨੌਜਵਾਨ ਹਮੇਸ਼ਾ ਹਿੰਸਾ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹੇਗਾ।