ਅੰਮ੍ਰਿਤਸਰ, 3 ਜਨਵਰੀ 2025 : ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਪਾਕਿਸਤਾਨ ਸਥਿਤ ਸਮੱਗਲਰਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਮੁੱਖ ਸਾਥੀ ਮਨਜੀਤ ਸਿੰਘ ਉਰਫ ਭੋਲਾ ਸਮੇਤ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ 2.192 ਕਿਲੋਗ੍ਰਾਮ ਹੈਰੋਇਨ, 3 ਆਧੁਨਿਕ ਪਿਸਤੌਲ (.30 ਬੋਰ, 2 ਆਟੋਮੈਟਿਕ ਸਮੇਤ), 2.6 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਗਈ। ਥਾਣਾ ਛੇਹਰਟਾ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਸੂਬੇ ਵਿੱਚ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।