ਅਸੀਂ ਸਿਰਫ ਇੰਨ੍ਹਾਂ ਚਾਹੁੰਦੇ ਹਾਂ ਕਿ ਡੱਲੇਵਾਲ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇ : ਸੁਪਰੀਮ ਕੋਰਟ 

ਖਨੌਰੀ, 2 ਜਨਵਰੀ 2025 : ਖਨੌਰੀ ਬਾਰਡਰ 'ਤੇ 38 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਵਿੱਚ ਅਦਾਲਤ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਸਖ਼ਤ ਰੁਖ਼ ਦਿਖਾਇਆ। ਅਦਾਲਤ ਨੇ ਕਿਹਾ ਕਿ ਜਾਣਬੁੱਝ ਕੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕਦੇ ਵਰਤ ਤੋੜਨ ਲਈ ਨਹੀਂ ਕਿਹਾ। ਅਦਾਲਤ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਹਾਡਾ ਰਵੱਈਆ ਸੁਲ੍ਹਾ ਕਰਵਾਉਣ ਦਾ ਨਹੀਂ ਹੈ। ਕੁਝ ਅਖੌਤੀ ਕਿਸਾਨ ਆਗੂ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਲਈ ਹੋਰ ਸਮਾਂ ਮੰਗਿਆ ਹੈ। ਸੁਪਰੀਮ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਿਰਫ ਇੰਨ੍ਹਾਂ ਚਾਹੁੰਦੇ ਹਾਂ ਕਿ ਡੱਲੇਵਾਲ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇ ਉਨ੍ਹਾਂ ਨੂੰ ਪੂਰੀ ਸਿਹਤ ਸੁਵਿਧਾਵਾਂ ਦਿੱਤੀਆਂ ਜਾਣ, ਉਹ ਚਾਹੁਣ ਤਾਂ ਆਪਣੀ ਹੜਤਾਲ ਜਾਰੀ ਰੱਖ ਸਕਦੇ ਹਨ। ਹਾਲਾਂਕਿ ਪੰਜਾਬ ਦੇ ਐਡਵੋਕੇਟ ਜਰਨਲ ਨੇ ਕਿਹਾ ਹੈ ਕਿ ਡੱਲੇਵਾਲ ਦੇ ਨਾਲ ਉਨ੍ਹਾਂ ਦੀ ਗੱਲ ਜਾਰੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਉਹ ਆਪਣੀ ਹੜਤਾਲ ਜਾਰੀ ਰੱਖਣਗੇ। ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੀ ਤੁਸੀਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਸੁਪਰੀਮ ਕੋਰਟ ਪਹਿਲਾਂ ਹੀ ਇੱਕ ਕਮੇਟੀ ਗਠਿਤ ਕਰ ਚੁੱਕਿਆ ਹੈ। ਤੁਹਾਡਾ ਇਰਾਦਾ ਇਸ ਮਾਮਲੇ ਨੂੰ ਨਿਪਟਾਉਣ ਦਾ ਨਹੀਂ ਲੱਗ ਰਿਹਾ ਹੈ। ਲਿਹਾਜ਼ਾ ਸੁਪਰੀਮ ਕੋਰਟ ਨੇ ਹੁਣ ਸੋਮਵਾਰ ਤੱਕ ਦਾ ਸਮਾਂ ਦਿੰਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਉੱਥੇ ਹੀ ਇੱਕ ਹੋਰ ਪਟੀਸ਼ਨ ਡੱਲੇਵਾਲ ਦੀ ਦੋਸਤ ਗੁਨਿੰਦਰ ਕੌਰ ਗਿੱਲ ਨੇ ਦਾਖਿਲ ਕੀਤੀ ਹੈ ਜਿਸ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਇਸ ਪਟੀਸ਼ਨ ’ਚ ਗੁਨਿੰਦਰ ਕੌਰ ਨੇ ਕਿਹਾ ਹੈ ਕਿ ਤਿੰਨਾਂ ਖੇਤੀ ਕਾਨੂੰਨ ਵਾਪਿਸ ਲੈਂਦੇ ਸਮੇਂ ਸਰਕਾਰ ਨੇ ਕੁਝ ਵਾਅਦੇ ਕੀਤੇ ਸੀ ਜੇਕਰ ਕੇਂਦਰ ਇਸ ’ਤੇ ਕਾਰਵਾਈ ਕਰੇ ਤਾਂ ਕੁਝ ਹੱਲ ਨਿਕਲ ਸਕਦਾ ਹੈ।