- ਸਵੱਛਤਾ ਮੁਹਿੰਮ ਤਹਿਤ ਲੋਕਾਂ ਨੂੰ ਘਰਾਂ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਲਈ ਕੀਤਾ ਜਾਵੇਗਾ ਜਾਗਰੂਕ
- ਗਤੀਵਿਧੀਆਂ ਦੌਰਾਨ ਸੈਨੀਟੇਸ਼ਨ ਵਰਕਰਾਂ ਦਾ ਕਰਵਾਇਆ ਜਾਵੇਗਾ ਸਿਹਤ ਗਰੁੱਪ ਬੀਮਾ
ਮਾਨਸਾ, 04 ਸਤੰਬਰ : ਭਾਰਤ ਸਰਕਾਰ ਵੱਲੋਂ 04 ਸਤੰਬਰ ਤੋਂ 02 ਅਕਤੂਬਰ 2023 ਤੱਕ ਪੂਰੇ ਦੇਸ਼ ਵਿੱਚ ਚਲਾਈ ਜਾ ਰਹੀ ਇੰਡੀਅਨ ਸਵੱਛਤਾ ਲੀਗ 2.0 ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਵੱਖ—ਵੱਖ ਗਤੀਵਿਧੀਆਂ ਬਾਰੇ ਵਧੀਕ ਡਿਪਟੀ ਕਮਿਸ਼ਨਰ (ਜ) ਮਾਨਸਾ ਸ਼੍ਰੀ ਰਵਿੰਦਰ ਸਿੰਘ ਵੱਲੋਂ ਜਿਲ੍ਹਾ ਮਾਨਸਾ ਅਧੀਨ ਆਉਂਦੀਆਂ ਸਮੂਹ ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ, ਸਵੱਛ ਭਾਰਤ ਮਿਸ਼ਨ ਸਕੀਮ ਤਹਿਤ ਕੰਮ ਕਰਦੇ ਸਬੰਧਤ ਸਟਾਫ ਨਾਲ ਮੀਟਿੰਗ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਵੱਛਤਾ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ—ਦੁਆਲੇ ਦੀ ਸਫਾਈ ਰੱਖਣ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲ ਤੇ ਕਾਲਜਾਂ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਣ ’ਤੇ ਪੈ ਰਹੇ ਬੁਰੇ ਪ੍ਰਭਾਵਾਂ ਸਬੰਧੀ ਸੁਚੇਤ ਕਰਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਭਵਿੱਖ ਵਿੱਚ ਸਾਫ—ਸਫਾਈ ਰੱਖਣ ਸਬੰਧੀ ਪ੍ਰੇਰਿਤ ਕਰਨ ਹਿੱਤ ਰੈਲੀਆਂ, ਨਾਟਕ ਅਤੇ ਹੋਰ ਜਾਗਰੂਕਤਾ ਕੈਂਪ ਲਗਾਏ ਜਾਣ ਤਾਂ ਜੋ ਸਵੱਛ ਭਾਰਤ ਮਿਸ਼ਨ ਮੁਹਿੰਮ ਨੂੰ ਹੋਰ ਜਿਆਦਾ ਪ੍ਰਭਾਵਸ਼ਾਲੀ ਅਤੇ ਸਫਲ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ 6 ਸਤੰਬਰ ਤੱਕ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵੱਲੋਂ ਸ਼ਹਿਰ ਦੇ ਯੂਥ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। 7 ਤੋਂ 14 ਸਤੰਬਰ ਤੱਕ ਵਿੱਦਿਅਕ ਅਦਾਰਿਆਂ, ਸਕੂਲਾਂ, ਕਾਲਜਾਂ ਵਿੱਚ ਜਾ ਕੇ ਸਵੱਛਤਾ ਲੀਗ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸੇ ਤਰ੍ਹਾਂ 15 ਸਤੰਬਰ ਤੋਂ 16 ਸਤੰਬਰ ਤੱਕ ਸਵੱਛਤਾ ਪਖਵਾੜੇ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ 17 ਸਤੰਬਰ ਨੂੰ ਇੰਡੀਅਨ ਸਵੱਛਤਾ ਲੀਗ ਤਹਿਤ ਰਾਜਨੀਤਿਕ ਸਖ਼ਸ਼ੀਅਤਾਂ, ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵੱਖ—ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀਆਂ ਵੱਲੋਂ ਵਿਸ਼ਾਲ ਸਵੱਛਤਾ ਰੈਲੀ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 18 ਤੇ 19 ਸਤੰਬਰ ਨੂੰ ਸਮੂਹ ਸੈਨੀਟੇਸ਼ਨ ਵਰਕਰਾਂ ਨੂੰ ਸਰਕਾਰੀ ਦੀਆਂ ਵੱਖ—ਵੱਖ ਸਕੀਮਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ ਅਤੇ 20 ਤੇ 21 ਸਤੰਬਰ ਨੂੰ ਮੈਡੀਕਲ ਕੈਂਪ ਲਗਾ ਕੇ ਸਮੂਹ ਸੈਨੀਟੇਸ਼ਨ ਵਰਕਰਾਂ ਦਾ ਹੈਲਥ ਚੈਕਅੱਪ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 23 ਅਤੇ 24 ਸਤੰਬਰ ਨੂੰ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵੱਲੋਂ ਸਮੂਹ ਸੈਨੀਟੇਸ਼ਨ ਵਰਕਰਾਂ ਦਾ ਸਿਹਤ ਗਰੁੱਪ ਬੀਮਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 25 ਅਤੇ 30 ਸਤੰਬਰ ਸੈਨੀਟੇਸ਼ਨ ਹਾਈਜੈਨਿਕ ਟਰੇਨਿੰਗ ਵਰਕਸ਼ਾਪ ਕਰਵਾਈ ਜਾਵੇਗੀ ਅਤੇ ਵਰਕਰਾਂ ਨੂੰ ਸੁਰੱਖਿਅਤ ਉਪਕਰਣ ਅਤੇ ਵਰਦੀਆਂ ਵੰਡੀਆਂ ਜਾਣਗੀਆਂ। ਇਸ ਉਪਰੰਤ 2 ਅਕਤੂਬਰ ਨੂੰ ਸਵੱਛ ਭਾਰਤ ਮਿਸ਼ਨ ਦੀ ਵਰੇ੍ਹਗੰਢ ਮੌਕੇ ਇੰਡੀਅਨ ਸਵੱਛਤਾ ਲੀਗ ਵਿੱਚ ਭਾਗ ਲੈਣ ਵਾਲੇ ਸਮੂਹ ਵਲੰਟੀਅਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।