ਨਵੀਂ ਦਿੱਲੀ : ਕਾਸਰਗੋਡ ਸਥਿਤ ਸ਼੍ਰੀ ਅਨੰਤਪਦਮਨਾਭ ਸਵਾਮੀ ਮੰਦਰ ਦੇ ਸ਼ਾਕਾਹਾਰੀ ਮਗਰਮੱਛ ਬਾਬੀਆ ਦੀ ਐਤਵਾਰ ਰਾਤ ਮੌਤ ਹੋ ਗਈ। ਇਹ ਮਗਰਮੱਛ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਸੀ ਅਤੇ ਖਾਣੇ ਵਿੱਚ ਸਿਰਫ਼ ਪ੍ਰਸ਼ਾਦ ਹੀ ਖਾਂਦਾ ਸੀ। ਇੱਥੋਂ ਤੱਕ ਕਿ ਉਸਨੇ ਕਦੇ ਝੀਲ ਵਿੱਚ ਕਿਸੇ ਮੱਛੀ ਜਾਂ ਕਿਸੇ ਹੋਰ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ। ਇਸ ਮਗਰਮੱਛ ਨੂੰ ਮੰਦਰ ਦਾ ਰਖਵਾਲਾ ਵੀ ਮੰਨਿਆ ਜਾਂਦਾ ਸੀ। ਮੰਦਰ ਦੇ ਅਧਿਕਾਰੀਆਂ ਮੁਤਾਬਕ ਬਾਬੀਆ ਮਗਰਮੱਛ ਸ਼ਨੀਵਾਰ ਤੋਂ ਲਾਪਤਾ ਸੀ ਅਤੇ ਐਤਵਾਰ ਰਾਤ ਕਰੀਬ 11:30 ਵਜੇ ਬਾਬੀਆ ਦੀ ਲਾਸ਼ ਝੀਲ 'ਤੇ ਤੈਰਦੀ ਹੋਈ ਮਿਲੀ। ਇਸ ਦੀ ਸੂਚਨਾ ਪੁਲੀਸ ਅਤੇ ਪਸ਼ੂ ਪਾਲਣ ਵਿਭਾਗ ਨੂੰ ਦੇ ਦਿੱਤੀ ਗਈ ਹੈ। ਮਗਰਮੱਛ ਦੇ ਅੰਤਿਮ ਦਰਸ਼ਨਾਂ ਲਈ ਸੋਮਵਾਰ ਨੂੰ ਸਿਆਸਤਦਾਨਾਂ ਸਮੇਤ ਸੈਂਕੜੇ ਲੋਕ ਇਕੱਠੇ ਹੋਏ। ਬਾਬੀਆ ਦੀ ਮ੍ਰਿਤਕ ਦੇਹ ਨੂੰ ਝੀਲ ਤੋਂ ਬਾਹਰ ਕੱਢ ਕੇ ਸ਼ਰਧਾਂਜਲੀ ਲਈ ਰੱਖਿਆ ਗਿਆ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਬਾਬੀਆ ਮਗਰਮੱਛ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਮੀਦ ਹੈ ਕਿ 70 ਸਾਲਾਂ ਤੋਂ ਵੱਧ ਸਮੇਂ ਤੋਂ ਮੰਦਰ ਦੀ ਰਾਖੀ ਕਰ ਰਹੇ ਬਾਬੀਆ ਮਗਰਮੱਛ ਨੂੰ ਮੁਕਤੀ ਮਿਲ ਸਕਦੀ ਹੈ। ਵਿਛੜਿਆ ਮਗਰਮੱਛ ਚੌਲਾਂ ਅਤੇ ਗੁੜ ਦੀਆਂ ਭੇਟਾਂ ਖਾਣ ਅਤੇ ਮੰਦਰ ਦੀ ਰਾਖੀ ਕਰਨ ਤੋਂ ਬਾਅਦ 70 ਸਾਲ ਤੋਂ ਵੱਧ ਸਮੇਂ ਤੱਕ ਮੰਦਰ ਦੀ ਝੀਲ ਵਿੱਚ ਰਿਹਾ। ਉਹ ਮੁਕਤੀ ਪ੍ਰਾਪਤ ਕਰੇ, ਓਮ ਸ਼ਾਂਤੀ! ਇਸ ਦੇ ਨਾਲ ਹੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ ਸੁਰੇਂਦਰਨ ਨੇ ਵੀ ਫੇਸਬੁੱਕ ਪੋਸਟ 'ਚ ਮਗਰਮੱਛ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, ''ਬਾਬੀਆ ਚਲਾ ਗਿਆ ਹੈ, ਲੱਖਾਂ ਸ਼ਰਧਾਲੂ ਇਸ ਨੂੰ ਭਗਵਾਨ ਦੀ ਮੂਰਤ ਦੇ ਰੂਪ 'ਚ ਦੇਖਣ ਆਏ ਸਨ। ਕੇਰਲ ਦੇ ਮਸ਼ਹੂਰ ਅਨੰਤਪੁਰਾ ਝੀਲ ਮੰਦਰ ਦੀ ਰਾਖੀ ਕਰਨ ਵਾਲਾ ਬਾਬੀਆ ਮਗਰਮੱਛ ਪੂਰੀ ਤਰ੍ਹਾਂ ਸ਼ਾਕਾਹਾਰੀ ਸੀ। ਉਹ ਕੇਵਲ ਚੌਲਾਂ ਅਤੇ ਗੁੜ ਤੋਂ ਬਣਿਆ ਮੰਦਰ ਦਾ ਪ੍ਰਸ਼ਾਦ ਹੀ ਖਾਂਦੇ ਸਨ ਅਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਸਨ। ਮੰਨਿਆ ਜਾਂਦਾ ਸੀ ਕਿ ਕਰੀਬ 70 ਸਾਲਾਂ ਤੋਂ ਬਾਬੀਆ ਮਗਰਮੱਛ ਦਿਨ-ਰਾਤ ਮੰਦਰ ਦੀ ਰਾਖੀ ਕਰਦਾ ਸੀ। ਉਹ ਮੰਦਰ ਦੇ ਕੋਲ ਨਦੀ ਵਿੱਚ ਰਹਿੰਦਾ ਸੀ। ਦੱਸ ਦਈਏ ਕਿ ਬਾਬਿਆ ਦੇ ਦਰਸ਼ਨਾਂ ਲਈ ਇਸ ਮੰਦਰ 'ਚ ਹਜ਼ਾਰਾਂ ਸੈਲਾਨੀ ਅਤੇ ਸ਼ਰਧਾਲੂ ਆਉਂਦੇ ਸਨ।