
ਪਟਿਆਲਾ, 12 ਮਈ 2025 : ਪਟਿਆਲਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਮੁਹਿੰਮ ਦੌਰਾਨ, ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, ਕੋਲੋਂ 15 ਕਿਲੋ 680 ਗ੍ਰਾਮ ਅਫੀਮ ਅਤੇ ਰੁ. 2.30 ਲੱਖ ਨਕਦੀ ਬਰਾਮਦ। ਦੋਸ਼ੀ ਅਸਾਮ ਤੋਂ ਨਸ਼ਾ ਲਿਆ ਕੇ ਪੰਜਾਬ 'ਚ ਤਸਕਰੀ ਕਰ ਰਹੇ ਸਨ। ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤੇ ਗਏ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜਮਾਂ ਦੀ ਪਛਾਣ ਅਮਰਜੀਤ ਸਿੰਘ, ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਵਾਸੀਆਨ ਸੁਨਾਮ ਵਜੋਂ ਹੋਈ ਹੈ। ਜਿਨਾਂ ਕੋਲੋਂ 15 ਕਿੱਲੋ 680 ਗ੍ਰਾਮ ਅਫੀਮ ਅਤੇ 2 ਲੱਖ 30 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ। ਐੱਸ.ਐੱਸ.ਪੀ ਅਨੁਸਾਰ ਮੁਲਜਮ ਅੰਤਰਾਸ਼ਟਰੀ ਗਿਰੋਹ ਦੇ ਮੈਂਬਰ ਹਨ, ਜੋਕਿ ਉੱਤਰੀ ਪੂਰਬੀ ਇਲਾਕੇ ਅਸਾਮ ਤੇ ਇੰਫਾਲ ਆਦਿ ਤੋਂ ਅਫੀਮ ਲਿਆ ਕੇ ਪੰਜਾਬ ਅਤੇ ਹਰਿਆਣਾ ਵਿੱਚ ਤਸਕਰੀ ਕਰਦੇ ਹਨ। ਇੱਕ ਖੂਫੀਆ ਸੂਚਨਾ ਦੇ ਅਧਾਰ ’ਤੇ ਬਾਹਰਲੇ ਰਾਜਾਂ ਤੋਂ ਸਮਗਲ ਹੋ ਕੇ ਆ ਰਹੀ ਅਫੀਮ ਨੂੰ ਫੜ ਕੇ ਨਸ਼ਾ ਸਮਗਲਰਾਂ ਵੱਲੋਂ ਕੀਤੀ ਜਾ ਰਹੀ ਤਸੱਕਰੀ ਨੂੰ ਨੱਥ ਪਾਈ ਗਈ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਕਾਊਂਟਰ ਇਟੈਲੀਜੈਂਸ ਯੂਨਿਟ ਦੀ ਟੀਮ ਵੱਲੋ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 12 ਮਈ ਨੂੰ ਪਿੰਡ ਕਲਵਾਨੁੰ ਵਿਖੇ ਸੂਏ ਦੇ ਪੁਲ਼ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਰੇਟਾ ਕਾਰ ’ਤੇ ਅਮਰਜੀਤ ਸਿੰਘ, ਹਰਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਅਫਮੀ ਤੇ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਖਿਲਾਫ ਥਾਣਾ ਘੱਧਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰ ਕੇ ਇਨ੍ਹਾਂ ਦੇ ਸਾਰੇ ਸਪੰਕਰਾਂ ਸਬੰਧੀ ਜਾਣਕਾਰ ਹਾਸਿਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨਸ਼ਾ ਤਸਕਰਾਂ ਵੱਲੋਂ ਇਹ ਨਸ਼ਾ ਕਿਸ ਵਿਅਕਤੀ ਪਾਸੋਂ ਲਿਆਂਦਾ ਗਿਆ ਸੀ ਤੇ ਅੱਗੇ ਕਿਥੇ ਸਪਲਾਈ ਕੀਤਾ ਜਾਣਾ ਸੀ। ਐੱਸਐੱਸਪੀ ਅਨੁਸਾਰ ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਸਮਗਲਿੰਗ ਕਰਕੇ ‘ਨਸ਼ੇ ਦੇ ਅੱਤਵਾਦ’ ਲਈ ਫੰਡ ਤਾਂ ਨਹੀ ਇੱਕਠਾ ਕਰ ਰਹੇ, ਜੋ ਕਿ ਅਤੀ ਸੰਵੇਦਨਸ਼ੀਲ ਮਾਮਲਾ ਹੈ।