ਜਲੰਧਰ, 4 ਜਨਵਰੀ 2025 : ਜਲੰਧਰ 'ਚ ਲੰਮਾਂ ਪਿੰਡ ਇਲਾਕੇ 'ਚ ਦੋ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਇਕ ਦੋਸਤ ਦੇ ਘਰ ਸੌਂ ਰਹੇ ਸਨ ਤਾਂ ਹਮਲਾਵਰ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪੁੱਜੀ। ਮੌਕੇ 'ਤੇ ਪਹੁੰਚ ਰਾਮਾ ਮੰਡੀ ਥਾਣਾ ਦੀ ਪੁਲਿਸ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਸ਼ਿਵ (24) ਵਾਸੀ ਮੋਤਾ ਸਿੰਘ ਨਗਰ ਅਤੇ ਵਿਨੈ ਤਿਵਾੜੀ (22) ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਮਿੱਠਾਪੁਰ ਦੇ ਰਹਿਣ ਵਾਲੇ ਮੰਨਾ ਨੇ ਗੋਲੀ ਮਾਰੀ ਹੈ। ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਵਾਲੀ ਥਾਂ 'ਤੇ 7 ਤੋਂ 8 ਗੋਲੀਆਂ ਚਲਾਈਆਂ ਗਈਆਂ। ਦੋਵਾਂ ਨੌਜਵਾਨਾਂ ਨੂੰ ਇੱਕੋ ਹਥਿਆਰ ਨਾਲ ਮਾਰਿਆ ਗਿਆ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਕੁਝ ਖੋਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇਲਾਕਾ ਕਾਫੀ ਸੁੰਨਸਾਨ ਸੀ, ਇਸ ਲਈ ਪੁਲਿਸ ਨੇ ਸੀਸੀਟੀਵੀ ਚੈਕਿੰਗ ਦਾ ਦਾਇਰਾ ਵੀ ਵਧਾ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਘਟਨਾ ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਵਾਪਰੀ। ਦੋਵੇਂ ਮ੍ਰਿਤਕ ਨੌਜਵਾਨ ਥਾਣਾ ਡਵੀਜ਼ਨ ਨੰਬਰ-6 ਵਿੱਚ ਦਰਜ ਕੇਸ ਵਿੱਚ ਲੋੜੀਂਦੇ ਸਨ। ਥਾਣਾ ਰਾਮਾ ਮੰਡੀ ਦੇ ਨਾਲ-ਨਾਲ ਜਲੰਧਰ ਦੇ ਸੀਆਈਏ ਸਟਾਫ਼ ਦੀ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਹੁਣ ਤੱਕ ਦੀ ਜਾਂਚ ਵਿੱਚ ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਲੱਗ ਰਿਹਾ ਹੈ। ਮੁਲਜ਼ਮ ਮੰਨਾ ਦੀ ਭਾਲ ਵਿੱਚ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।