ਉੱਤਰੀ ਜ਼ੋਨ ਵਿੱਚ ਸੂਬੇ ਨੇ ਹਾਸਲ ਕੀਤਾ ਪਹਿਲਾ ਸਥਾਨ, ਮੂਣਕ, ਨਵਾਂਸ਼ਹਿਰ ਅਤੇ ਗੋਬਿੰਦਗੜ ਸਵੱਛ ਸ਼ਹਿਰਾਂ ਵਜੋਂ ਮੋਹਰੀ
ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਦਿੱਤੇ ਜਾਂਦੇ ਸਵੱਛਤਾ ਸਰਵੇਖਣ -2022, ਪੁਰਸਕਾਰਾਂ ਵਿੱਚ ਪੰਜਾਬ ਨੇ 5ਵਾਂ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਦੇ ਉਹਨਾਂ ਸਾਰੇ ਰਾਜ ਭਾਗ ਲੈਂਦੇ ਹਨ, ਜਿਨਾਂ ਦੀਆਂ 100 ਤੋਂ ਵੱਧ ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀ) ਹਨ। ਮੰਤਰੀ ਨੇ ਕਿਹਾ ਕਿ ਉੱਤਰੀ ਜੋਨ ਵਿੱਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਕਿ ਪੰਜਾਬ ਰਾਜ ਲਈ ਮਾਣ ਵਾਲੀ ਗੱਲ ਹੈ ਅਤੇ ਬਾਕੀ ਸ਼ਹਿਰੀ ਸਥਾਨਕ ਇਕਾਈਆਂ(ਯੂਐਲਬੀ) ਲਈ ਇੱਕ ਪ੍ਰੇਰਨਾ ਹੈ। ਉਨਾਂ ਇਸ ਪ੍ਰਾਪਤੀ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਬੰਧਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਨਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਪੰਜਾਬ 7ਵੇਂ ਸਥਾਨ ‘ਤੇ ਸੀ ਅਤੇ ਇਸ ਸਾਲ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ।ਉਨਾਂ ਅੱਗੇ ਦੱਸਿਆ ਕਿ ਸਵੱਛਤਾ ਸਰਵੇਖਣ ਦੌਰਾਨ ਪੰਜਾਬ ਨੇ ਦੇਸ਼ ਭਰ ਚੋਂ 2935 ਅੰਕ ਹਾਸਲ ਕੀਤੇ ਹਨ। ਉਨਾਂ ਕਿਹਾ ਕਿ ਸਹਿਰ ਦੀ ਆਬਾਦੀ ਦੇ ਹਿਸਾਬ ਨਾਲ ਮੂਨਕ, ਨਵਾਂਸ਼ਹਿਰ ਅਤੇ ਗੋਬਿੰਦਗੜ ਨੇ ਸਾਫ ਸੁਥਰੇ ਸਹਿਰਾਂ ਵਜੋਂ ਪਹਿਲਾ ਦਰਜਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਘੱਗਾ, ਬਰੇਟਾ, ਭੀਖੀ, ਦਸੂਹਾ, ਕੁਰਾਲੀ, ਨੰਗਲ ਅਤੇ ਫਾਜ਼ਿਲਕਾ ਨੂੰ ਵੀ ਸਵੱਛਤਾ ਸਰਵੇਖਣ ਸਮਾਰੋਹ ਵਿੱਚ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਸ਼ਨੀਵਾਰ ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ ਸਵੱਛਤਾ ਸਰਵੇਖਣ 2022 ਦੇ ਆਧਾਰ ‘ਤੇ ਇੱਕ ਪੁਰਸਕਾਰ ਸਮਾਰੋਹ ਕਰਵਾਇਆ ਗਿਆ ਸੀ।ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਯਤਨਸ਼ੀਲ ਹੈ .। ਜਿਸਦੇ ਸਿੱਟੇ ਵਜੋਂ, ਸੂਬੇ ਨ,ੇ ਪੰਜਾਬ ਸਰਕਾਰ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਵੱਲੋਂ ਕਰਵਾਏ ਸਫਾਈ ਸਰਵੇਖਣ ਵਿੱਚ ਇੱਕ ਪੁਰਸਕਾਰ ਜਿੱਤਿਆ ਹੈ। ਮੰਤਰੀ ਨੇ ਹੋਰ ਸ਼ਹਿਰੀ ਸਥਾਨਕ ਇਕਾਈਆਂ (ਯੂ.ਐਲ.ਬੀ.) ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪੁਰਸਕਾਰ ਹਾਸਲ ਕਰਨ ਵਾਲੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਪ੍ਰੇਰਣਾ ਲੈਣ । ਇਸ ਤੋਂ ਇਲਾਵਾ ਉਨਾਂ ਨੇ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਆਲਾ-ਦੁਆਲਾ ਸਾਫ ਰੱਖਣ ਵਿੱਚ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਸਫਾਈ ਸਰਵੇਖਣ ਵਿੱਚ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਲਿਆਉਣ ਵਿੱਚ ਮਦਦ ਕੀਤੀ ਜਾ ਸਕੇ।