ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਸਰਕਾਰ ਲਈ ਚਿੰਤਾ ਪੈਦਾ ਕਰੋ : ਜਗਜੀਤ ਸਿੰਘ ਡੱਲੇਵਾਲ 

ਖਨੌਰੀ, 04 ਜਨਵਰੀ 2025 : ਐਮਐਸਪੀ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਪਿਛਲੇ 40 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੱਦੇ ਤਹਿਤ ਰੱਖੀ ਮਹਾਪੰਚਾਇਤ ‘ਚ ਅੱਜ ਕਿਸਾਨ ਵੱਡੀ ਗਿਣਤੀ ‘ਚ ਸ਼ਾਮਿਲ ਹੋਏ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੂੰ ਸਟੇਜ ਤੇ ਇੱਕ ਸਟਰੈਚਰ ਤੇ ਲਿਆਂਦਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਲਈ ਬਣਾਏ ਇੱਕ ਕੈਬਿਨ ਵਿੱਚ ਬਿਠਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਮਹਾਪੰਚਾਇਤ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਕਿਸਾਨਾਂ ਨੂੰ ਮਿਲਣ ਦੀ ਬਹੁਤ ਇੱਛਾੲ ਸੀ, ਜਿਸ ਨੂੰ ਤੁਸੀਂ ਅੱਜ ਪੂਰਾ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਲੜ੍ਹਾਈ ਉਹ ਨਹੀਂ ਸਗੋਂ ਤੁਸੀਂ ਲੋਕ ਲੜ੍ਹ ਰਹੇ ਹੋ। ਉਨ੍ਹਾਂ ਕਿਹਾ ਕਿ ਸਰਕਾਰਾਂ ਜਿੰਨ੍ਹਾਂ ਮਰਜੀ ਜ਼ੋਰ ਲਗਾ ਲੈਣ ਅਸੀਂ ਇਹ ਮੋਰਚਾ ਜਿੱਤਾਂਗੇ ਜਰੂਰ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਜਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣਾ ਮੋਰਚਾ ਸੰਭਾਲਿਆ। ਉਨ੍ਹਾਂ ਕਿਹਾ ਕਿ ਹਰ ਲੜ੍ਹਾਈ ਲੜਨ ਲਈ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਂਦਾ ਹੈ, ਜੇਕਰ ਅਸੀਂ ਇਹ ਸੋਚਦੇ ਰਹੀਏ ਕਿ ਕੰਮ ਔਖਾ ਹੈ ਤਾਂ ਸਾਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੱਤ ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ, ਇਹ ਰਿਪੋਰਟ ਸੁਪਰੀਮ ਕੋਰਟ ਵਿੱਚ ਵੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਸਬੰਧੀ ਸੁਪਰੀਮ ਕੋਰਟ ਵੱਲੋਂ ਜੋ ਚਿੰਤਾ ਜਾਹਰ ਕੀਤੀ ਜਾ ਰਹੀ ਹੈ, ਉਹ ਉਸ ਲਈ ਧੰਨਵਾਦੀ ਹਨ, ਪਰ ਜੋ ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਉਨ੍ਹਾਂ ਦਾ ਕੀ ਕਸੂਰ ਹੈ। ਪੰਜਾਬ ਤਿੰਨ ਕਾਨੂੰਨ ਵਾਪਸ ਲੈ ਕੇ ਵਾਪਸ ਆ ਗਿਆ ਹੈ। ਤਾਂ ਅਸੀਂ ਜਵਾਬ ਦਿੱਤਾ ਕਿ ਅਸੀਂ ਕਿਸੇ ਨਾਲ ਧੋਖਾ ਨਹੀਂ ਕੀਤਾ। ਮੈਂ ਸਾਰੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਲਈ ਚਿੰਤਾ ਪੈਦਾ ਕਰੋ। ਇਸ ਨਾਲ ਸਰਕਾਰ ਨੂੰ ਪਤਾ ਲੱਗੇਗਾ ਕਿ ਇਹ ਅੰਦੋਲਨ ਸਿਰਫ਼ ਪੰਜਾਬ ਦਾ ਨਹੀਂ ਹੈ। ਡੱਲੇਵਾਲ ਨੇ ਲੋਕਾਂ ਨੂੰ ਕਿਹਾ ਕਿ ਹਰ ਪਿੰਡ ਵਿੱਚੋਂ ਘੱਟੋ-ਘੱਟ ਇੱਕ ਟਰਾਲੀ ਲਹਿਰ ਵਿੱਚ ਪੁੱਜਣੀ ਚਾਹੀਦੀ ਹੈ।