ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਗੁਰੂ ਹਰਿਕ੍ਰਿਸ਼ਨ ਆਈ ਟੀ ਆਈ ਫਾਜਿਲਕਾ ਵਿਖੇ ਕੀਤਾ ਜਾਗਰੂਕਤਾ ਸਮਾਗਮ

ਫਾਜਿਲਕਾ 4 ਅਪ੍ਰੈਲ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਲ੍ਹਾ ਫਾਜਿਲਕਾ ਵਿੱਚ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਸਫਲਤਾ ਪੂਰਵਕ ਚੱਲ ਰਹੀ ਹੈ। ਇਸ ਮੁਹਿੰਮ ਦੌਰਾਨ ਸਕੂਲਾਂ ਕਾਲਜਾਂ, ਜਨਤਕ ਥਾਵਾਂ ਅਤੇ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਉਣ ਲਈ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਗੁਰੂ ਹਰਕ੍ਰਿਸ਼ਨ ਆਈ.ਟੀ.ਆਈ. ਫਾਜਿਲਕਾ ਵਿਖੇ ਡਾ ਪਿਕਾਕਸ਼ੀ ਅਰੋੜਾ ਮਾਨਸਿਕ ਰੋਗਾਂ ਦੇ ਮਾਹਿਰ ਦੀ ਪ੍ਰਧਾਨਗੀ ਵਿੱਚ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਸੁਰਿੰਦਰ ਕੁਮਾਰ ਕੌਂਸਲਰ ਮੌਜੂਦ ਸਨ। ਡਾ ਪਿਕਾਕਸ਼ੀ ਅਰੋੜਾ ਨੇ ਸਿਖਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਕੀ ਬਿਮਾਰੀਆਂ ਦੀ ਤਰ੍ਹਾਂ ਨਸ਼ਾ ਵੀ ਇੱਕ ਮਾਨਸਿਕ ਬਿਮਾਰੀ ਹੈ। ਜਾਗਰੂਕਤਾ ਨਾਲ ਹੀ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਬੱਚਿਆਂ ਨੂੰ ਨਸ਼ਾ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਤੋ ਦੂਰ ਰਹਿਣ ਲਈ ਕਿਹਾ ਅਤੇ ਇਨ੍ਹਾਂ ਲੋਕਾਂ ਦੀ ਜਾਣਕਾਰੀ ਪੁਲਿਸ ਵਿਭਾਗ ਨੂੰ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਨਸ਼ਿਆਂ ਦੇ ਸਿਹਤ ਤੇ ਬੁਰੇ ਪ੍ਰਭਾਵਾਂ ਸਬੰਧੀ ਵਿਸਥਾਰ ਨਾਲ ਦੱਸਿਆ। ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਹਰ ਰੋਜ਼ ਬੱਚਿਆਂ ਦੇ ਪਖਾਨੇ ਚੈੱਕ ਕੀਤੇ ਜਾਣ। ਬੱਚਿਆਂ ਦੀ ਮਾਨਸਿਕ ਸਥਿਤੀ ਅਤੇ ਵਿਵਹਾਰ ਨੂੰ ਵਾਚਿਆ ਜਾਵੇ। ਬੱਚਿਆਂ ਵਿੱਚ ਨਸ਼ਿਆਂ ਦੀ ਅਲਾਮਤਾਂ ਅਤੇ ਮਾਨਿਸਕ ਸਿਹਤ ਦਾ ਧਿਆਨ ਰੱਖਿਆ ਜਾਵੇ। ਵਿਨੋਦ ਖੁਰਾਣਾ, ਦਿਵੇਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਜਾਂ ਬੱਚਾ ਨਸ਼ੇ ਦਾ ਆਦੀ ਹੋ ਚੁੱਕਾ ਹੈ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਉਣ ਤੱਕ ਮਦਦ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਾਜਿਲਕਾ ਵਿੱਚ 2 ਸਰਕਾਰੀ ਨਸ਼ਾ ਛੁਡਾਊ ਕੇਂਦਰ, ਇੱਕ ਪੁਨਰਵਾਸ ਕੇਂਦਰ ਅਤੇ 9 ਓਟ ਸੈਂਟਰ ਬਨਾਏ ਹੋਏ ਹਨ, ਜਿਥੇ ਨਸ਼ੇ ਦੇ ਆਦੀ ਮਰੀਜਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਸਮੇਂ ਸ੍ਰੀ ਰਾਕੇਸ਼ ਭੂਸਰੀ ਪ੍ਰਿੰਸੀਪਲ ਵੱਲੋਂ ਜੀ ਆਇਆ ਕਿਹਾ ਗਿਆ ਅਤੇ ਬੱਚਿਆਂ ਨੂੰ ਅੱਜ ਦਾ ਸੰਦੇਸ਼ ਅੱਗੇ ਸਮਾਜ ਵਿੱਚ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਸਕੂਲ ਅਧਿਆਪਿਕ ਅਤੇ ਬੱਚੇ ਹਾਜ਼ਰ ਸਨ।