ਬਠਿੰਡਾ, 9 ਜਨਵਰੀ 2025 : ਰਾਮਪੁਰਾ ਫੂਲ ਦੇ ਪਿੰਡ ਬਦਿਆਲਾ ‘ਚ ਪਿਛਲੇ ਦਿਨੀਂ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਨੇ ਮ੍ਰਿਤਕ ਕਿਆਸ ਸਿੰਘ ਦੇ ਸਕੇ ਭਰਾ ਨੂੰ ਕਤਲ ਦੇ ਦੋਸ਼ਾਂ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਅੱਜ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜੋ ਪਿਛਲੇ ਦਿਨੀਂ ਪਿੰਡ ਬਦਿਆਲਾ ਵਿੱਚ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀ, ਤੇ ਉਨ੍ਹਾਂ ਦੀ ਧੀ ਕਿਰਨਦੀਪ ਕੌਰ ਵੱਲੋਂ ਦਿੱਤੀ ਸ਼ਿਕਾਇਤ ਤੇ ਪੁਲਿਸ ਨੇ ਜਾਂਚ ਪੜਤਾਲ ਕਰਦਿਆਂ ਮ੍ਰਿਤਕ ਕਿਆਸ ਸਿੰਘ ਦੇ ਕਤਲ ਦੇ ਦੋਸ਼ਾਂ ਵਿੱਚ ਭਰਾ ਬਿਕਰਮ ਸਿੰਘ ਉਰਫ ਬਿੱਕਰ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ’ਚ ਇਹ ਵੀ ਤੱਥ ਉੱਭਰੇ ਹਨ ਕਿ ਜਮੀਨ ਦੇ ਝਗੜੇ ਤੋਂ ਇਲਾਵਾ ਮ੍ਰਿਤਕ ਨਾਲ ਕਥਿਤ ਕਾਤਲ ਦੇ ਹੋਰ ਵੀ ਕਈ ਵਿਵਾਦ ਸਨ ਜੋ ਇਸ ਕਤਲ ਦਾ ਕਾਰਨ ਬਣੇ ਹਨ। ਵਾਰਦਾਤ ਵਾਲੇ ਦਿਨ ਬਿਕਰਮ ਸਿੰਘ ਆਪਣੇ ਭਰਾ ਦੇ ਘਰ ਪੁੱਜਾ ਤਾਂ ਪਤਾ ਲੱਗਿਆ ਕਿ ਉਸ ਦਾ ਭਰਾ ਦੁੱਧ ਲੈਣ ਗਿਆ ਹੋਇਆ ਹੈ। ਉਸ ਦੀ ਗੈਰਹਾਜ਼ਰੀ ਦਾ ਫਾਇਦਾ ਲੈਂਦਿਆਂ ਮੁਲਜਮ ਨੇ ਆਪਣੀ ਭਰਜਾਈ ਅਮਰਜੀਤ ਕੌਰ ਦੀ ਹੱਤਿਆ ਕਰ ਦਿੱਤੀ ਅਤੇ ਘਰ ਵਿੱਚ ਹੀ ਲੁਕਕੇ ਬੈਠ ਗਿਆ। ਇਸੇ ਦੌਰਾਨ ਜਦੋਂ ਕਿਆਸ ਸਿੰਘ ਘਰ ਵਾਪਿਸ ਆਇਆ ਤੇ ਦੁੱਧ ਰੱਖਣ ਲਈ ਰਸੋਈ ’ਚ ਪੁੱਜਿਆ ਤਾਂ ਮੁਲਜਮ ਨੇ ਕਿਆਸ ਸਿੰਘ ਦੇ ਸਿਰ ਤੇ ਵਾਰ ਕਰ ਦਿੱਤੇ । ਆਪਣੇ ਤੇ ਇਸ ਤਰਾਂ ਅਚਾਨਕ ਹੋਏ ਹਮਲੇ ਦੇ ਸਿੱਟੇ ਵਜੋਂ ਕਿਆਸ ਸਿੰਘ ਬੇਹੋਸ਼ ਹੋਕੇ ਡਿੱਗ ਪਿਆ। ਇਸ ਦੌਰਾਨ ਮ੍ਰਿਤਕ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮ ਨੇ ਉਸ ਦਾ ਹੱਥ ਵੱਢ ਦਿੱਤਾ ਅਤੇ ਉਦੋਂ ਤੱਕ ਵਾਰ ਕਰਦਾ ਰਿਹਾ ਜਦੋਂ ਤੱਕ ਕਿਆਸ ਸਿੰਘ ਦੀ ਮੌਤ ਨਹੀਂ ਹੋ ਗਈ। ਦੋ ਕਤਲਾਂ ਤੋਂ ਬਾਅਦ ਬਿਕਰਮ ਸਿੰਘ ਆਪਣੇ ਘਰ ਚਲਾ ਗਿਆ ਅਤੇ ਵਾਰਦਾਤ ਲਈ ਵਰਤਿਆ ਦਾਹ ਲੁਕਾਉਣ ਤੋਂ ਬਾਅਦ ਆਪਣੇ ਕੱਪੜੇ ਬਦਲ ਲਏ। ਐਸਐਸਪੀ ਨੇ ਦੱਸਿਆ ਕਿ ਕਤਲ ਦੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਡੀਐਸਪੀ ਫੂਲ ਪ੍ਰਦੀਪ ਸਿੰਘ ਅਤੇ ਡੀਐਸਪੀ (ਡੀਟੈਕਟਿਵ) ਬਠਿੰਡਾ ਮਨਜੀਤ ਸਿੰਘ ਅਗਵਾਈ ਹੇਠ ਥਾਣਾ ਸਦਰ ਰਾਮਪੁਰਾ, ਸੀਆਈਏ ਸਟਾਫ਼ -ਵਨ ਅਤੇ ਸੀਆਈਏ ਸਟਾਫ਼ -ਟੂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਹਨਾਂ ਦੱਸਿਆ ਕਿ ਥਾਣਾ ਸਦਰ ਰਾਮਪੁਰਾ ਦੀ ਟੀਮ ਨੇ ਇੱਕ ਭਰੋਸੇਯੋਗ ਸੂਚਨਾ ਦੇ ਅਧਾਰ ਤੇ ਪਿੰਡ ਬਦਿਆਲਾ ਤੋਂ ਬਿਕਰਮ ਸਿੰਘ ਉਰਫ ਬਿੱਕਰ ਪੁੱਤਰ ਕਰਨੈਲ ਸਿੰਘ ਕਾਬੂ ਕਰਨ ’ਚ ਸਫਲਤਾ ਹਾਸਲ ਕਰ ਲਈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੇ ਅਧਾਰ ਤੇ ਮੁਲਜਮ ਦੇ ਘਰ ਵਿੱਚ ਬੰਦ ਪਈ ਫਲੱਸ਼ ’ਚ ਪਈਆਂ ਇੱਟਾਂ ਵਿੱਚੋਂ ਵਾਰਦਾਤ ਲਈ ਵਰਤਿਆ ਲੋਹੇ ਦਾ ਦਾਹ ਬਰਾਮਦ ਕਰ ਲਿਆ ਹੈ।